ਤੀਰ-ਅੰਦਾਜ਼ ਇਸ ਆਨੰਦ ਮਾਰਗ 'ਤੇ ਸਿਰਫ਼ ਆਪਣੇ ਨਿਸ਼ਾਨੇ ਵੱਲ ਵੇਖਦਾ ਹੈ ਤੇ ਤੀਰ ਚਲਾ ਦਿੰਦਾ ਹੈ। ਰੱਬ ਉਸ ਨੂੰ ਪੂਰੀ ਸਮਰੱਥਾ ਬਖ਼ਸ਼ਦਾ ਹੈ, ਤਾਂ ਕਿ ਉਸ ਦੇ ਤੀਰ ਤੇਜ਼ ਤੇ ਦੂਰਵਰਤੀ ਹੋਣ।
ਤੁਹਾਨੂੰ ਆਪਣੀ ਇਹ ਕਮਾਨ ਹੋਣ ਦੀ ਭੂਮਿਕਾ ਪ੍ਰਸੰਨ-ਚਿੱਤ ਨਿਭਾਉਣੀ ਚਾਹੀਦੀ ਹੈ।
ਕਿਉਂਕਿ ਜਿਥੇ ਰੱਬ ਨੂੰ ਉੱਡਦੇ ਤੀਰਾਂ ਨਾਲ ਮੋਹ ਹੈ, ਉਥੇ ਉਹ ਉਸ ਕਮਾਨ ਨੂੰ ਵੀ ਪਿਆਰ ਕਰਦਾ ਹੈ, ਜੋ ਅਡੋਲ ਹੋਵੇ ਤੇ ਆਪਣਾ ਕੰਮ ਨਿਪੁੰਨਤਾ ਨਾਲ ਕਰਦੀ ਹੋਵੇ।"
ਦਾਨ
ਫੇਰ ਇਕ ਅਮੀਰ ਬੰਦੇ ਨੇ ਪੁੱਛਿਆ- "ਸਾਨੂੰ ਦਾਨ-ਪੁੰਨ ਬਾਰੇ ਕੁਝ ਦੱਸੋ।"
ਤੇ ਉਸ ਨੇ ਜੁਆਬ ਦਿੱਤਾ-
ਤੁਹਾਡਾ ਕੀਤਾ ਉਹ ਦਾਨ-ਪੁੰਨ ਬਹੁਤ ਤੁੱਛ ਹੁੰਦੇ, ਜੋ ਤੁਸੀਂ ਆਪਣੀ ਪੂੰਜੀ 'ਚੋਂ ਕੱਢ ਕੇ ਦਿੰਦੇ ਹੋ।"
ਅਸਲੀ ਦਾਨ-ਪੁੰਨ ਤਾਂ ਉਹ ਹੈ, ਜਦੋਂ ਤੁਸੀਂ ਖ਼ੁਦ ਨੂੰ ਹੀ ਨਿਛਾਵਰ ਕਰ ਦਿੰਦੇ ਹੋ।
ਕਿਉਂਕਿ ਤੁਹਾਡੀ ਧਨ-ਦੌਲਤ ਉਨ੍ਹਾਂ ਵਸਤਾਂ ਤੋਂ ਇਲਾਵਾ ਭਲਾ ਹੋਰ ਕੀ ਹੈ, ਜਿਨ੍ਹਾਂ ਨੂੰ ਤੁਸੀਂ ਇਸ ਡਰੋਂ ਸੰਭਾਲ ਕੇ ਰੱਖਦੇ ਹੋ ਕਿ ਕਿਤੇ ਭਲਕੇ ਤੁਹਾਨੂੰ ਉਨ੍ਹਾਂ ਦੀ ਦੋਬਾਰਾ ਲੋੜ ਨਾ ਪੈ ਜਾਵੇ?
ਤੇ ਫੇਰ ਭਲਕੇ, ਉਹ ਭਲਕ ਉਸ ਲੋੜੋਂ-ਵੱਧ ਸਮਝਦਾਰ ਕੁੱਤੇ ਲਈ ਕੀ ਲੈ ਕੇ ਆਏਗੀ, ਜੋ ਧਾਰਮਿਕ ਸਥਾਨ 'ਤੇ ਜਾ ਰਹੇ ਤੀਰਥ ਯਾਤਰੀਆਂ ਦੇ ਪਿੱਛੇ-ਪਿੱਛੇ ਚੱਲਣ ਤੋਂ ਪਹਿਲਾਂ ਸਾਂਭ-ਸੰਭਾਲ ਵਜੋਂ ਹੱਡੀਆਂ ਨੂੰ ਰੇਤੇ ਵਿਚ ਚੰਗੀ ਤਰ੍ਹਾਂ ਗੱਡ ਦਿੰਦਾ ਹੈ ?
ਤੇ ਇਹ 'ਲੋੜ ਪੈਣ' ਦਾ ਭੈਅ ਸਿਵਾਇ ਆਪਣੀ ਲੋੜ ਦੇ ਹੋਰ ਕੀ ਹੈ ?
ਜਦੋਂ ਤੁਹਾਡਾ ਖੂਹ ਭਰਿਆ ਹੋਇਐ, ਤਾਂ ਕੀ ਤੁਹਾਨੂੰ ਤੇਹ ਲੱਗਣ ਦਾ ਭੈਅ ਨਹੀਂ ਹੈ, ਉਹ ਤੇਹ ਜੋ ਕਦੇ ਨਹੀਂ ਬੁਝਦੀ ?
ਕੁਝ ਲੋਕ ਅਜਿਹੇ ਵੀ ਨੇ, ਜੋ ਆਪਣੀ ਬਹੁਤ ਸਾਰੀ ਜਾਇਦਾਦ 'ਚੋਂ ਭੋਰਾ ਕੁ ਸਿਰਫ਼ ਇਸੇ ਲਈ ਦਾਨ ਕਰਦੇ ਨੇ, ਤਾਂ ਕਿ ਕੁਝ ਸ਼ੁਹਰਤ ਖੱਟ ਸਕਣ ਤੇ ਉਨ੍ਹਾਂ ਦੀ ਇਹੀ ਭਾਵਨਾ ਉਨ੍ਹਾਂ ਦੇ ਦਾਨ-ਪੁੰਨ ਨੂੰ ਤੁੱਛ ਬਣਾ ਧਰਦੀ ਹੈ।
ਤੇ ਕੁਝ ਅਜਿਹੇ ਲੋਕ ਵੀ ਨੇ, ਜਿਨ੍ਹਾਂ ਕੋਲ ਜੋ ਵੀ ਥੋੜ੍ਹਾ-ਬਹੁਤ ਹੁੰਦੈ, ਉਹ ਵੀ ਦਾਨ ਕਰ ਦਿੰਦੇ ਨੇ।
ਇਹੀ ਉਹ ਲੋਕ ਨੇ, ਜੋ ਜ਼ਿੰਦਗੀ ਤੇ ਜ਼ਿੰਦਗੀ ਦੀ ਉਦਾਰਤਾ 'ਚ ਭਰੋਸਾ ਰੱਖਦੇ ਨੇ ਤੇ ਇਨ੍ਹਾਂ ਲੋਕਾਂ ਦੇ ਖ਼ਜ਼ਾਨੇ ਕਦੇ ਖ਼ਾਲੀ ਨਹੀਂ ਹੁੰਦੇ ।
ਕੁਝ ਏਦਾਂ ਦੇ ਲੋਕ ਨੇ ਜੋ ਚਾਈਂ-ਚਾਈਂ ਦਾਨ ਕਰਦੇ ਨੇ ਤੇ ਇਹੀ ਚਾਅ-ਮਲ੍ਹਾਰ ਹੀ ਉਨ੍ਹਾਂ ਦਾ ਇਨਾਮ ਹੁੰਦੇ।
* 'ਜਪੁਜੀ' ਵੀ ਬਾਹਰੀ ਦਾਨ-ਪੁੰਨ ਦਾ ਤਿਲ ਮਾਤਰ ਮਾਣ ਹੀ ਗਿਣਦੀ ਹੈ
'ਤੀਰਥੁ ਤਪੁ ਦਇਆ ਦਤੁ ਦਾਨੁ ॥
ਜੇ ਕੋ ਪਾਵੈ ਤਿਲ ਕਾ ਮਾਨੁ ॥'
(ਹਵਾਲਾ-ਪੰਜਾਬੀ ਅਨੁਵਾਦਕ)
ਤੇ ਏਦਾਂ ਦੇ ਲੋਕ ਵੀ ਨੇ ਜੋ ਦਿੰਦੇ ਤਾਂ ਨੇ, ਪਰ ਦੁਖੀ ਹੋ ਕੇ, ਕਲਪ ਕੇ ਤੇ ਇਹ ਦੁਖੀ ਹੋਣਾ ਤੇ ਕਲਪਣਾ ਹੀ ਉਨ੍ਹਾਂ ਦਾ ਸੰਸਕਾਰ ਹੈ।
ਤੇ ਫੇਰ ਅਜਿਹੇ ਲੋਕ ਵੀ ਨੇ, ਜਿਨ੍ਹਾਂ ਨੂੰ ਦਾਨ ਦਿੰਦਿਆਂ ਨਾ ਤਾਂ ਚੀਸ ਦਾ ਇਹਸਾਸ ਹੁੰਦੈ, ਨਾ ਹੀ ਖ਼ੁਸ਼ੀ ਦਾ, ਤੇ ਨਾ ਹੀ ਉਹ ਇਹ ਸੋਚ ਕੇ ਦਾਨ ਕਰਦੇ ਨੇ ਕਿ ਉਹਨਾਂ ਨੂੰ ਇਹਦਾ ਪੁੰਨ ਮਿਲੇਗਾ।
ਉਹਨਾਂ ਦਾ ਦਾਨ ਤਾਂ ਏਦਾਂ ਦਾ ਹੁੰਦੈ, ਜਿਵੇਂ ਕਿਸੇ ਘਾਟੀ 'ਚ ਕੋਈ ਮਹਿੰਦੀ ਦਾ ਬੂਟਾ ਪੌਣਾਂ 'ਚ ਆਪਣੀ ਸੁਗੰਧੀ ਘੋਲਦਾ ਰਹਿੰਦੈ।
ਇਨ੍ਹਾਂ ਲੋਕਾਂ ਦੇ ਹੱਥੀਂ ਹੀ ਤਾਂ ਰੱਬ ਅਸੀਸਾਂ ਵੰਡਦੇ ਤੇ ਇਨ੍ਹਾਂ ਲੋਕਾਂ ਦੀਆਂ ਅੱਖਾਂ 'ਚੋਂ ਹੀ ਰੱਬ ਧਰਤੀ 'ਤੇ ਆਪਣੀ ਮੁਸਕਰਾਹਟ ਬਖੇਰਦੈ।
ਮੰਗਣ 'ਤੇ ਦੇਣਾ ਤਾਂ ਚੰਗਾ ਹੀ ਹੈ, ਪਰ ਬਿਨਾਂ ਮੰਗੇ ਆਪਣੇ ਆਪ ਕਿਸੇ ਦੀ ਲੋੜ ਭਾਂਪ ਕੇ ਉਸ ਦੀ ਲੋੜ ਪੂਰੀ ਕਰਨੀ, ਉਸ ਤੋਂ ਵੀ ਜ਼ਿਆਦਾ ਚੰਗਾ ਹੈ।
ਕਿਸੇ ਵੀ ਦਿਆਲੂ ਤੇ ਦਾਨੀ ਬੰਦੇ ਨੂੰ ਇਕ ਦਾਨ-ਪਾਤਰ ਭਾਲ ਲੈਣ ਵਿਚ ਉਸ ਤੋਂ ਵੀ ਜ਼ਿਆਦਾ ਖ਼ੁਸ਼ੀ ਹੁੰਦੀ ਹੈ, ਜਿੰਨੀ ਕਿ ਦਾਨ ਦੇਣ ਵਿਚ ਹੁੰਦੀ ਹੈ।
ਕੀ ਤੁਹਾਡੇ ਕੋਲ ਵੀ ਅਜਿਹਾ ਕੁਝ ਹੈ, ਜਿਸ ਨੂੰ ਤੁਸੀਂ ਹਮੇਸ਼ਾ ਆਪਣੇ ਕੋਲ ਰੱਖ ਸਕੋਂ?
ਤੁਹਾਡੇ ਕੋਲ ਜੋ ਕੁਝ ਵੀ ਹੈ, ਉਹ ਸਭ ਕੁਝ ਇਕ ਨਾ ਇਕ ਦਿਨ ਖੁੱਸ ਜਾਏਗਾ।
ਇਸ ਲਈ ਬਿਹਤਰ ਇਹੀ ਹੈ ਕਿ ਹੁਣੇ ਤੋਂ ਹੀ ਦਾਨ ਦੇਣਾ ਸ਼ੁਰੂ ਕਰ ਦਿਓ, ਤਾਂ ਕਿ ਆਪਣੀ ਧਨ-ਦੌਲਤ ਆਪਣੇ ਹੱਥੀਂ ਦਾਨ ਕਰਨ ਦਾ ਮੌਕਾ ਤੁਹਾਨੂੰ ਮਿਲ ਸਕੇ, ਨਾ ਕਿ ਤੁਹਾਡੇ ਵਾਰਿਸਾਂ ਨੂੰ।
ਤੁਸੀਂ ਅਕਸਰ ਕਹਿੰਦੇ ਹੈ-'ਮੈਂ ਦਾਨ ਤਾਂ ਦੇਵਾਂਗਾ, ਪਰ ਸਿਰਫ਼ ਉਸ ਨੂੰ ਜੋ ਇਸ ਦਾ ਯੋਗ-ਪਾਤਰ ਹੈ।
ਪਰ ਤੁਹਾਡੇ ਬਾਗ਼ ਦੇ ਰੁੱਖ ਤਾਂ ਏਦਾਂ ਨਹੀਂ ਕਹਿੰਦੇ ਤੇ ਨਾ ਹੀ ਤੁਹਾਡੀਆਂ ਚਾਰਾਗਾਹਾਂ ਵਿਚ ਉੱਗੇ ਘਾਹ ਦੇ ਝੁੰਡ ਹੀ ਏਦਾਂ ਕਹਿੰਦੇ ਨੇ।
ਉਹ ਤਾਂ ਇਸ ਲਈ ਵੰਡਦੇ ਨੇ, ਤਾਂ ਕਿ ਜ਼ਿੰਦਾ ਰਹਿ ਸਕਣ, ਕਿਉਂਕਿ ਆਪਣੇ ਕੋਲ ਸਾਂਭ ਕੇ ਰੱਖਣ ਦਾ ਮਤਲਬ ਹੈ, ਖ਼ੁਦ ਨੂੰ ਹੀ ਤਬਾਹ ਕਰ ਦੇਣਾ।
ਬੇਸ਼ੱਕ ਉਹ ਬੰਦਾ, ਜੋ ਰੱਬ ਦੇ ਸਿਰਜੇ ਦਿਨ ਤੇ ਰਾਤ ਹਾਸਿਲ ਕਰਨ ਦੇ ਕਾਬਿਲ ਹੈ, ਉਹ ਤੁਹਾਡੇ ਤੋਂ ਵੀ ਸਾਰਾ ਕੁਝ ਹਾਸਿਲ ਕਰ ਸਕਣ ਦੇ ਕਾਬਿਲ ਹੈ।
ਤੇ ਉਹ ਬੰਦਾ, ਜੋ ਜ਼ਿੰਦਗੀ ਦੇ ਸਮੁੰਦਰ 'ਚੋਂ ਪਾਣੀ ਪੀਣ ਦੇ ਯੋਗ ਹੈ, ਤਾਂ ਉਹ ਇਸ ਯੋਗ ਵੀ ਹੈ ਕਿ ਤੁਹਾਡੀ ਇਸ ਛੋਟੀ ਜਿਹੀ ਨਦੀ 'ਚੋਂ ਵੀ ਆਪਣਾ ਪਿਆਲਾ ਭਰ ਸਕੇ।
ਤੇ ਫਿਰ ਇਸ ਤੋਂ ਜ਼ਿਆਦਾ ਹਿਮਤ ਤੇ ਬਹਾਦਰੀ ਦੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਉਹ ਦਾਨ ਲੈਣ ਦੀ ਬੇਇੱਜ਼ਤੀ ਸਹਿੰਦਾ ਹੈ। ਦਾਨ ਦੇਣ ਵਿਚ ਭਲਾ ਕਿਹੜੀ ਹਿੰਮਤ ਤੇ ਬਹਾਦਰੀ ਦੀ ਲੋੜ ਹੈ ?
ਤੇ ਤੁਸੀਂ ਕੌਣ ਹੁੰਦੇ ਹੋ ਭਲਾ, ਕਿ ਕੋਈ ਬੰਦਾ ਆਪਣਾ ਸੀਨਾ ਚੀਰ ਕੇ ਆਪਣਾ
ਆਤਮ-ਸਨਮਾਨ ਛਿੱਕੇ ਟੰਗ ਕੇ ਖ਼ੁਦ ਨੂੰ ਤੁਹਾਡੇ ਸਾਹਮਣੇ ਨੰਗਾ ਕਰ ਦੇਵੇ, ਤਾਂ ਕਿ ਤੁਸੀਂ ਉਸ ਦੀ ਯੋਗਤਾ ਨੂੰ ਨਿਰਸੰਕੋਚ ਪੜਚੋਲ ਸਕੋਂ ?
ਪਹਿਲਾਂ ਤੁਸੀਂ ਆਪਣੀ ਪੀੜੀ ਹੇਠ ਸੋਟਾ ਫੇਰ ਕਿ ਕੀ ਤੁਸੀਂ ਖ਼ੁਦ ਇਸ ਕਾਬਿਲ ਹੋ ਕਿ ਤੁਸੀਂ ਕੁਝ ਦੇ ਸਕੋਂ ਜਾਂ ਦਾਨ ਦੇਣ ਦੇ ਕਾਬਿਲ ਬਣ ਸਕੋਂ।
ਤੇ ਸੱਚ ਤਾਂ ਇਹ ਹੈ ਕਿ ਜ਼ਿੰਦਗੀ ਹੀ ਜ਼ਿੰਦਗੀ ਨੂੰ ਦਿੰਦੀ ਹੈ । ਤੇ ਤੁਸੀਂ ਜੋ ਖ਼ੁਦ ਨੂੰ ਇਕ ਦਾਨੀ ਸਮਝਦੇ ਹੋ, ਅਸਲ ਵਿਚ ਸਿਰਫ ਇਕ ਜ਼ਰੀਆ ਹੋ।" ਤੇ ਤੁਸੀਂ ਲੈਣ ਵਾਲਿਓ, ਲੈਣਾ ਤੁਹਾਡੀ ਸਭ ਦੀ ਹੋਣੀ ਹੈ। ਆਪਣੇ 'ਤੇ ਅਹਿਸਾਨਾਂ ਦਾ ਬੋਝਾ ਨਾ ਲੱਦੋ, ਕਿਉਂਕਿ ਏਦਾਂ ਤੁਸੀਂ ਖ਼ੁਦ ਨੂੰ ਤੇ ਨਾਲ ਦੀ ਨਾਲ ਦਾਨ ਦੇਣ ਵਾਲਿਆਂ ਨੂੰ ਵੀ ਅਧੀਨ ਬਣਾ ਦਿਓਂਗੇ।
ਸਗੋਂ ਤੁਸੀਂ ਤਾਂ ਦਾਨੀਆਂ ਨਾਲ ਰਲ ਕੇ ਦਾਨ ਦੇ ਆਸਰੇ ਹੀ ਉੱਪਰ ਉਠਣਾ ਹੈ, ਜਿਵੇਂ ਖੰਭਾਂ ਦੇ ਆਸਰੇ ਉੱਪਰ ਉਠਿਆ ਜਾਂਦੇ।
ਕਿਉਂਕਿ ਆਪਣੇ ਕਰਜ਼ੇ ਦੇ ਪ੍ਰਤੀ ਹੱਦੋਂ-ਵੱਧ ਸਚੇਤ ਰਹਿਣ ਦਾ ਮਤਲਬ ਹੋਏਗਾ, ਉਸ ਦਾਨੀ ਦੀ ਦਿਆਲਤਾ 'ਤੇ ਸ਼ੱਕ ਕਰਨਾ, ਜੋ ਇਸ ਵਿਸ਼ਾਲ ਦਿਲ ਦੀ ਮਾਲਕਣ ਧਰਤੀ ਨੂੰ ਆਪਣੀ ਮਾਂ ਤੇ ਰੱਬ ਨੂੰ ਆਪਣਾ ਪਿਤਾ ਸਮਝਦੈ।"
* ਕਬੀਰ ਜੀ ਨੇ ਵੀ ਬਾਬਾ ਨਾਨਕ ਦੀ 'ਤੇਰਾ-ਤੇਰਾ' (ਤੇਰ੍ਹਾਂ-ਤੇਰ੍ਹਾਂ) ਦੀ ਲਿਵ ਦੀ ਤਰਜਮਾਨੀ ਕਰਦਿਆਂ ਲਿਖਿਐ, ਜੋ ਇਸ ਪ੍ਰਸੰਗ 'ਤੇ ਵੀ ਪੂਰਾ ਢੁਕਦੇ-
'ਮੇਰਾ ਮਿਝ ਮੇ ਕਿਛੁ ਨਾਹੀ ਜੋ ਕਿਛੁ ਹੈ ਸੋ ਤੇਰਾ।
ਤੇਰਾ ਤੁਝ ਕਉ ਸਉਪਤੇ ਕਿਆ ਲਾਗੇ ਹੈ ਮੇਰਾ।'
(ਹਵਾਲਾ-ਪੰਜਾਬੀ ਅਨੁਵਾਦਕ)