ਆਤਮ-ਬੋਧ
ਅੱਗੋਂ ਕਿਸੇ ਜੇ ਬੰਦੇ ਨੇ ਕਿਹਾ- "ਸਾਨੂੰ ਆਤਮ-ਬੋਧ ਬਾਬਤ ਵੀ 'ਕੁਝ ਦੱਸੋ।"
ਤੇ ਫਿਰ ਉਸ ਨੇ ਜੁਆਬ ਦਿੱਤਾ-
"ਤੁਹਾਡਾ ਦਿਲ ਦਿਨ-ਰਾਤ ਦੇ ਭੇਤਾਂ ਨੂੰ ਜਾਣ ਕੇ ਚੁੱਪ ਰਹਿੰਦੈ, ਪਰ ਤੁਹਾਡੇ ਕੰਨ ਤੁਹਾਡੇ ਦਿਲ ਦੇ ਗਿਆਨ ਨੂੰ ਸੁਣਨ ਲਈ ਤਾਂਘਦੇ ਰਹਿੰਦੇ ਨੇ।
ਜੋ ਹਮੇਸ਼ਾ ਤੁਹਾਡੇ ਖ਼ਿਆਲਾਂ 'ਚ ਹੈ, ਉਸ ਨੂੰ ਤੁਸੀਂ ਪ੍ਰਤੱਖ ਰੂਪ ਵਿਚ ਵੀ ਜਾਣ ਹੀ ਲਵੋਗੇ ।
ਫੇਰ ਤੁਸੀਂ ਆਪਣੀਆਂ ਉਂਗਲਾਂ ਦੇ ਪੋਟਿਆਂ ਨਾਲ ਜਿਵੇਂ ਆਪਣੇ ਸੁਪਨਿਆਂ ਦੇ ਨੰਗ ਸਰੀਰ ਨੂੰ ਛੂਹ ਲਵੇਂਗੇ।
ਤੇ ਇਹ ਚੰਗੀ ਗੱਲ ਹੈ ਕਿ ਤੁਸੀਂ ਏਦਾਂ ਕਰ ਸਕਦੇ ਹੋ।
ਤੁਹਾਡੀ ਆਤਮਾ ਦੇ ਚਸ਼ਮੇ ਲਈ ਇਹ ਜ਼ਰੂਰੀ ਹੈ ਕਿ ਉਹ ਫੁੱਟ ਕੇ ਉੱਪਰ ਵੱਲ ਉਤੇ ਤੇ ਗੁਣਗੁਣਾਉਂਦਿਆਂ ਹੋਇਆ ਪਰਮਾਤਮਾ-ਰੂਪੀ ਸਾਗਰ 'ਚ ਮਿਲ ਜਾਵੇ।
ਉਦੋਂ ਤੁਹਾਡੇ ਅਨੰਤ ਡੂੰਘੇ ਲੁਕੇ ਖ਼ਜ਼ਾਨੇ ਤੁਹਾਡੀਆਂ ਅੱਖਾਂ ਦੇ ਮੂਹਰ ਪ੍ਰਤੱਖ ਹੋ ਜਾਣਗੇ ।
ਪਰ ਤੁਹਾਡੇ ਇਨ੍ਹਾਂ ਓਪਰੇ ਖ਼ਜ਼ਾਨਿਆਂ ਨੂੰ ਤੋਲਣ ਲਈ ਕੋਈ ਮਾਪਦੰਡ ਨਹੀਂ ਹੋਣ ਚਾਹੀਦਾ।
ਤੇ ਇਸ ਗਿਆਨ ਦੀਆਂ ਡੂੰਘਾਣਾਂ ਨੂੰ ਕਿਸੇ ਤਰ੍ਹਾਂ ਦੇ ਡਾਂਗ-ਸੋਟੇ ਜਾਂ ਕਿਸੇ ਡੂੰਘਾਏ ਮਾਪਣ ਦੇ ਨੇਮ-ਸਿਧਾਂਤ ਨਾਲ ਨਾ ਮਾਪੋ।
ਕਿਉਂਕਿ ਆਤਮ-ਬੋਧ ਦਾ ਇਹ ਸਾਗਰ ਅਥਾਹ ਤੇ ਅਨੰਤ ਹੈ।*
ਇਹ ਨਾ ਆਖੋ- 'ਮੈਂ ਪੂਰਾ ਸੱਚ ਹਾਸਿਲ ਕਰ ਲਿਐ।'
ਸਗੋਂ ਏਦਾਂ ਆਖੋ-ਮੈਂ ਇਕ ਸੋਚ ਹਾਸਿਲ ਕਰ ਲਿਐ।'
ਇਹ ਨਾ ਕਹੋ 'ਮੈਂ ਆਤਮਾ ਦਾ ਪੰਧ ਮੁਕਾ ਲਿਐ।'
ਸਗੋਂ ਇਹ ਕਹੋ 'ਆਪਣੇ ਪੰਧ 'ਤੇ ਚੱਲਦਿਆਂ-ਚਲਦਿਆਂ ਮੈਂ ਆਤਮਾ ਨੂੰ ਮਿਲ ਚੁੱਕਾ
ਕਿਉਂ ਕਿ ਆਤਮਾ ਸਾਰੇ ਰਾਹ 'ਤੇ ਤੁਰਦੀ ਹੈ।
ਆਤਮਾ ਕਿਸੇ ਇਕ ਲਕੀਰ ਦੀ ਫ਼ਕੀਰ ਨਹੀਂ ਬਣਦੀ ਤੇ ਨਾ ਹੀ ਕਿਸੇ ਸਰਕੰਡ ਦੇ ਤਰ੍ਹਾਂ ਵਧਦੀ ਹੈ।
ਆਤਮਾ ਤਾਂ ਖਿੜਦੀ ਹੈ, ਇਕ ਕਮਲ ਦੀ ਤਰ੍ਹਾਂ, ਅਣਗਿਣਤ ਪੰਖੜੀਆਂ 'ਚ।"
* ਸ਼ਾਹ ਹੁਸੈਨ ਨੇ 'ਆਤਮ-ਬੋਧ' ਬਾਰੇ ਬੜਾ ਬਾਕਮਾਲ ਲਿਖਿਐ-
'ਆਪ ਨੂੰ ਪਛਾਣ ਬੰਦੇ।
ਜੋ ਰੁਧ ਆਪਣਾ ਆਪ ਪਛਾਤਾ,
ਸਾਹਿਬ ਨੂੰ ਮਿਲਣ ਅਸਾਨ ਬੰਦੇ।
(ਹਵਾਲਾ-ਪੰਜਾਬੀ ਅਨੁਵਾਦਕ)