ਆਜ਼ਾਦੀ
ਫੇਰ ਇਕ ਬੁਲਾਰੇ ਨੇ ਕਿਹਾ- "ਸਾਨੂੰ ਆਜ਼ਾਦੀ ਬਾਰੇ ਕੁਝ ਦੱਸੋ।”
ਤੇ ਉਹ ਬੋਲਿਆ-
"ਮੈਂ ਤੁਹਾਨੂੰ ਸ਼ਹਿਰ ਦੇ ਮੁੱਖ-ਦਰਵਾਜ਼ੇ ਤੇ ਪਵਿੱਤਰ ਅਗਨੀ ਦੇ ਸਨਮੁਖ ਸੀਸ ਨਿਵਾਉਂਦਿਆਂ, ਆਪਣੀ ਆਜ਼ਾਦੀ ਦੀ ਪੂਜਾ ਕਰਦਿਆਂ ਡਿੱਠੇ ।
ਬਿਲਕੁਲ ਉਵੇਂ ਹੀ, ਜਿਵੇਂ ਇਕ ਗੁਲਾਮ ਇਕ ਅੱਤਿਆਚਾਰੀ ਦੇ ਸਨਮੁਖ ਸੀਸ ਨਿਵਾ ਕੇ ਉਸ ਦੀ ਪ੍ਰਸੰਸਾ ਕਰਦੈ, ਭਾਵੇਂ ਅੱਤਿਆਚਾਰੀ ਉਨ੍ਹਾਂ ਨੂੰ ਮਰਵਾ ਦੀ ਦਿੰਦੈ।
ਤੇ ਮੈਂ ਮੰਦਰ ਦੇ ਬਾਗ਼-ਬਗ਼ੀਚੇ ਤੇ ਸ਼ਹਿਰ ਦੇ ਕਿਲ੍ਹੇ ਦੇ ਪਰਛਾਂਵੇਂ ਹੇਠ ਉਸ ਨੂੰ, ਜੋ ਤੁਹਾਡੇ ਸਭਨਾਂ 'ਚੋਂ ਸਭ ਤੋਂ ਵੱਧ ਆਜ਼ਾਦ ਹੈ, ਆਪਣੀ ਆਜ਼ਾਦੀ ਨੂੰ ਆਪਣੇ ਮੋਢਿਆਂ 'ਤੇ ਇਕ ਪੰਜਾਲੀ ਦੀ ਤਰ੍ਹਾਂ ਢੱਦਿਆਂ ਤੇ ਬੇੜੀਆਂ-ਹੱਥਕੜੀਆਂ ਦੀ ਤਰ੍ਹਾਂ ਪਹਿਣੇ ਹੋਏ ਤੱਕਿਐ।
ਤੇ ਇਹ ਵੇਖ ਕੇ ਅੰਦਰ ਹੀ ਅੰਦਰ ਮੇਰਾ ਦਿਲ ਖੂਨ ਦੇ ਹੰਝੂ ਰੋਂਦੈ।
ਕਿਉਂ ਕਿ ਤੁਸੀਂ ਉਦੋਂ ਤੱਕ ਹੀ ਆਜ਼ਾਦ ਹੋ, ਜਦੋਂ ਤੱਕ ਆਜ਼ਾਦੀ ਹਾਸਿਲ ਕਰਨ ਦੀ ਤਾਂਘ ਤੁਹਾਡੇ ਲਈ ਬੰਧਨ ਨਾ ਬਣ ਜਾਵੇ ਤੇ ਜਦੋਂ ਤੱਕ ਤੁਸੀਂ ਆਜ਼ਾਦੀ ਨੂੰ ਇੱਕ ਮੰਤਵ ਤੇ ਇਕ ਟੀਚੇ ਦੀ ਪ੍ਰਾਪਤੀ ਸਮਝਣਾ ਨਾ ਛੱਡ ਦੇਵੇਂ।
ਤੁਸੀਂ ਅਸਲ 'ਚ ਉਸ ਦਿਨ ਆਜ਼ਾਦ ਹੋਵੋਂਗੇ, ਜਦੋਂ ਤੁਹਾਡੇ ਦਿਨ ਚਿੰਤਾ-ਮੁਕਤ ਹੋਣਗੇ ਤੇ ਜਦੋਂ ਤੁਹਾਡੀਆਂ ਰਾਤਾਂ ਥੁੜ੍ਹਾਂ ਤੇ ਦੁਖੜਿਆਂ ਤੋਂ ਮੁਕਤ ਹੋਣਗੀਆਂ।*
ਪਰ ਬੇਹਤਰ ਹੈ ਕਿ ਇਨ੍ਹਾਂ ਸਭਨਾਂ ਵਸਤਾਂ ਨਾਲ ਘਿਰੇ ਰਹਿ ਕੇ ਵੀ ਤੁਸੀਂ ਇਨ੍ਹਾਂ ਸਭਨਾਂ ਤੋਂ ਉੱਪਰ ਉਠ ਜਾਓ-ਇਕਦਮ ਪਾਕ-ਪਵਿੱਤਰ ਤੇ ਨਿਰਲੇਪ।
ਤੇ ਤੁਸੀਂ ਆਪਣੇ ਇਨ੍ਹਾਂ ਦਿਨ-ਰਾਤਾਂ ਤੋਂ ਉਪਰ ਕਿਵੇਂ ਉਠ ਸਕਦੇ ਹੋ, ਜਦੋਂ ਤੱਕ ਕਿ ਤੁਸੀਂ ਉਨ੍ਹਾਂ ਬੇੜੀਆਂ-ਹੱਥਕੜੀਆਂ ਨੂੰ ਨਹੀਂ ਤੋੜ ਦਿੰਦੇ, ਜਿਨ੍ਹਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਦੀ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਮੱਲੋਮੱਲੀ ਨੂੜ ਰੱਖਿਆ ?
ਅਸਲ 'ਚ ਜਿਸ ਨੂੰ ਤੁਸੀਂ ਆਜ਼ਾਦੀ ਕਹਿੰਦੇ ਹੋ, ਉਹ ਤੁਹਾਡੇ ਪੈਰੀਂ ਪਈ ਸਭ ਤੋਂ ਮਜ਼ਬੂਤ ਥੋੜੀ ਹੈ, ਭਾਵੇਂ ਕਿ ਉਹ ਸੂਰਜ ਦੀ ਰੌਸ਼ਨੀ 'ਚ ਲਿਸ਼ਕ ਕੇ ਤੁਹਾਡੀਆਂ ਅੱਖਾਂ ਨੂੰ ਚੁੰਧਿਆ ਦਿੰਦੀ ਹੈ।
* ਤੇ ਉਸ ਦਿਨ ਹੀ ਬੁੱਲ੍ਹੇ ਸ਼ਾਹ ਵਾਂਗ ਮਨੁੱਖਤਾ ਆਜ਼ਾਦੀ ਦੀ ਕੈਫ਼ੀਅਤ ਵਿਚ ਗਾ ਉਠੱਗੀ, ਮੋਹ- ਮਾਇਆ ਦਾ ਸੰਗ ਤੋੜ ਕੇ-
'ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋਂ ਛੁੱਟੀ।
(ਹਵਾਲਾ-ਪੰਜਾਬੀ ਅਨੁਵਾਦਕ)