

"ਇਸ ਲਈ ਪਰਮਾਤਮਾ ਨੇ ਇਹ ਸਾਡੇ ਸਭਨਾਂ 'ਤੇ ਛੱਡ ਦਿੱਤਾ ਹੈ ਕਿ ਅਸੀਂ 'ਉਸਦਾ ਪਿਆਰ ਕਿਵੇਂ ਮੋੜਦੇ ਹਾਂ।
"ਮੇਰੇ ਡਰਾਵੋ, ਮੈਂ ਆਰੰਭ ਤੋਂ ਇਹੀ ਆਖਿਆ ਹੈ ਤੇ ਹੁਣ ਵੀ ਇਹੀ ਆਖ ਰਿਹਾਂ। ਇਸ ਲਈ, ਮੇਰੇ ਸ਼ਬਦਾਂ ਨਾਲ ਉਲਝਣ 'ਚ ਨਾ ਪਵੋ। ਚੰਗਾ ਇਹੀ ਹੋਵੇਗਾ ਕਿ ਤੁਸੀਂ ਉਸ ਪਰਮਾਤਮਾ ਦੇ ਪਿਆਰ ਨਾਲ ਤਰੋਤਾਜ਼ਾ ਹੋਵੇ।
"ਕਿਉਂ ਕਿ ਤੁਹਾਡੇ 'ਚੋਂ ਜਿਹੜੇ ਲੋਕ ਸਿਰਫ਼ ਮੇਰੇ ਗੀਤ ਦੇ ਬੋਲਾਂ ਨੂੰ ਸਣਦੇ ਨੇ, ਤੇ ਇਸ ਵਿਚਲੇ ਪਿਆਰ ਬਾਰੇ ਕੁਝ ਵੀ ਮਹਿਸੂਸ ਨਹੀਂ ਕਰਦੇ ਨੇ, ਉਹ ਉਨ੍ਹਾਂ ਵਰਗੇ ਨੇ, ਜਿਹੜੇ ਆਪਣੇ ਆਲੇ-ਦੁਆਲੇ ਸਿਰਫ਼ ਮੀਂਹ-ਝੱਖੜ ਦੇ ਸ਼ੋਰ ਨੂੰ ਸੁਣਦੇ ਨੇ, ਜਦ ਕਿ ਉਸ ਪਿਆਰ ਤੋਂ ਪੂਰੀ ਤਰ੍ਹਾਂ ਅਣਭਿੱਜ ਰਹਿੰਦੇ ਨੇ, ਜਿਸ ਪਿਆਰ ਨਾਲ ਉਹ ਝੱਖੜ ਧਰਤੀ ਨੂੰ ਨਵਾਉਂਦਾ ਹੈ।"
ਹਾਫ਼ਿਜ਼ ਨੇ ਉਸ ਨੂੰ ਟੋਕਦਿਆਂ ਆਖਿਆ-
"ਚੁਪ ਕਰ, ਅਲਮੁਸਤਫ਼ਾ! ਤੂੰ ਸਾਨੂੰ ਕਵਿਤਾਵਾਂ ਸੁਣਾ ਰਿਹੈਂ । ਕੀ ਤੂੰ ਸਾਡਾ ਗੁੱਸਾ ਦੇਖਣਾ ਚਾਹੁੰਨੈਂ ?"
ਅਲਮੁਸਤਫ਼ਾ ਜੁਆਬ ਦੇਣ ਲਈ ਉਸ ਵੱਲ ਮੁੜਿਆ-
"ਨਹੀਂ ਭਰਾਵੋ, ਮੈਂ ਨਹੀਂ ਚਾਹੁੰਦਾ ਕਿ ਤੁਹਾਡੇ ਹਿਰਦਿਆਂ 'ਚ ਨਫ਼ਰਤ ਜਾਗੇ। ਮੈਂ ਤਾਂ ਤੁਹਾਨੂੰ ਸਿਰਫ਼ ਉਸੇ ਬਾਰੇ ਕਹਿਨਾਂ, ਜੋ ਤੁਹਾਡੇ ਹਿਰਦਿਆਂ ਨੂੰ ਵੀ ਭਰਦਾ ਹੈ ਤੇ ਤੁਹਾਡੇ ਦਿਨਾਂ ਤੇ ਰਾਤਾਂ ਨੂੰ ਵੀ; ਤੇ ਉਸ ਭੈਅ ਬਾਰੇ ਵੀ, ਜੋ ਤੁਹਾਨੂੰ ਇਕ ਪਲ ਲਈ ਜਮਾ ਦਿੰਦਾ ਹੈ, ਕਿ ਉਹ ਤੁਹਾਨੂੰ ਸਾਰੀ ਜ਼ਿੰਦਗੀ ਦੁੱਖ-ਤਕਲੀਫ਼ ਦਿੰਦਾ ਰਹੇਗਾ।
"ਦਰਅਸਲ ਮੈਂ ਚਾਹੁੰਨਾਂ ਕਿ ਤੁਸੀਂ ਆਪਣੇ ਹਿਰਦਿਆਂ ਨੂੰ ਪਿਆਰ ਨਾਲ ਭਰੋ, ਤੇ ਏਦਾਂ ਮੈਨੂੰ ਸਾਡੀ ਆਖ਼ਰੀ ਗਲਵੱਕੜੀ ਪਾਓ, ਕਿਉਂ ਕਿ ਮੈਂ ਹੁਣ ਕਮਾਨ 'ਚੋਂ ਨਿਕਲੇ ਇਕ ਤੀਰ ਦੀ ਤਰ੍ਹਾਂ ਤੁਹਾਡੇ ਤੋਂ ਦੂਰ ਜਾ ਰਿਹਾਂ । ਹਾਂ, ਇਕ ਅਜਿਹੇ ਤੀਰ ਵਾਂਗ, ਜੋ ਹੁਣ ਵੀ ਕੰਬਦਾ ਹੈ ਤੇ ਚੱਲਣ ਦੀ ਤਿਆਰੀ ਕਰਦਾ ਹੈ।"
ਅਲਮੁਸਤਫ਼ਾ ਨੇ ਭੀੜ ਵਿਚ ਉਨ੍ਹਾਂ ਲੋਕਾਂ ਵੱਲ ਵੇਖਿਆ, ਜਿਸ ਨਾਲ ਉਸ ਨੇ ਆਪਣੇ ਜੁਆਨੀ ਦੇ ਦਿਨ ਤੇ ਆਪਣਾ ਪਿਆਰ ਵੰਡਿਆ ਸੀ, ਤੇ ਉਸ ਨੇ ਉਨ੍ਹਾਂ ਨੂੰ ਮੁਖ਼ਾਤਿਬ ਹੋ ਕੇ ਕਿਹਾ-
"ਆਓ, ਮੇਰੇ ਪਿਆਰਿਓ! ਮੇਰੇ ਕੋਲ ਆਓ ਤੇ ਮੇਰੀ ਛੋਹ ਸਾਂਝੀ ਕਰੋ। ਕਿਉਂ ਕਿ ਇਹ ਮੇਰੀ ਛੋਹ ਹੀ ਹੈ, ਜਿਸ ਨਾਲ ਮੈਂ ਆਪਣਾ ਆਪਾ, ਆਪਣਾ ਪਿਆਰ ਦਿੰਦਾ ਹਾਂ।
"ਤੇ ਸੱਚੀਂ-ਮੁੱਚੀਂ, ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਇਕ-ਦੂਜੇ ਦੇ ਨੇੜੇ ਹੋ ਜਾਓ ਤੇ ਮਹਿਸੂਸ ਕਰੋ ਕਿ ਤੁਸੀਂ ਆਪਣੇ 'ਮੂਲ' 'ਚ ਇਕ-ਦੂਜੇ ਨਾਲ ਜੁੜੇ ਹੋਏ ਹੋ।,
"ਤੇ ਉਸ ਏਕਤਾ ਦੀ ਰੌਸ਼ਨੀ 'ਚ ਜਿਊਂਦੇ-ਜਾਗਦੇ ਪਰਮਾਤਮਾ ਦੇ ਸੱਚ ਨੂੰ ਸਮਝੋ, ਜੋ ਕਿ ਸਮੇਂ ਤੇ ਸਥਾਨ ਦੀ ਅਸੀਮਤਾ ਵਿਚਕਾਰ ਹਮੇਸ਼ਾ ਇਕ ਹੈ।
"ਤੁਹਾਡੇ ਵੱਲੋਂ ਉਸ ਪਰਮਾਤਮਾ ਦੀਆਂ ਪਾਈਆਂ ਗਈਆਂ ਵੰਡੀਆਂ ਨੂੰ ਵੀ ਉਹ 'ਇਕ ਪਰਮਾਤਮਾ' ਨਹੀਂ ਗੌਲਦਾ । ਤੁਸੀਂ ਉਸ ਨੂੰ ਆਸਮਾਨ ਵਾਲੇ ਤੇ ਧਰਤੀ ਵਾਲੇ ਹਿੱਸਿਆਂ 'ਚ ਵੰਡਿਆ ਹੈ, ਜੋ ਕਿ ਉਸ ਪਰਮਾਤਮਾ ਤੋਂ ਹਮੇਸ਼ਾ ਵੱਖਰੇ ਨੇ।