ਖ਼ੁਰਾਕ
ਫੇਰ ਇਕ ਬੁੱਢਾ ਬੰਦਾ, ਜੋ ਕਿ ਇਕ ਸਰਾਂ ਦਾ ਮਾਲਕ ਸੀ, ਬੋਲਿਆ-
"ਸਾਨੂੰ ਖਾਣ-ਪੀਣ ਬਾਬਤ ਕੁਝ ਦੱਸੋ।"
ਤੇ ਉਸਨੇ ਕਿਹਾ-
"ਕਿੰਨਾ ਚੰਗਾ ਹੁੰਦਾ ਜੇ ਤੁਸੀਂ ਇਸ ਧਰਤੀ 'ਤੇ ਖਿੰਡਰੀਆਂ ਸੁਗੰਧੀਆਂ ਦੇ ਸਹਾਰੇ ਜ਼ਿੰਦਾ ਰਹਿ ਸਕਦੇ, ਬਿਲਕੁਲ ਉਸ ਬੂਟੇ ਦੀ ਤਰ੍ਹਾਂ, ਜੋ ਸਿਰਫ਼ ਸੂਰਜੀ ਰੌਸ਼ਨੀ ਦੇ ਸਹਾਰੇ ਹੀ ਜ਼ਿੰਦਾ ਰਹਿੰਦੇ।
ਪਰ ਜਦ ਤੁਸੀਂ ਕਿਸੇ ਨੂੰ ਜਾਂ ਕਿਸੇ ਨੇ ਤੁਹਾਨੂੰ ਖੁਰਾਕ ਖ਼ਾਤਰ ਮਾਰਨਾ ਹੀ ਹੈ ਤੇ ਪੀਣ ਲਈ ਨਵਜੰਮੇ ਬੱਚੇ ਦੇ ਮੂੰਹੋਂ ਉਸ ਦੀ ਮਾਂ ਦ ਦੁੱਧ ਖੋਹਣਾ ਹੀ ਹੈ, ਤਾਂ ਕਿਉਂ ਨਾ ਇਸ ਨੂੰ ਇਕ ਪੂਜਾ ਦੀ ਵਿਧੀ ਬਣਾ ਦਿਓ।
ਤੇ ਆਪਣੇ ਮੰਚ ਨੂੰ ਇਕ ਬਲੀ ਦੀ ਵੇਦੀ ਦਾ ਰੂਪ ਦੇ ਦਿਓ, ਜਿਸ 'ਤੇ ਜੰਗਲ ਤੇ ਸ਼ਹਿਰ ਦੇ ਬੇਕਸੂਰ ਤੇ ਮਾਸੂਮ ਬਿਰਖਾਂ ਤੇ ਜਾਨਵਰਾਂ ਦੀ ਬਲੀ ਉਨ੍ਹਾਂ ਲਈ ਚੜ੍ਹਦੀ ਹੋਵੇ, ਜੋ ਮਨੁੱਖਾਂ ਵਿਚੋਂ ਹੋਰ ਜ਼ਿਆਦਾ ਬੇਕਸੂਰ ਤੇ ਮਾਸੂਮ ਨੇ।
ਜਦ ਤੁਸੀਂ ਕਿਸੇ ਜਾਨਵਰ ਨੂੰ ਮਾਰੋ ਤਾਂ ਮਨ ਹੀ ਮਨ ਉਸ ਨੂੰ ਆਖੋ-
'ਜਿਹੜੀ ਤਾਕਤ ਤੈਨੂੰ ਮਾਰਦੀ ਹੈ, ਉਹੀ ਤਾਕਤ ਮੈਨੂੰ ਵੀ ਮਾਰਦੀ ਹੈ, ਤੇ ਮੇਰੀ ਵੀ ਵਾਰੀ ਆਏਗੀ।*
ਕਿਉਂਕਿ ਜਿਸ ਤਾਕਤ ਨੇ ਤੈਨੂੰ ਮੇਰੇ ਹੱਥ ਸੌਂਪਿਆ ਹੈ, ਉਹੀ ਤਾਕਤ ਮੈਨੂੰ ਵੀ ਮੈਥੋਂ ਜ਼ਿਆਦਾ ਤਾਕਤਵਰ ਦੇ ਹੱਥਾਂ 'ਚ ਸੌਂਪ ਦਏਗੀ।
ਤੇਰਾ ਤੇ ਮੇਰਾ ਲਹੂ ਸਿਵਾਇ ਉਸ ਰਸ ਦੇ ਹੋਰ ਕੁਝ ਵੀ ਨਹੀਂ, ਜੋ ਕਿ ਇਸ ਵਾਯੂਮੰਡਲ- ਰੂਪੀ ਬਿਰਖ ਨੂੰ ਸਿਜਦਾ ਹੈ।
ਤੇ ਜਦੋਂ ਤੁਸੀਂ ਕਿਸੇ ਸਿਓ (ਸੋਬ) ਨੂੰ ਆਪਣੇ ਦੰਦਾਂ ਨਾਲ ਚੱਕ ਮਾਰੋਂ ਤਾਂ ਮਨ ਹੀ ਮਨ ਉਸ ਨੂੰ ਕਹੋ
'ਤੇਰੇ ਬੀਅ ਮੇਰੇ ਸਰੀਰ 'ਚ ਜਿਊਂਦੇ ਰਹਿਣਗੇ।
* ਵਾਰੀ ਸਿਰ ਸਭ ਦੀ ਅਟੱਲ 'ਹੋਣੀ' ਦੇ ਆਉਣ ਨੂੰ 'ਆਸਾ ਦੀ ਵਾਰ' ਵਿਚ ਗੁਰੂ ਨਾਨਕ ਨੇ ਇਜ ਪ੍ਰਗਟਾਇਐ-
'ਜੋ ਆਇਆ ਸੋ ਚਲਸੀ ਸਭੁ ਕੋ ਈ ਆਈ ਵਾਰੀ ਐ।
(ਹਵਾਲਾ-ਪੰਜਾਬੀ ਅਨੁਵਾਦਕ)