ਅਧਿਆਪਨ
ਫਿਰ ਇਕ ਅਧਿਆਪਕ ਨੇ ਕਿਹਾ-"ਸਾਨੂੰ ਅਧਿਆਪਨ ਬਾਰੇ ਕੁਝ ਦੱਸੋ।”
ਤੇ ਉਸ ਨੇ ਜੁਆਬ ਵਿਚ ਕਿਹਾ-
"ਤੁਹਾਡੇ ਗਿਆਨ ਦੇ ਚਾਨਣ 'ਚ ਜੋ ਕੁਝ ਉਨੀਂਦਰੀ ਹਾਲਤ 'ਚ ਪਿਐ, ਉਸ ਤੋਂ ਬਿਨਾਂ ਤੁਹਾਨੂੰ ਹੋਰ ਕੋਈ ਵੀ ਬੰਦਾ ਕੋਈ ਰਾਹ ਨਹੀਂ ਦਿਖਾ ਸਕਦਾ।
ਉਹ ਗੁਰੂ, ਜੋ ਮੰਦਰ ਦੀ ਛਾਵੇਂ-ਛਾਵੇਂ ਆਪਣੇ ਚੇਲਿਆਂ ਨਾਲ ਚੱਲਦੈ, ਉਹ ਆਪਣਾ ਗਿਆਨ ਨਹੀਂ ਵੰਡਦਾ, ਸਗੋਂ ਆਪਣਾ ਭਰੋਸਾ ਤੇ ਸਨੇਹ ਵੰਡਦੇ।
ਜੇ ਉਹ ਸੱਚਮੁੱਚ ਹੀ ਗਿਆਨਵਾਨ ਹੈ, ਤਾਂ ਉਹ ਤੁਹਾਨੂੰ ਆਪਣੇ ਗਿਆਨ ਦੇ ਘਰ 'ਚ ਦਾਖ਼ਲ ਨਹੀਂ ਹੋਣ ਦੇਵੇਗਾ, ਸਗੋਂ ਉਹ ਤੁਹਾਡਾ ਮਾਰਗ-ਦਰਸ਼ਨ ਕਰਕੇ, ਤੁਹਾਨੂੰ ਤੁਹਾਡੇ ਮਨ-ਮਸਤਕ ਦੇ ਬੂਹੇ 'ਤੇ ਲੈ ਜਾਏਗਾ।"
ਇਕ ਖਗੋਲ-ਸ਼ਾਸਤਰੀ ਤੁਹਾਨੂੰ ਆਪਣੇ ਬ੍ਰਹਿਮੰਡ ਦੇ ਗਿਆਨ ਬਾਰੇ ਦੱਸ ਤਾਂ ਸਕਦੇ, ਪਰ ਉਹ ਆਪਣਾ ਗਿਆਨ ਤੁਹਾਨੂੰ ਦੇ ਨਹੀਂ ਸਕਦਾ।
ਇਕ ਸੰਗੀਤਕਾਰ ਤੁਹਾਨੂੰ ਉਸ ਲੇਅ 'ਚ ਗਾ ਕੇ ਤਾਂ ਸੁਣਾ ਸਕਦੈ, ਜੋ ਇਸ ਕਾਇਨਾਤ 'ਚ ਧੜ੍ਹਕ ਰਹੀ ਹੈ, ਪਰ ਉਹ ਤੁਹਾਨੂੰ ਨਾ ਉਹ ਕੰਨ ਦੇ ਸਕਦੈ, ਜੋ ਉਸ ਲੈਅ ਨੂੰ ਫੜ ਸਕੇ ਤੇ ਨਾ ਹੀ ਉਹ ਆਵਾਜ਼ ਦੇ ਸਕਦੈ, ਜੋ ਉਸ ਲੈਅ ਦੀ ਗੂੰਜ ਬਣ ਸਕੇ।
ਉਹ ਸ਼ਖ਼ਸ ਜੋ ਅੰਕ-ਗਿਆਨ ਦਾ ਮਾਹਿਰ ਹੈ, ਉਹ ਤੁਹਾਨੂੰ ਨਾਪ-ਤੋਲ ਦੇ ਖੇਤਰਾਂ ਬਾਰੇ ਤਾਂ ਦੱਸ ਸਕਦੈ, ਪਰ ਉਸ ਪਾਸੇ ਤੁਹਾਡੀ ਅਗਵਾਈ ਨਹੀਂ ਕਰ ਸਕਦਾ।
ਕਿਉਂ ਕਿ ਇਕ ਬੰਦੇ ਦੀ ਨਜ਼ਰ, ਦੂਜੇ ਬੰਦੇ ਨੂੰ ਖੰਭ ਨਹੀਂ ਦੇ ਸਕਦੀ ਪਰਵਾਜ਼ ਭਰਨ ਲਈ।
ਤੇ ਤੁਹਾਡੇ 'ਚੋਂ ਹਰੇਕ ਬੰਦਾ, ਜਿਵੇਂ ਰੱਬੀ ਗਿਆਨ 'ਚ ਕੱਲਾ ਖੜ੍ਹੇ, ਉਵੇਂ ਹੀ ਤੁਹਾਡੇ 'ਚੋਂ ਹਰੇਕ ਬੰਦਾ ਰੱਬ ਬਾਰੇ ਤੇ ਇਸ ਧਰਤੀ ਬਾਰੇ ਆਪਣੇ ਗਿਆਨ 'ਚ ਵੀ 'ਕੱਲਾ ਹੀ ਰਹਿੰਦੇ।"
* 1. ਫ਼ਰੀਦ ਜੀ 'ਗੁਰੂ' ਕੋਲੋਂ ਮਾਰਗ-ਦਰਸ਼ਨ ਦੀ ਦਾਤ ਪ੍ਰਾਪਤ ਕਰਨ ਬਾਰੇ ਵਰਮਾਉਂਦੇ ਹਨ- 'ਜੋ ਗੁਰ ਦਸੇ ਵਾਟ ਮੁਰੀਦਾ ਜੋਲੀਐ।'
2. ਸੁਲਤਾਨ ਬਾਹੂ ਮੁਰਬਦ ਦੀ ਬਾਗ਼ਬਾਨ ਦੀ ਭੂਮਿਕਾ ਬਿਆਨਦਾ ਲਿਖਦੇ- 'ਅਲਫ ਅਲਾ ਚੰਬੇ ਦੀ ਬੂਟੀ ਮੁਰਸ਼ਦ ਮਨ ਮੇਰੇ ਵਿੱਚ ਲਾਈ ਹੂ।
3. ਸੁਖਮਨੀ ਸਾਹਿਬ ਵਿੱਚ ਗੁਰੂ ਨੂੰ ਆਪਣੇ ਚੇਲਿਆਂ-ਮੁਰੀਦਾਂ ਦੀਆਂ ਗਿਆਨ-ਵਿਹੂਣੀਆਂ ਅੰਨ੍ਹੀਆਂ ਅੱਖਾਂ ਵਿੱਚ ਗਿਆਨ ਦਾ ਸੁਰਮਾ ਪਾਉਣ ਵਾਲਾ ਆਖਿਆ ਗਿਆ- 'ਗਿਆਨ ਅੰਜਨ ਗੁਰ ਦੀਆ। ਅਗਿਆਨ ਅੰਧੇਰ ਬਿਨਾਸ॥'
4. ਗੁਰੂ ਰਾਮਦਾਸ ਜੀ ਵੀ ਸਿਸਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਗੁਰੂ ਦੀ ਬਾਤ ਪਾਉਂਦੇ ਹਨ- 'ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾਂ ॥
(ਹਵਾਲਾ-ਪੰਜਾਬੀ ਅਨੁਵਾਦਕ)