ਤੁਸੀਂ ਵੀ ਸਾਡੇ ਨਾਲ ਖੇਤਾਂ 'ਚ ਚੱਲੋ ਜਾਂ ਸਾਡੇ ਭਰਾਵਾਂ ਨਾਲ ਸਮੁੰਦਰ 'ਚ ਜਾ ਕੇ ਤੁਸੀਂ ਵੀ ਆਪਣਾ ਜਾਲ ਸੁੱਟੋ। ਕਿਉਂ ਇਹ ਧਰਤੀ ਤੇ ਸਮੁੰਦਰ ਤੁਹਾਡੇ ਪ੍ਰਤੀ ਵੀ ਓਨੇ ਹੀ ਉਦਾਰ ਹੋਣਗੇ ਜਿੰਨੇ ਕਿ ਸਾਡੇ ਪ੍ਰਤੀ ਨੇ।
ਤੇ ਜੇ ਉਥੇ ਗਾਇਕ, ਨ੍ਰਿਤਕ ਜਾਂ ਬੰਸਰੀ-ਵਾਦਕ ਵੀ ਆਉਂਦੇ ਨੇ ਤਾਂ ਤੁਸੀਂ ਉਨ੍ਹਾਂ ਦੀਆਂ ਸੌਗਾਤਾਂ ਵੀ ਖ਼ਰੀਦੋ।
ਕਿਉਂਕਿ ਇਹ ਲੋਕ ਵੀ ਫਲ ਤੇ ਬਰੋਜ਼ਾ 'ਕੱਠਾ ਕਰਨ ਵਾਲੇ ਕਿਰਤੀ ਨੇ ਤੇ ਜੋ ਵੀ ਫਲ ਇਹ ਲੈ ਕੇ ਆਉਂਦੇ ਨੇ, ਉਹ ਭਾਵੇਂ ਸੁਪਨਿਆਂ ਦੇ ਰੂਪ 'ਚ ਹੀ ਕਿਉਂ ਨਾ ਹੋਵੇ, ਫੇਰ ਵੀ ਉਹ ਤੁਹਾਡੀ ਆਤਮਾ ਦਾ ਪਹਿਰਾਵਾ ਤੇ ਭੋਜਨ ਹੈ।
ਤੇ ਜਦੋਂ ਤੁਸੀਂ ਮੰਡੀਓਂ ਵਾਪਸ ਆਉਣ ਲੱਗੋਂ, ਤਾਂ ਏਨਾ ਜ਼ਰੂਰ ਵੇਖਿਓ ਕਿ ਕੋਈ ਵੀ ਬੰਦਾ ਉਥੋਂ ਖ਼ਾਲੀ ਹੱਥ ਵਾਪਸ ਨਾ ਪਰਤੇ।
ਕਿਉਂਕਿ ਧਰਤੀ ਦੀ ਪਵਿੱਤਰ ਆਤਮਾ ਉਦੋਂ ਤੱਕ ਚੈਨ ਨਾਲ ਨਹੀਂ ਸੌਂ ਸਕੇਗੀ, ਜਦੋਂ ਤੱਕ ਤੁਹਾਡੇ 'ਚੋਂ ਹਰੇਕ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਜਾਂਦੀਆਂ ।"*
* ਅੰਗਰੇਜ਼ੀ ਦੇ ਮਸ਼ਹੂਰ ਨਿਬੰਧਕਾਰ, ਆਲੋਚਕ ਤੇ ਸੁਧਾਰਕ ਜੱਨ੍ਹ ਰਸਕਿਨ (1819-1900) ਦੀ ਅਜ਼ੀਮ ਰਚਨਾ 'Unto this last (ਆਖ਼ਰੀ ਮਨੁੱਖ ਤੱਕ) ਵੀ ਦੁਨੀਆਂ ਦੇ ਆਖ਼ਰੀ ਮਨੁੱਖ ਤੱਕ ਦੀਆਂ ਲੋੜਾਂ-ਥੁੜ੍ਹਾਂ ਪੂਰੀਆਂ ਕਰਨ ਦੇ ਇਸ ਸੰਕਲਪ ਦਾ ਨਾਅਰਾ ਬੁਲੰਦ ਕਰਦੀ ਹੈ, ਜਿਸ ਨੂੰ ਮਹਾਤਮਾ ਗਾਂਧੀ ਨੇ ਵੀ ਸ਼ਿੱਦਤ ਨਾਲ ਅਪਨਾਇਆ ਤੇ ਅਮਲਾਇਆ ਹੈ।
(ਹਵਾਲਾ-ਪੰਜਾਬੀ ਅਨੁਵਾਦਕ)