ਅਪਰਾਧ ਤੇ ਸਜ਼ਾ
ਫੇਰ ਸ਼ਹਿਰ ਦੇ ਜੱਜਾਂ 'ਚੋਂ ਇਕ ਜੱਜ ਅੱਗੇ ਆਇਆ ਤੇ ਬੋਲਿਆ-
"ਸਾਨੂੰ ਅਪਰਾਧ ਤੇ ਸਜ਼ਾ ਬਾਰੇ ਕੁਝ ਦੱਸੋ।"
ਤਾਂ ਉਸ ਨੇ ਜੁਆਬ ਦਿੱਤਾ-
"ਜਦੋਂ ਤੁਹਾਡੀ ਆਤਮਾ ਪੌਣਾਂ 'ਤੇ ਸੁਆਰ ਹੋ ਕੇ ਸੈਰ ਕਰਨ ਨਿਕਲ ਜਾਂਦੀ ਹੈ,
ਉਸ ਵੇਲੇ ਤੁਸੀਂ 'ਕੱਲੇ ਤੇ ਬੇਧਿਆਨੇ ਹੋ ਕੇ ਦੂਜਿਆਂ ਪ੍ਰਤੀ ਅਨਿਆਂ ਕਰਦੇ ਹੋ, ਜੋ ਉਲਟ ਕੇ ਤੁਹਾਡੇ 'ਤੇ ਹੀ ਆਉਂਦੈ, ਤੇ ਇਸ ਤਰ੍ਹਾਂ ਅਸਲ 'ਚ ਤੁਸੀਂ ਆਪਣੇ ਆਪ ਨਾਲ ਹੀ ਅਨਿਆਂ ਕਰਦੇ ਹੋ।
ਤੇ ਆਪਣੇ ਇਸ ਅਪਰਾਧ ਲਈ ਤੁਹਾਨੂੰ ਪਾਕ-ਪਵਿੱਤਰ ਦਾ ਦਰ ਖੜਕਾਉਣਾ ਚਾਹੀਦੇ ਤੇ ਚੁੱਪ-ਚਪੀਤੇ ਖਿਮਾ-ਜਾਚਨਾ ਕਰਨੀ ਚਾਹੀਦੀ ਹੈ।
ਯਾਦ ਰੱਖੋ, ਸਮੁੰਦਰ ਤੁਹਾਡੇ ਆਪਣੇ ਅੰਦਰ ਦੀ ਖ਼ੁਦਾਈ ਹੈ, ਇਹ ਹਮੇਸ਼ਾ ਆਪੇ ਹੀ ਪਵਿੱਤਰ ਰਹਿੰਦੇ।*
ਅੰਬਰ ਵੀ ਪੰਛੀਆਂ ਨੂੰ ਉੱਪਰ ਨਹੀਂ ਚੁੱਕਦਾ, ਉਹ ਆਪੇ ਹੀ ਉਸ ਤੱਕ ਅੱਪੜਦੇ ਨੇ।
ਇਥੋਂ ਤੱਕ ਕਿ ਸੂਰਜ ਵੀ ਤੁਹਾਡੀ ਅੰਤਰ-ਆਤਮਾ ਹੈ,
ਉਸ ਦੀਆਂ ਕਿਰਨਾਂ ਵੀ ਆਪੇ ਸੱਪਾਂ ਜਾਂ ਛਛੂੰਦਰਾਂ ਦੀਆਂ ਖੱਡਾਂ 'ਚ ਨਹੀਂ ਅੱਪੜਦੀਆਂ, ਉਨ੍ਹਾਂ ਨੂੰ ਹੀ ਸੂਰਜ ਦੀਆਂ ਕਿਰਨਾਂ ਲਈ ਬਾਹਰ ਨਿਕਲਣਾ ਪੈਂਦੇ।
ਪਰ ਤੁਹਾਡੀ ਅੰਤਰ-ਆਤਮਾ ਸਿਰਫ਼ ਤੁਹਾਡੇ ਅੰਦਰ ਹੀ ਨਹੀਂ ਵਿਚਰਦੀ।
ਤੁਹਾਡੇ ਅੰਦਰ ਬਹੁਤ ਕੁਝ ਹੈ, ਜੋ ਅਜੇ ਵੀ ਮਨੁੱਖ ਹੈ, ਤੇ ਬਾਹਰ ਕੁਝ ਹੋਰ ਵੀ ਹੈ, ਜੋ ਅਜੇ ਤੱਕ ਮਨੁੱਖ ਨਹੀਂ ਹੈ।
ਸਗੋਂ ਇਕ ਬੇਸ਼ਕਲੇ ਬੌਣੇ ਦੀ ਤਰ੍ਹਾਂ ਹੈ, ਜੋ ਨੀਂਦ 'ਚ ਹੀ, ਧੁੰਦ 'ਚ ਹੀ ਜਾਗੇ ਦੀ ਭਾਲ 'ਚ ਹੈ।
ਤੇ ਹੁਣ ਮੈਂ ਤੁਹਾਡੇ ਅੰਦਰ ਦੇ ਮਨੁੱਖ ਬਾਰੇ ਕੁੱਝ ਆਖਾਂਗਾ।
ਕਿਉਂਕਿ ਸਿਰਫ਼ ਉਹੀ ਹੈ, ਜੋ ਅਪਰਾਧ ਤੇ ਉਸ ਦੀ ਸਜ਼ਾ ਬਾਰੇ ਜਾਣਦੈ, ਜਿਸ ਦੇ ਬਾਰੇ ਤੁਹਾਡੀ ਅੰਤਰ-ਆਤਮਾ ਤੇ ਉਹ ਧੁੰਦ 'ਚ ਭਟਕਦਾ ਬੌਣਾ ਕੁਝ ਨਹੀਂ ਜਾਣਦਾ।
* 'ਜਪੁ ਜੀ' ਵੀ ਬੰਦੇ ਅੰਦਰਲੀ ਹੋਂਦ ਦੀ ਮਾਲਕਣ ਖ਼ੁਦਾਈ ਨੂੰ ਸੱਚ ਦੇ ਚਾਨਣ ਨਾਲ ਭਰਪੂਰ ਦੱਸਦੀ ਹੈ-
'ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ॥
(ਹਵਾਲਾ-ਪੰਜਾਬੀ ਅਨੁਵਾਦਕ)