ਤੇ ਜੇ ਤੁਸੀਂ ਆਪਣੀ ਕਿਸੇ ਪੀੜ-ਵੱਸ ਆਪਣੇ ਜੰਮਣ ਨੂੰ ਹੀ ਦੁੱਖ ਸਮਝਣ ਲੱਗਦੇ ਹੋ ਤੇ ਆਪਣੀ ਦੇਹ ਨੂੰ ਆਪਣੇ ਮੱਥੇ 'ਤੇ ਉਕਰੀ ਬਦਕਿਸਮਤੀ ਸਮਝਦੇ ਹੋ ਤਾਂ ਇਸ ਦਾ ਜੁਆਬ ਮੈਂ ਸਿਵਾਇ ਇਸ ਦੇ ਹੋਰ ਕੁਝ ਨਹੀਂ ਦੇ ਸਕਦਾ ਕਿ ਤੁਹਾਡੇ ਮੱਥੇ 'ਤੇ ਆਇਆ ਘਾਲਣਾ ਦਾ ਮੁੜ੍ਹਕਾ ਹੀ ਉਸ 'ਤੇ ਲਿਖੀ ਬਦਕਿਸਮਤੀ ਨੂੰ ਧੋ ਸਕਦੈ, ਹੋਰ ਕੋਈ ਨਹੀਂ।
ਤੁਹਾਨੂੰ ਇਹ ਵੀ ਦੱਸਿਆ ਗਿਆ ਕਿ ਇਹ ਜ਼ਿੰਦਗੀ ਇਕ ਹਨੇਰਾ ਹੈ ਤੇ ਨਿਰਉਤਸਾਹਿਤ ਹੋ ਕੇ ਤੁਸੀਂ ਵੀ ਉਹੀ ਦੁਹਰਾਉਣ ਲੱਗ ਜਾਂਦੇ ਹੋ, ਜੋ ਕਿਸੇ ਨਿਰਉਤਸਾਹਿਤ ਬੰਦੇ ਵੱਲੋਂ ਦੱਸਿਆ ਗਿਆ।
ਤੇ ਮੈਂ ਕਹਿਨਾਂ ਕਿ ਜ਼ਿੰਦਗੀ ਸੱਚਮੁੱਚ ਹਨੇਰਾ ਹੀ ਹੈ, ਪਰ ਸਿਰਫ਼ ਉਦੋਂ ਤੱਕ, ਜਦੋਂ ਤੱਕ ਉਸ 'ਚ ਕੋਈ ਖ਼ਾਹਿਸ਼ ਨਹੀਂ ਹੈ,
ਤੇ ਸਾਰੀਆਂ ਖ਼ਾਹਿਸ਼ਾਂ ਉਦੋਂ ਤੱਕ ਅੰਨ੍ਹੀਆਂ ਹੁੰਦੀਆਂ ਨੇ, ਜਦੋਂ ਤੱਕ ਉਨ੍ਹਾਂ 'ਚ ਗਿਆਨ ਨਾ ਹੋਵੇ।
ਤੇ ਸਾਰਾ ਗਿਆਨ ਬੇਕਾਰ ਹੈ, ਜੇ ਤੁਸੀਂ ਕਰਮ ਨਹੀਂ ਕਰਦੇ,
ਤੇ ਅਣਮੰਨੇ ਮਨ ਨਾਲ ਕੀਤੇ ਸਾਰੇ ਕਿਰਤ-ਕਰਮ ਖੋਖਲੇ ਨੇ, ਕਿਉਂਕਿ ਉਨ੍ਹਾਂ 'ਚ ਪਿਆਰ ਨਹੀਂ ਹੈ,
ਤੇ ਜਦੋਂ ਤੁਸੀਂ ਪਿਆਰ ਨਾਲ ਮਨ ਲਗਾ ਕੇ ਕਿਰਤ ਕਰਦੇ ਹੋ, ਉਦੋਂ ਤੁਸੀਂ ਸਭ ਤੋਂ ਪਹਿਲਾਂ ਖ਼ੁਦ ਨੂੰ ਖ਼ੁਦ ਨਾਲ ਜੋੜਦੇ ਹੋ, ਫੇਰ ਇਕ-ਦੂਜੇ ਨਾਲ ਜੁੜਦੇ ਹੋ ਤੇ ਅਖੀਰ ਰੱਬ ਨਾਲ ਜੁੜ ਜਾਂਦੇ ਹੋ।
ਤੇ ਇਹ ਪਿਆਰ ਨਾਲ ਕਿਰਤ ਕਰਨਾ ਹੈ ਕੀ?
ਇਹ ਬਿਲਕੁਲ ਉਵੇਂ ਹੀ ਹੈ, ਜਿਵੇਂ ਤੁਸੀਂ ਕਿਸੇ ਕੱਪੜੇ ਨੂੰ ਆਪਣੇ ਦਿਲ ਦੇ ਧਾਗਿਆਂ ਨਾਲ ਉਣਦੇ ਹੋ, ਜਿਵੇਂ ਉਸ ਨੂੰ ਤੁਹਾਡੇ ਕੰਤ ਨੇ ਪਹਿਨਣਾ ਹੋਵੇ।
ਜਾਂ ਜਿਵੇਂ ਤੁਸੀਂ ਇਕ ਘਰ ਨੂੰ ਏਨੇ ਪਿਆਰ ਨਾਲ ਬਣਾਉਂਦੇ ਹੋ, ਜਿਵੇਂ ਉਸ ਘਰ 'ਚ ਤੁਹਾਡੇ ਕੰਤ ਨੇ ਰਹਿਣਾ ਹੋਵੇ।
ਜਾਂ ਫਿਰ ਬਿਲਕੁਲ ਉਵੇਂ ਹੈ, ਜਿਵੇਂ ਤੁਸੀਂ ਬੜੇ ਪਿਆਰ ਨਾਲ ਬੀਅ ਬੀਜਦੇ ਹੋ ਤੇ ਫਿਰ ਬੜੇ ਚਾਅ ਨਾਲ ਉਸਦੇ ਫਲ ਨੂੰ ਤੋੜਦੇ ਹੋ, ਜਿਵੇਂ ਉਸ ਫਲ ਨੂੰ ਤੁਹਾਡੇ ਪ੍ਰੀਤਮ ਨੇ ਖਾਣਾ ਹੋਵੇ।
ਇਹ ਸਭ ਉਵੇਂ ਹੀ ਹੈ, ਜਿਵੇਂ ਤੁਸੀਂ ਆਪਣੀ ਆਤਮਾ ਦੇ ਸਾਹਾਂ ਨਾਲ ਫੂਕ ਮਾਰ ਕੇ ਉਨ੍ਹਾਂ ਸਾਰੀਆਂ ਵਸਤਾਂ ਨੂੰ, ਜਿਨ੍ਹਾਂ ਨੂੰ ਕਿ ਤੁਸੀਂ ਬਣਾਇਆ ਹੈ, ਆਵੇਗਤ ਕਰ ਕੇ ਉਨ੍ਹਾਂ 'ਚ ਜਾਨ ਫੂਕ ਦਿੱਤੀ ਹੋਵੇ।
* ਕਰਮ ਨਾ ਕਰਨ 'ਤੇ ਗਿਆਨ ਕਿੱਦਾਂ ਖੋਖਲਾ ਸਾਥਿਤ ਹੁੰਦੇ, ਇਸ ਬਾਰੇ ਵਾਰਿਸ ਸ਼ਾਹ ਲਿਖਦੇ-
"ਪੜ੍ਹਨ ਇਲਮ ਤੇ ਅਮਲ ਨਾ ਕਰਨ ਜਿਹੜੇ,
ਵਾਂਗ ਢੋਲ ਦੇ ਪੇਲ ਜੋ ਸਖਣਾ ਏ।"
ਸ਼ਾਹ ਹੁਸੈਨ ਦਾ ਹੋਕਾ ਵੀ ਸੁਣ ਲਓ-
'ਕਹੈ ਹੁਸੈਨ ਸਹੇਲੀਓ ਅਮਲਾਂ ਬਾਝੋਂ ਖੁਆਰੀ।
(ਹਵਾਲਾ-ਪੰਜਾਬੀ ਅਨੁਵਾਦਕ)