ਅਕਸਰ ਮੈਂ ਤੁਹਾਨੂੰ ਲੋਕਾਂ ਨੂੰ ਕਿਸੇ ਕਸੂਰਵਾਰ ਬਾਰੇ ਏਦਾਂ ਗੱਲ ਕਰਦਿਆਂ ਸੁਣਿਐ, ਜਿਵੇਂ ਉਹ ਤੁਹਾਡੇ ਸਭਨਾਂ 'ਚੋਂ ਇਕ ਨਾ ਹੋ ਕੇ, ਕੋਈ ਬੇਗਾਨਾ ਹੋਵੇ ਜਾਂ ਤੁਹਾਡੀ ਦੁਨੀਆਂ 'ਚ ਵੜਿਆ ਕੋਈ ਘੁਸਪੈਠੀਆ ਹੋਵੇ।
ਪਰ ਮੈਂ ਇਹ ਕਹਿਨਾਂ ਕਿ ਜਿਵੇਂ ਇਕ ਪਵਿੱਤਰ ਤੇ ਸੱਚੀ ਜ਼ਮੀਰ ਵਾਲੇ ਬੰਦੇ ਦੀ ਵੀ ਉਪਰ ਉੱਚਾ ਉੱਠਣ ਦੀ ਇਕ ਹੱਦ ਹੈ, ਜਿਸ ਤੋਂ ਅੱਗੇ ਉਹ ਨਹੀਂ ਜਾ ਸਕਦਾ, ਬਿਲਕੁਲ ਉਵੇਂ ਹੀ ਇਕ ਦੁਰਾਚਾਰੀ ਤੇ ਨੀਚ ਬੰਦੇ ਦੀ ਵੀ ਹੇਠਾਂ ਨਿਘਾਰ ਤੱਕ ਡਿੱਗਣ ਦੀ ਇਕ ਹੱਦ ਹੈ।
ਤੇ ਅਜਿਹਾ ਹੀ ਇਕ ਬੰਦਾ ਤੁਹਾਡੇ ਅੰਦਰ ਵੀ ਹੈ।
ਤੇ ਜਿਵੇਂ ਪੂਰੇ ਬਿਰਖ ਨੂੰ ਓਹਲੇ 'ਚ ਰੱਖ ਕੇ ਕੋਈ ਇਕ ਪੱਤਾ ਪੀਲਾ-ਜ਼ਰਦ ਨਹੀਂ ਪੈ ਸਕਦਾ, ਬਿਲਕੁਲ ਉਵੇਂ ਹੀ ਕੋਈ ਅਪਰਾਧੀ ਵੀ ਤੁਹਾਡੀ ਸਭਨਾਂ ਦੀ ਮੌਨ ਸਹਿਮਤੀ ਬਿਨਾਂ ਅਪਰਾਧ ਨਹੀਂ ਕਰ ਸਕਦਾ।
ਤੁਸੀਂ ਸਾਰੇ ਇਕ ਜਲੂਸ ਦੀ ਸ਼ਕਲ 'ਚ, ਇਕੱਠੇ ਹੀ ਆਪਣੀ ਅੰਤਰ-ਆਤਮਾ ਕੋਲ ਅੱਪੜਦੇ ਹੋ।
ਤੁਸੀਂ ਹੀ ਪੰਧ ਹੋ ਤੇ ਤੁਸੀਂ ਹੀ ਪਾਂਧੀ ਵੀ ।
ਤੇ ਜਦੋਂ ਤੁਹਾਡੇ 'ਚੋਂ ਕੋਈ ਡਿੱਗ ਪੈਂਦੇ, ਤਾਂ ਉਹ ਆਪਣੇ ਪਿੱਛੇ ਆ ਰਹੇ ਲੋਕਾਂ ਦੇ ਭਲੇ ਲਈ ਹੀ ਰਾਹ 'ਚ ਪਏ ਪੱਥਰ ਨਾਲ ਠੁੱਡਾ ਖਾ ਕੇ ਡਿੱਗਦੈ।
ਤੇ ਉਹ ਡਿੱਗਦਾ ਵੀ ਹੈ, ਤਾਂ ਸਿਰਫ਼ ਆਪਣੇ ਅੱਗੇ ਤੁਰਨ ਵਾਲੇ ਲੋਕਾਂ ਕਰਕੇ ਹੀ ਜਿਹੜੇ ਮਜ਼ਬੂਤ ਕਦਮਾਂ ਨਾਲ ਉਸ ਤੋਂ ਜ਼ਿਆਦਾ ਤੇਜ਼ੀ ਨਾਲ ਤੁਰ ਰਹੇ ਸਨ, ਪਰ ਉਨ੍ਹਾਂ ਨੇ ਰਾਹ 'ਚ ਪਏ ਉਸ ਪੱਥਰ ਨੂੰ ਪਾਸੇ ਨਹੀਂ ਕੀਤਾ।
ਤੇ ਹੁਣ ਮੈਂ ਜੋ ਕੁਝ ਆਖਾਂਗਾ, ਸ਼ਾਇਦ ਤੁਹਾਡੇ ਦਿਲ 'ਤੇ ਬੋਝ ਦੀ ਤਰ੍ਹਾਂ ਆ ਡਿੱਗੇ-
ਜਿਸਦੀ ਹੱਤਿਆ ਹੋਈ ਹੈ, ਉਹ ਆਪ ਵੀ ਆਪਣੀ ਹੱਤਿਆ ਲਈ ਜ਼ਿੰਮੇਵਾਰ ਹੈ-
ਤੇ ਜੋ ਲੁੱਟ ਪੁੱਟ ਗਿਐ, ਉਹ ਵੀ ਆਪਣੀ ਲੁੱਟ-ਖਸੁੱਟ ਲਈ ਬੇਕਸੂਰ ਨਹੀਂ ਹੈ।
ਕਿਸੇ ਅਪਰਾਧੀ ਦੇ ਕੁਕਰਮਾਂ ਤੋਂ ਕੋਈ ਦੁੱਧ-ਧੋਤਾ ਬੰਦਾ ਵੀ ਆਪਣੇ ਹੱਥ ਨਹੀਂ ਝਾੜ ਸਕਦਾ।
ਹਾਂ ਜੀ, ਅਪਰਾਧੀ ਵੀ ਅਕਸਰ ਫੱਟੜ ਬੰਦੇ ਹੱਥੋਂ ਹੀ ਪੀੜਤ ਹੁੰਦੇ।
ਤੇ ਅਕਸਰ ਤਾਂ ਏਦਾਂ ਹੁੰਦੈ ਕਿ ਇਕ ਕਸੂਰਵਾਰ ਬੰਦੇ ਨੂੰ ਬੇਕਸੂਰ ਤੇ ਸ਼ਰੀਫ਼ ਬੰਦਿਆਂ ਕਰਕੇ ਹੀ ਸਜ਼ਾ ਭੁਗਤਣੀ ਪੈਂਦੀ ਹੈ।
* 'ਗੁਰੂ ਨਾਨਕ ਵੀ 'ਬਾਬਰ ਬਾਣੀ' ਵਿੱਚ ਇਕ ਸ਼ਕਤੀਸ਼ਾਲੀ-ਸਮਰੱਥ ਹੱਥੋਂ ਦੂਸਰੇ ਸ਼ਕਤੀਸ਼ਾਲੀ-ਸਮਰੱਥ ਦੇ ਮਾਰੇ ਜਾਣ 'ਤੇ ਕੋਈ ਰੋਸ ਜਾਂ ਇਲਜ਼ਾਮ ਨਾ ਪ੍ਰਗਟਾਉਣ ਬਾਰੇ ਕਹਿੰਦੇ ਹਨ-
'ਜੇ ਸਕਤਾ ਸਕਰੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥'
(ਹਵਾਲਾ-ਪੰਜਾਬੀ ਅਨੁਵਾਦਕ)