

ਲਿਆ ਤੇ, ਤੇਜ਼ੀ ਨਾਲ ਉਸ ਦੇ ਵਿਚ ਲੰਘ ਗਈ, ਜਿਸ ਨੇ ਉਸ ਦੇ ਹਰੇਕ ਅਣੂ ਨੂੰ ਧੋ ਦਿੱਤਾ। ਉਸ ਦੇ ਦਿਲ ਦੀਆਂ ਧੜਕਣਾਂ ਤੇ ਉਸ ਦੇ ਮਨ ਨਾਲ ਇਕਮਿਕ ਹੋ ਕੇ, ਉਸ ਰੌਸ਼ਨੀ ਨੇ ਆਪਣੀ ਕਾਇਆ-ਕਲਪ ਕਰਨ ਦੀ ਸਪੱਸ਼ਟਤਾ ਤੇ ਸਵੱਛਤਾ ਵੀ ਉਸ ਨੂੰ ਬਖ਼ਸ਼ ਦਿੱਤੀ।
ਇਸ ਤੋਂ ਮਗਰੋਂ, ਨਿਕੋਡਮਸ ਕੰਬਦਾ ਹੋਇਆ ਤੇਜ਼ੀ ਨਾਲ ਉੱਠ ਖੜ੍ਹਾ ਹੋਇਆ ਤੇ ਆਪਣੀਆਂ ਜੋਤਵਾਨ ਤੇ ਖੁੱਲ੍ਹੀਆਂ ਅੱਖਾਂ ਵਾਪਸ ਪ੍ਰਾਪਤ ਕਰਕੇ ਉਹ ਪਰਮਾਤਮਾ ਨੂੰ ਸੰਬੋਧਿਤ ਹੋ ਕੇ ਉੱਚੀ ਆਵਾਜ਼ 'ਚ ਬੋਲਿਆ-
"ਮੇਰਿਆ ਸੱਚਿਆ-ਪਾਤਸ਼ਾਹ। ਤੁਹਾਡੇ ਬਿਨਾਂ ਮੈਂ ਕੱਖ ਵੀ ਨਹੀਂ ਹਾਂ । ਤੁਸੀਂ ਹੀ ਮੇਰੀ ਸਮੁੱਚੀ ਹੋਂਦ ਹੈ।
"ਮੈਂ ਇਕ ਬੁਝਿਆ ਦੀਵਾ, ਮੈਂ ਤੁਹਾਨੂੰ ਆਪਣਾ ਆਪਾ ਸਮਰਪਿਤ ਕਰਦਾ ਹਾਂ। ਤੇ ਤੁਸੀਂ ਆਪਣੀ ਸਵੱਲੀ ਨਜ਼ਰ ਨਾਲ ਮੈਨੂੰ ਮੁੜ-ਸੁਰਜੀਤ ਕਰਦੇ ਹੋ।"
ਏਦਾਂ ਲੱਗਦਾ ਸੀ ਜਿਵੇਂ ਉਹ ਦੋਵੇਂ ਮਨੁੱਖ ਅਨੰਤ ਕਾਲ ਤੋਂ ਏਦਾਂ ਖੜੇ ਹੋਏ ਸਨ, ਇਨ੍ਹਾਂ ਸ਼ਬਦਾਂ ਨੂੰ ਖਲਾਅ ਵਿਚਕਾਰ ਉਦੋਂ ਤੱਕ ਕੰਬਣ ਦਿੰਦੇ ਹੋਏ, ਜਦੋਂ ਤੱਕ ਕਿ ਇਨ੍ਹਾਂ ਸ਼ਬਦਾਂ ਦੀਆਂ ਗੂੰਜਾਂ ਉਨ੍ਹਾਂ ਦੇ ਚੱਲਣ-ਸਥਾਨ ਦੀ ਮੌਨਤਾ ਤੱਕ ਨਹੀਂ ਮੁੜੀਆਂ ਸਨ।
ਤੇ ਉਨ੍ਹਾਂ ਸੂਖਮ ਤੇ ਤੀਬਰ ਕੰਬਣੀਆਂ ਦੀ ਛੋਹ ਮਾਣਦੇ ਹੋਏ, ਦੋਵੇਂ ਆਦਮੀਆਂ ਦੇ ਦਿਲ ਖ਼ੁਸ਼ੀ ਨਾਲ ਉਛਾਲੇ ਮਾਰ ਰਹੇ ਸਨ।
ਪ੍ਰਸੰਨਤਾ ਨਾਲ ਭਰਿਆ ਹੋਇਆ ਅਲਮੁਸਤਫ਼ਾ ਨਿਕੋਡਮਸ ਵੱਲ ਨੂੰ ਮੁੜਿਆ ਤੇ ਉਸ ਨੂੰ ਆਪਣੇ ਕਲਾਵੇ ਵਿਚ ਲੈ ਲਿਆ। ਉਸ ਬੁੱਢੇ ਨਿਕੋਡਮਸ ਦੀਆਂ ਅੱਖਾਂ 'ਚ ਹੰਝੂ ਵੇਖਦਿਆਂ ਹੋਇਆਂ, ਅਲਮੁਸਤਫ਼ਾ ਨੇ ਉਸ ਨੂੰ ਆਖਿਆ-
"ਜੀ ਆਇਆਂ ਨੂੰ, ਨਿਕੋਡਮਸ। ਜ਼ਿੰਦਗੀ ਦੇ ਬਗੀਚੇ 'ਚ ਤੇਰਾ ਸੁਆਗਤ ਹੈ। ਤੇ ਉਸ ਪ੍ਰਿਤਪਾਲਕ ਦੇ ਗੁਣ ਗਾ। ਕਿਉਂ ਕਿ ਇਹ ਸਿਰਫ਼ ਉਸ ਦਾ ਉੱਜਲ ਪਿਆਰ ਹੀ ਸੀ, ਜਿਸ ਨੇ ਆਪਣੇ ਆਪ ਨੂੰ ਇਸ ਤੇਜਵਾਨ ਰੌਸ਼ਨੀ 'ਚ ਸਾਕਾਰ ਕੀਤਾ।
"ਯਕੀਨਨ ਇਹ 'ਉਸ ਦਾ' ਪਿਆਰ ਹੀ ਹੈ, ਜਿਸ ਨੇ ਅਸੀਮ ਬ੍ਰਹਿਮੰਡਾਂ ਦੇ ਖਿੱਲਰੇ ਤਾਰਿਆਂ ਵਰਗੇ ਖਲਾਵਾਂ ਵਿਚਕਾਰ ਆਪਣਾ ਰਸਤਾ ਬਣਾਇਆ ਤੇ ਚਾਈਂ-ਚਾਈਂ, ਅਥਾਹ ਲਾਡ-ਪਿਆਰ ਨਾਲ, ਇਕ ਹਨੇਰਮਈ ਕ੍ਰਿਤ ਨੂੰ ਇਕ ਚਾਨਣ-ਮੁਨਾਰੇ ਵਿਚ ਬਦਲਿਆ।"
ਨਿਕੋਡਮਸ ਖ਼ੁਸ਼ੀ ਨਾਲ ਚੀਖ਼ ਉੱਠਿਆ। ਤੇ ਆਪਣੀਆਂ ਨਮ ਅੱਖਾਂ ਦੇ ਬਾਵਜੂਦ ਉਸ ਨੇ ਅਲਮੁਸਤਫ਼ਾ ਦੇ ਪਿਆਰੇ ਚਿਹਰੇ ਦਾ ਤੇਜ ਵੇਖ ਲਿਆ, ਕਿਉਂ ਕਿ ਉਸ ਦਾ ਹਿਰਦਾ ਪਿਆਰ ਨਾਲ ਭਰਿਆ ਹੋਇਆ ਸੀ ਤੇ ਉਸ ਦੀਆਂ ਅੱਖਾਂ ਜੋਤ ਨਾਲ।
ਫੇਰ ਅਲਮੁਸਤਫ਼ਾ ਬੋਲਿਆ-
"ਤੇ ਹੁਣ, ਮੇਰੇ ਵੀਰ, ਆ ਆਪਾਂ ਇਕੱਠੇ ਹੋ ਕੇ ਇਸ ਕਾਲ-ਕੋਠੜੀ ਦੀ ਚਾਰਦੀਵਾਰੀ ਦੇ ਪੱਥਰਾਂ ਨੂੰ ਪੁਕਾਰੀਏ, ਤੇ ਆ ਆਪਾਂ ਉਨ੍ਹਾਂ ਨੂੰ ਸਜੀਵ ਕਰਨ ਦੇ ਗੀਤ ਗਾਈਏ, ਤਾਂ ਕਿ ਅਸੀਂ ਇਸ ਕਾਲ-ਕੋਠੜੀ 'ਚੋਂ ਨਿਕਲ ਸਕੀਏ।"
ਨਿਕੋਡਮਸ ਅਲਮੁਸਤਫ਼ਾ ਵੱਲ ਪਹਿਲਾਂ ਤੋਂ ਵੱਧ ਆਦਰ ਤੇ ਅਚੰਭੇ ਨਾਲ ਝਾਕਿਆ, ਤੇ ਬੋਲਿਆ -