Back ArrowLogo
Info
Profile

ਦਰਦ

ਫਿਰ ਇਕ ਔਰਤ ਨੇ ਕਿਹਾ- "ਸਾਨੂੰ ਦਰਦ ਬਾਰੇ ਕੁਝ ਦੱਸੋ।”

ਤਾਂ ਉਸ ਨੇ ਆਖਿਆ-

"ਤੁਹਾਡਾ ਦਰਦ ਉਸ ਛਿੱਲੜ ਨੂੰ ਤੋੜਨ ਦੇ ਤੁੱਲ ਹੈ, ਜੋ ਤੁਹਾਡੀ ਅਕਲ ਨੂੰ ਵਲਗਣ ਦਿੰਦੀ ਹੈ।

ਕਿਸੇ ਫਲ ਦੇ ਬੀਅ ਦਾ ਪੁੰਗਰਨਾ ਵੀ ਜ਼ਰੂਰੀ ਹੈ, ਜਿਸ ਸਦਕਾ ਉਸ ਦਾ ਅੰਦਰ ਸੂਰਜ ਦਾ ਸਾਹਮਣਾ ਕਰ ਕੇ, ਦਰਦ ਮਹਿਸੂਸ ਕਰ ਸਕੇ।

ਤੇ ਜੇ ਤੁਸੀਂ ਆਪਣੀ ਜ਼ਿੰਦਗੀ ਵਿਚ ਹੋਣ ਵਾਲੇ ਰੋਜ਼ਾਨਾ ਦੇ ਕੋਤਕਾਂ ਨਾਲ ਖੁਦ ਨੂੰ ਅਚੰਭਿਤ ਕਰਦੇ ਹੋ, ਤਾਂ ਤੁਹਾਡਾ ਦਰਦ ਵੀ ਤੁਹਾਡੀ ਖ਼ੁਸ਼ੀ ਤੋਂ ਘੱਟ ਅਦਭੁਤ ਨਹੀਂ ਹੋਏਗਾ।

ਤੇ ਏਦਾਂ ਤੁਸੀਂ ਆਪਣੇ ਦਿਲ 'ਚ ਮੌਲਣ ਵਾਲੀਆਂ ਰੁੱਤਾਂ ਨੂੰ ਵੀ ਬਿਲਕੁਲ ਉਵੇਂ ਹੀ 'ਜੀ ਆਇਆਂ' ਆਖੋਂਗੇ, ਜਿਵੇਂ ਤੁਸੀਂ ਆਪਣੇ ਖੇਤਾਂ 'ਚ ਮੌਲਣ ਵਾਲੀਆਂ ਰੁੱਤਾਂ ਨੂੰ ਆਖਦੇ ਹੋ।

ਤੇ ਏਦਾਂ ਤੁਸੀਂ ਆਪਣੇ ਸਿਆਲ-ਰੂਪੀ ਦੁੱਖ-ਦਰਦ ਦੇ ਪ੍ਰਤੀ ਵੀ ਬੜੇ ਸਹਿਣਸ਼ੀਲ ਤੇ ਨੇਕ-ਦਿਲ ਬਣ ਜਾਓਗੇ।

ਜ਼ਿਆਦਾਤਰ ਤਾਂ ਤੁਹਾਡਾ ਦਰਦ ਤੁਹਾਡਾ ਆਪਣਾ ਹੀ ਚੁਣਿਆ ਹੋਇਆ ਹੁੰਦੇ।*

ਇਹ ਉਹ ਕੌੜੀ ਦਵਾਈ ਹੈ, ਜਿਸ ਰਾਹੀਂ ਤੁਹਾਡੇ ਆਪਣੇ ਅੰਦਰਲਾ ਵੈਦ ਤੁਹਾਡੀ ਬਿਮਾਰ ਆਤਮਾ ਦਾ ਇਲਾਜ ਕਰਦੇ।

ਇਸ ਲਈ ਆਪਣੇ ਵੈਦ 'ਤੇ ਭਰੋਸਾ ਰੱਖੋ ਤੇ ਉਸ ਦੀ ਦਵਾਈ-ਬੂਟੀ ਨੂੰ ਚੁੱਪ-ਚਪੀਤੇ ਸ਼ਾਂਤ ਮਨ ਨਾਲ ਪੀ ਜਾਓ।

ਕਿਉਂਕਿ ਉਹਦੇ ਹੱਥ 'ਚ, ਭਾਵੇਂ ਉਹ ਭਾਰਾ ਤੇ ਸਖ਼ਤ ਹੈ, ਅਦਿੱਖ ਪਰਮਾਤਮਾ ਦੇ ਨਾਜ਼ੁਕ ਹੱਥਾਂ ਦੇ ਨਿਰਦੇਸ਼ਨ ਹੇਠ ਬੜੀ ਬਰਕਤ ਹੈ।

ਤੇ ਜੋ ਪਿਆਲਾ ਉਹ ਲੈ ਕੇ ਆਉਂਦੇ, ਭਾਵੇਂ ਹੀ ਉਸ ਨੂੰ ਮੂੰਹ ਨਾਲ ਛੁਹਾ ਕੇ ਤੁਹਾਡੇ ਬੁੱਲ੍ਹ ਸੜ ਜਾਣ, ਉਹ ਉਸ ਮਿੱਟੀ ਦਾ ਬਣਿਐ, ਜਿਸ ਨੂੰ ਉਸ ਪਰਮਾਤਮਾ-ਰੂਪੀ ਘੁਮਿਆਰ ਨੇ ਆਪਣੇ ਪਵਿੱਤਰ ਹੰਝੂਆਂ ਨਾਲ ਸਿੱਲ੍ਹਾ ਕੀਤਾ।"

* ਚਰਨ ਸਿੰਘ ਸ਼ਹੀਦ ਨੇ ਵੀ ਆਪਣੀ ਕਵਿਤਾ 'ਜ਼ਿੰਦਗੀ' ਵਿੱਚ ਕੁਝ ਇਸੇ ਤਰ੍ਹਾਂ ਦੇ ਇਹਸਾਸ ਪ੍ਰਗਟ ਕੀਤੇ ਹਨ-

'ਜ਼ਿੰਦਗੀ ਤਾਂ ਬੜੀ ਮਿੱਠੀ

ਤੇ ਮਜ਼ੇ ਦੀ ਚੀਜ਼ ਹੈ,

ਆਪ ਹਾਂ ਲੈਂਦੇ ਬਣਾ,

ਕੌੜੀ ਤੇ ਖਾਰੀ ਜ਼ਿੰਦਗੀ।'

(ਹਵਾਲਾ-ਪੰਜਾਬੀ ਅਨੁਵਾਦਕ)

50 / 156
Previous
Next