ਕਿਰਤ-ਕਰਮ
ਫਿਰ ਇਕ ਹਾਲੀ ਨੇ ਆਖਿਆ- "ਸਾਨੂੰ ਕਿਰਤ-ਕਰਮ ਬਾਬਤ ਕੁਝ ਦੱਸੋ।"
ਤੇ ਉਸ ਨੇ ਇਹ ਕਹਿੰਦਿਆਂ ਜੁਆਬ ਦਿੱਤਾ- "ਤੁਸੀਂ ਕਿਰਤ-ਕਰਮ ਇਸ ਲਈ ਕਰਦੇ ਹੋ ਤਾਂ ਕਿ ਤੁਸੀਂ ਧਰਤੀ 'ਤੇ ਧਰਤੀ ਦੀ ਆਤਮਾ ਦੇ ਕਦਮ ਨਾਲ ਕਦਮ ਮਿਲਾ ਕੇ ਚਲ ਸਕੋਂ।
ਕਿਉਂਕਿ ਵਿਹਲੇ ਬੈਠੇ ਰਹਿਣਾ ਤਾਂ ਏਦਾਂ ਹੋਏਗਾ, ਜਿੱਦਾਂ ਇਨ੍ਹਾਂ ਮੌਸਮਾਂ ਲਈ ਬੇਗਾਨੇ ਹੋ ਜਾਣਾ ਜਾਂ ਫੇਰ ਜ਼ਿੰਦਗੀ ਦੇ ਉਸ ਜਲੂਸ 'ਚੋਂ ਬਾਹਰ ਹੋ ਜਾਣਾ, ਜੋ ਰੱਬ ਦੀ ਅਸੀਮ ਸੋਭਾ ਵਿਚ ਖ਼ੁਦ ਨੂੰ ਮਾਣ ਨਾਲ ਸਮਰਪਿਤ ਕਰਨ ਲਈ ਬੜੀ ਸ਼ਾਨ ਨਾਲ ਅੱਗੇ ਵਧਦਾ ਜਾ ਰਿਹੈ।
ਜਦ ਤੁਸੀਂ ਕਰਮਸ਼ੀਲ ਹੁੰਦੇ ਹੋ, ਉਸ ਵੇਲੇ ਤੁਸੀਂ ਇਕ ਵੰਝਲੀ ਦੀ ਤਰ੍ਹਾਂ ਹੁੰਦੇ ਹੋ, ਜਿਸ ਦੇ ਦਿਲੋਂ ਲੰਘ ਕੇ ਸਮੇਂ ਦੀ ਸਰਸਰਾਹਟ ਇਕ ਸੰਗੀਤ 'ਚ ਬਦਲ ਜਾਂਦੀ ਹੈ।
ਤੁਹਾਡੇ 'ਚੋਂ ਭਲਾ ਕੌਣ ਇਕ ਮੂਕ ਤੇ ਸ਼ਾਂਤ ਬਾਂਸ ਦਾ ਟੋਟਾ ਬਣ ਕੇ ਹੀ ਰਹਿਣਾ ਲੋਚੇਗਾ, ਜਦ ਕਿ ਬਾਕੀ ਸਭ ਰਲ ਕੇ ਇਕਸੁਰ ਗਾ ਰਹੇ ਹੋਣ ? ਤੁਹਾਨੂੰ ਹਮੇਸ਼ਾ ਇਹੀ ਦੱਸਿਆ ਗਿਆ ਕਿ ਕੰਮ ਇਕ ਸਰਾਪ ਹੈ ਤੇ ਮਜ਼ਦੂਰੀ ਕਰਨਾ ਇਕ ਬਹੁਤ ਹੀ ਵੱਡੀ ਬਦਕਿਸਮਤੀ।
ਪਰ ਮੈਂ ਕਹਿਨਾਂ ਕਿ ਜਦ ਤੁਸੀਂ ਕਿਰਤ ਕਰਦੇ ਹੋ ਤਾਂ ਤੁਸੀਂ ਇਸ ਧਰਤੀ ਦੇ ਦੁਰਾਡੇ ਸੁਪਨੇ ਦੇ ਇਕ ਅੰਗ ਨੂੰ ਨੇਪਰੇ ਚਾੜ੍ਹਦੇ ਹੋ, ਜੋ ਤੁਹਾਨੂੰ ਉਦੋਂ ਸੌਂਪਿਆ ਗਿਆ ਸੀ ਜਦੋਂ ਉਸ ਸੁਪਨੇ ਦਾ ਜਨਮ ਹੀ ਹੋਇਆ ਸੀ।
ਤੇ ਕਿਰਤ ਕਰਦੇ ਰਹਿ ਕੇ ਅਸਲ 'ਚ ਤੁਸੀਂ ਇਸ ਜ਼ਿੰਦਗੀ ਨਾਲ ਪਿਆਰ ਕਰ ਰਹੇ ਹੁੰਦੇ ਹੋ।
ਨਾਲੇ ਆਪਣੀ ਕਿਰਤ ਜ਼ਰੀਏ ਇਸ ਜ਼ਿੰਦਗੀ ਨਾਲ ਪਿਆਰ ਕਰਨਾ ਤਾਂ ਬਿਲਕੁਲ ਉਵੇਂ ਹੀ ਹੈ, ਜਿਵੇਂ ਇਸ ਜ਼ਿੰਦਗੀ ਦੇ ਡੂੰਘੇ ਭੇਤ ਨਾਲ ਸਾਂਝ ਪਾਉਣੀ ।*
* 'ਜਪੁਜੀ' ਨੇ ਮਨੁੱਖ ਦੀ ਆਤਮਕ ਅਵਸਥਾ ਦੇ ਪੰਜ ਖੰਡ ਦੱਸੇ ਹਨ-ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਤੇ ਸੱਚ ਖੰਡ। ਸੱਚ ਖੰਡ ਤੱਕ ਪੁੱਜਣ ਭਾਵ ਸੱਚ ਨਾਲ ਅਭੇਦ ਹੋਣ ਲਈ ਇਨ੍ਹਾਂ ਸਾਰੇ ਖੰਡਾਂ ਜਾਂ ਅਵਸਥਾਵਾਂ 'ਚੋਂ ਲੰਘਣਾ ਜ਼ਰੂਰੀ ਹੈ। ਇਥੇ ਜੇ ਅਸੀਂ ਸਿਰਫ਼ ਸਰਮ (ਉੱਦਮ) ਖੰਡ ਦੀ ਗੱਲ ਕਰੀਏ ਤਾਂ ਉੱਦਮ ਜਾਂ ਕਿਰਤ ਕੀਤਿਆਂ ਹੀ ਮਨੁੱਖ ਖ਼ੁਬਸੂਰਤ ਘਾੜਤ ਵਿੱਚ ਘੜਿਆ ਜਾਂਦਾ ਹੈ-
'ਸਰਮ ਖੰਡ ਕੀ ਬਾਣੀ ਰੂਪੁ ॥
ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ ॥
(ਹਵਾਲਾ-ਪੰਜਾਬੀ ਅਨੁਵਾਦਕ)