

"ਮੇਰੀਏ ਭੈਣੇ, ਇਨ੍ਹਾਂ ਲੋਕਾਂ ਨੂੰ ਮੇਰੇ ਕਾਤਲਾਂ ਵਜੋਂ ਨਾ ਵੇਖ, ਕਿਉਂ ਕਿ ਅਸਲ 'ਚ ਮੈਂ ਮਰਨਾ ਹੀ ਨਹੀਂ ਹੈ। ਮੈਂ ਸਿਰਫ਼ ਕੋਈ ਹੋਰ ਰੂਪ ਧਾਰ ਕੇ ਆਪਣੀ ਅਗਲੇਰੀ ਯਾਤਰਾ ਜਾਰੀ ਰੱਖਣੀ ਹੈ।
"ਤੇ ਅਲਮਿਤਰਾ, ਚੰਗੀ ਤਰ੍ਹਾਂ ਜਾਣ ਲੈ ਕਿ ਮੇਰੇ ਸਮੇਂ ਤੋਂ ਇਕ ਪਲ ਵੀ ਪਹਿਲਾਂ ਕੋਈ ਮੈਨੂੰ ਇਸ ਧਰਤੀ ਤੋਂ ਪਾਰ ਨਹੀਂ ਭੇਜ ਸਕਦਾ। ਇਥੋਂ ਤੱਕ ਕਿ ਮੇਰੇ ਉਦਾਲੇ ਖੜ੍ਹੇ ਤੇ ਆਪਣੇ ਆਪ ਨੂੰ ਸਰਬ-ਸਮਰੱਥ ਮੰਨਣ ਵਾਲੇ ਇਹ ਲੋਕ ਵੀ ਨਹੀਂ।
"ਕਿਉਂ ਕਿ ਅਸਲ 'ਚ ਇਸ ਧਰਤੀ 'ਤੇ ਵਿਚਰਦੇ ਸਾਰੇ ਜਣੇ ਸਿਰਫ਼ ਉਨ੍ਹਾਂ ਹੀ ਗਤੀਵਿਧੀਆਂ 'ਚ ਹਿੱਸਾ ਲੈਂਦੇ ਨੇ, ਜਿਨ੍ਹਾਂ ਨੂੰ ਉਹ ਆਪਣੇ 'ਤੇ ਸੱਦਦੇ ਨੇ ।
"ਤੇ ਭਾਵੇਂ ਉਹ ਸੌਦ ਉਸ ਮੌਕੇ ਮੌਨ ਜਾਪਦੀ ਹੈ, ਇਥੋਂ ਤੱਕ ਕਿ ਉਨ੍ਹਾਂ ਦੇ ਆਪਣੇ ਕੰਨਾਂ ਨੂੰ ਵੀ। ਪਰ ਇਸ ਨੂੰ 'ਜੀਵਨ' ਦੇ ਕੰਨ ਦੁਆਰਾ ਸੁਣਿਆ ਜਾਂਦਾ ਹੈ,
ਤੇ ਇਸੇ ਤਰ੍ਹਾਂ ਇਸ ਨੂੰ 'ਜੀਵਨ' ਦੇ ਹੱਥ ਦੁਆਰਾ ਅਮਲਾਇਆ ਜਾਂਦਾ ਹੈ । "ਤੇ ਇਸੇ ਤਰ੍ਹਾਂ ਇਹ ਹੁਣ ਮੇਰੇ ਨਾਲ ਵੀ ਇਵੇਂ ਹੀ ਹੈ। ਕਿਉਂ ਕਿ ਮੈਂ ਆਪਣੇ ਚੱਲਣ- ਫਿਰਨ 'ਚ ਵੀ ਸਥਿਰ ਹਾਂ, ਤੇ ਆਪਣੇ ਜਾਣ ਮਗਰੋਂ ਵੀ ਮੈਂ ਇਥੇ ਤੇਰੇ ਨਾਲ ਰਹਾਂਗਾ, ਹਮੇਸ਼ਾ ਦੀ ਤਰ੍ਹਾਂ ਭਰਾਤਰੀ-ਭਾਵ ਦੇ ਪਿਆਰ ਤੇ ਅਭੇਦਤਾ ਦੇ ਮਲ੍ਹਾਰ ਦੀਆਂ ਗੱਲਾਂ ਕਰਦਾ ਹੋਇਆ।"
ਇਸ ਮੌਨ ਨਗਮੇ ਦੇ ਖ਼ਤਮ ਹੁੰਦਿਆਂ ਹੀ ਅਲਮੁਸਤਫ਼ਾ 'ਤੇ ਪੱਥਰਾਂ ਦਾ ਇਕ ਮੀਂਹ ਜਿਹਾ ਵਰ੍ਹਾ ਪਿਆ।
ਉਹ ਪੁਜਾਰੀਆਂ ਵੱਲ ਨੂੰ ਮੁੜਿਆ ਤੇ ਵਰਦੇ ਪੱਥਰਾਂ ਨੂੰ ਮੁਖ਼ਾਤਿਬ ਹੋ ਕੇ ਬੋਲਣ ਲੱਗਾ-
“ਪਿਆਰ ਨਾਲ, ਨਰਮਾਈ ਨਾਲ ਮੇਰੇ ਭਰਾਵੋ, ਕੀ ਤੁਸੀਂ ਭੁੱਲ ਗਏ ਹੋ ? ਇਹ ਮੈਂ ਹਾਂ, ਅਲਮੁਸਤਫ਼ਾ, ਤੁਹਾਡਾ ਬੀਤੇ ਸਮਿਆਂ ਦਾ ਭਰਾ । ਜ਼ਿਆਦਾ ਪੁਰਾਣੀ ਗੱਲ ਨਹੀਂ, ਜਦੋਂ ਮੈਂ ਆਪਣੇ ਸੋਚਵਾਨ ਕਦਮਾਂ ਨੂੰ ਵਿਚਾਲੇ ਰੋਕ ਲੈਂਦਾ ਸਾਂ, ਸਾਡੀ ਧਰਤੀ ਮਾਂ ਦੀਆਂ ਮਮਤਾਮਈ ਬਾਹਵਾਂ 'ਚੋਂ ਤੁਹਾਡੇ ਵਰਗੇ ਬਥੇਰਿਆਂ ਨੂੰ ਚੁੱਕਣ ਲਈ।
"ਆਪਣੇ ਇਨ੍ਹਾਂ ਹੱਥਾਂ ਨਾਲ ਹੀ ਮੈਂ ਤੁਹਾਨੂੰ ਚੁੱਕ ਕੇ ਆਪਣੀਆਂ ਅੱਖਾਂ ਦੇ ਨੇੜੇ ਰੱਖਿਆ ਸੀ, ਤੁਹਾਡੀ ਸੁੰਦਰਤਾ ਨੂੰ ਪੀਣ ਲਈ, ਤੇ ਤੁਹਾਡੀ ਹੋਂਦ ਦੇ ਰਹੱਸਾਂ 'ਤੇ ਹੈਰਾਨ ਹੋਣ ਲਈ।
"ਹਾਂ, ਮੇਰੇ ਦੋਸਤੋ, ਮੈਂ ਇਹ ਵੀ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਕੀਤਾ ਹੈ, ਕਿਉਂ ਕਿ ਕੀ ਮੈਂ ਉਹ ਨਹੀਂ ਸਾਂ, ਜੋ ਤੁਹਾਡੇ ਇਸ ਜੀਵਨ 'ਤੇ ਬਹੁਤ ਖੁਸ਼ ਸਾਂ, ਜਦ ਕਿ ਦੂਸਰੇ ਸਾਰੇ ਲੋਕ ਤੁਹਾਨੂੰ ਠੰਢਾ ਤੇ ਬੇਜਾਨ ਪੱਥਰ ਸਮਝਦੇ ਸਨ ?
"ਮੇਰੇ ਮੌਨ ਭਰਾਵੋ, ਯਾਦ ਰੱਖੋ, ਤੇ ਮੇਰੀ ਚਮੜੀ 'ਤੇ ਜ਼ਰਾ ਪਿਆਰ ਨਾਲ ਨ੍ਰਿਤ ਕਰੋ, ਕਿਉਂ ਕਿ ਅਸਲ 'ਚ ਮੈਨੂੰ ਇਸ ਰੂਪ 'ਚੋਂ ਬਾਹਰ ਆਉਣ ਲਈ ਇਸ ਚਮੜੀ 'ਤੇ ਤੁਹਾਡੇ ਚੁੰਬਨਾਂ ਤੋਂ ਬਿਨਾਂ ਹੋਰ ਕੁਝ ਨਹੀਂ ਚਾਹੀਦਾ। ਮੈਂ ਪੌਣਾਂ 'ਤੇ ਨੱਚਣ ਲਈ ਸਿਰਫ਼ 'ਜੀਵਨ' 'ਚ ਖੁੱਲ੍ਹਾ ਵਿਚਰਨਾ ਚਾਹੁੰਨਾਂ।"
ਜਿਉਂ ਹੀ ਉਹ ਪੱਥਰਾਂ ਦੇ ਇਕ ਭਾਰੀ ਕਫ਼ਨ ਹੇਠਾਂ ਦੱਬਿਆ ਗਿਆ, ਉਸ ਦੇ ਬੋਲ ਰੁਕ ਗਏ, ਤੇ ਮੈਂ ਅਹਿਲ ਖੜੀ ਸਾਂ, ਤਦੇ ਉਸ ਦੀ ਆਵਾਜ਼ ਦੋਬਾਰਾ ਫੇਰ ਹਵਾ 'ਚ ਗੂੰਜੀ।
ਉਸ ਦੇ ਬੋਲਾਂ ਦੇ ਸੰਗੀਤ ਵਿਚ ਇਕ ਮਹਾਨ ਸਿਤਾਰਾ-ਮਾਰਗ ਦੀ ਪੌਣ ਵਹਿ ਰਹਿ ਸੀ, ਉਹ ਬੋਲਿਆ-