Back ArrowLogo
Info
Profile

ਕੱਪੜੇ

ਤੇ ਇਕ ਜੁਲਾਹੇ ਨੇ ਕਿਹਾ- "ਸਾਨੂੰ ਕੱਪੜਿਆਂ ਬਾਬਤ ਦੱਸੋ।"

ਤੇ ਉਸਨੇ ਜੁਆਬ ਦਿੱਤਾ-

"ਤੁਹਾਡੇ ਕੱਪੜੇ ਤੁਹਾਡੀ ਬਹੁਤ ਖੂਬਸੂਰਤੀ ਨੂੰ ਤਾਂ ਢਕ ਲੈਂਦੇ ਨੇ, ਪਰ ਬਦਸੂਰਤੀ ਨੂੰ ਨਹੀਂ ਢਕ ਸਕਦੇ ।*

ਤੇ ਭਾਵੇਂ ਤੁਸੀਂ ਆਪਣੇ ਕੱਪੜਿਆਂ 'ਚ ਆਪਣੇ ਇਕਾਂਤ ਦੀ ਖੁੱਲ੍ਹ ਭਾਲਦੇ ਹੋ, ਫੇਰ ਵੀ ਤੁਹਾਨੂੰ ਉਨ੍ਹਾਂ 'ਚ ਸਿਰਫ਼ ਇਕ ਬੰਧਨ ਤੇ ਇਕ ਜ਼ੰਜੀਰ ਹੀ ਮਿਲਦੀ ਹੈ।

ਕਿਨਾ ਹੀ ਚੰਗਾ ਹੁੰਦਾ ਜੇ ਸੂਰਜੀ ਰੋਸ਼ਨੀ ਤੇ ਹਵਾ ਨਾਲ ਤੁਹਾਡਾ ਮੇਲ ਤੁਹਾਡੀ ਦੇਹ ਦੀ ਚਮੜੀ ਜ਼ਰੀਏ ਹੁੰਦਾ, ਨਾ ਕਿ ਤੁਹਾਡੇ ਕੱਪੜਿਆਂ ਜ਼ਰੀਏ!

ਕਿਉਂ ਕਿ ਜ਼ਿੰਦਗੀ ਦੇ ਸਾਹ ਸੂਰਜ ਦੀ ਰੌਸ਼ਨੀ 'ਚ ਹੁੰਦੇ ਨੇ ਤੇ ਜ਼ਿੰਦਗੀ ਦਾ ਹੱਥ ਹੁੰਦੇ ਹਵਾ 'ਚ।

ਤੁਹਾਡੇ 'ਚੋਂ ਕੁਝ ਕਹਿਣਗੇ- 'ਅਸੀਂ ਜੋ ਕੱਪੜੇ ਪਾਏ ਨੇ, ਇਨ੍ਹਾਂ ਨੂੰ ਉੱਤਰ ਵੱਲ ਦੀ ਹਵਾ ਨੇ ਹੀ ਤਾਂ ਉਣਿਐ।

ਤੇ ਮੈਂ ਆਖਾਂਗਾ ਕਿ ਹਾਂ, ਉਹ ਉੱਤਰ ਵੱਲ ਦੀ ਹਵਾ ਹੀ ਸੀ।

ਪਰ ਸ਼ਰਮ ਉਸ ਦੀ ਖੱਡੀ ਸੀ ਤੇ ਨਰਮ-ਨਾਜ਼ੁਕ ਨਸਾਂ ਉਸਦਾ ਧਾਗਾ ਸਨ।

ਤੇ ਜਦ ਉਸਦਾ ਕੰਮ ਨਿੱਬੜ ਗਿਆ ਤਾਂ ਉਹ ਜੰਗਲ 'ਚ ਜਾ ਕੇ ਹੱਸਣ ਲੱਗੀ।

ਇਹ ਕਦੇ ਨਾ ਭੁੱਲੋ ਕਿ ਸੰਗਾਊਪੁਣਾ ਹੀ ਬੁਰੀ ਨਜ਼ਰ ਦਾ ਤੋੜ ਹੈ।

ਤੇ ਜਦੋਂ ਬੁਰੀ ਨਜ਼ਰ ਹੀ ਨਹੀਂ ਰਹੇਗੀ ਤਾਂ ਇਹੀ ਸੰਗਾਊਪੁਣਾ ਪੈਰਾਂ ਦੀ ਬੇੜੀ ਤੇ ਦਿਮਾਗ਼ ਦੀ ਇਕ ਮੈਲ ਬਣ ਕੇ ਰਹਿ ਜਾਏਗੀ।

ਤੇ ਇਹ ਕਦੇ ਨਾ ਭੁੱਲੋ ਕਿ ਧਰਤੀ ਨੂੰ ਤੁਹਾਡੇ ਨੰਗੇ ਪੈਰਾਂ ਦੀ ਛੋਹ ਦਾ ਇਹਸਾਸ ਹੀ ਚੰਗਾ ਲੱਗਦੇ ਤੇ ਪੌਣਾਂ ਹਮੇਸ਼ਾ ਤੁਹਾਡੇ ਵਾਲਾਂ ਨਾਲ ਅਠਖੇਲੀਆਂ ਕਰਨੀਆਂ ਲੋਚਦੀਆਂ ਨੇ।"

* ਇਸੇ ਲਈ ਤਾਂ 'ਆਸਾ ਦੀ ਵਾਰ' ਵਿਚ ਗੁਰੂ ਨਾਨਕ ਸਾਹਿਬ ਨੇ ਹਰ ਦੁਨਿਆਵੀ ਸ਼ੈਅ ਨੂੰ ਕੂੜ ਦਾ ਪਸਾਰਾ ਦਰਸਾਇਆ ਹੈ

'ਕੂੜ ਕਾਇਆ ਕੂੜ ਕਪੜ ਕੂੜ ਰੂਪ ਅਪਾਰ।

(ਹਵਾਲਾ-ਪੰਜਾਬੀ ਅਨੁਵਾਦਕ)

37 / 156
Previous
Next