ਦੋਸਤੀ
ਅੱਗਿਓਂ ਇਕ ਨੌਜਵਾਨ ਨੇ ਕਿਹਾ- "ਸਾਨੂੰ ਦੋਸਤੀ ਬਾਰੇ ਦੱਸੋ।"
ਇਸਦਾ ਉਸ ਨੇ ਜੁਆਬ ਦਿਤਾ-
"ਤੁਹਾਡਾ ਦੋਸਤ-ਬੇਲੀ ਤੁਹਾਡੀਆਂ ਲੋੜਾਂ ਦੀ ਪੂਰਤੀ ਹੈ।
ਉਹ ਤੁਹਾਡਾ ਖੇਤ ਹੈ, ਜਿੱਥੇ ਤੁਸੀਂ ਪਿਆਰ ਨਾਲ ਬੀਅ ਬੀਜਦੇ ਹੋ ਤੇ ਫੇਰ ਸ਼ੁਕਰਾਨਾ ਕਰਦੇ ਹੋਏ ਉਸ ਦੀ ਫਸਲ ਵੱਢਦੇ ਹੋ।
ਉਹ ਤੁਹਾਡੇ ਲਈ ਇਕ ਮੰਚ ਹੈ ਤੇ ਆਪਣੇ ਆਰਾਮ-ਕਮਰੇ 'ਚ ਅੰਗੀਠੀ ਕੋਲ ਬੈਠ ਕੇ, ਅੱਗ ਸੇਕਣ ਦੀ ਥਾਂ ਹੈ।
ਕਿਉਂ ਕਿ ਤੁਸੀਂ ਉਸ ਕੋਲ ਆਪਣੀ ਲੋੜ ਜਾਂ ਥੁੜ੍ਹ ਲੈ ਕੇ ਆਉਂਦੇ ਹੋ ਤੇ ਇਹ ਆਸ ਕਰਦੇ ਹੋ ਕਿ ਉਸ ਦੀ ਸੰਗਤ ਤੁਹਾਨੂੰ ਸਕੂਨ ਦੇਵੇਗੀ।
ਜਦੋਂ ਤੁਹਾਡਾ ਦੋਸਤ ਤੁਹਾਡੇ ਸਨਮੁਖ ਆਪਣੇ ਮਨ ਦੀ ਗੱਲ ਕਰਦੈ, ਤਾਂ ਤੁਹਾਨੂੰ ਆਪਣੇ ਮਨ 'ਚ, 'ਨਾਂਹ' ਜਾਂ 'ਹਾਂ' ਆਖਣ ਦਾ ਭੈਅ ਨਹੀਂ ਰਹਿੰਦਾ।
ਤੇ ਜਦੋਂ ਉਹ ਚੁੱਪ ਹੋ ਜਾਂਦੈ, ਉਦੋਂ ਵੀ ਤੁਹਾਡਾ ਦਿਲ ਉਸ ਦੇ ਦਿਲ ਦੀ ਆਵਾਜ਼ ਸੁਣਨੀ ਬੰਦ ਨਹੀਂ ਕਰਦਾ।*
ਕਿਉਂ ਕਿ ਦੋਸਤੀ 'ਚ ਬਗ਼ੈਰ ਸ਼ਬਦਾਂ ਤੋਂ ਹੀ ਸਾਰੇ ਵਿਚਾਰ, ਸਾਰੀਆਂ ਸਧਰਾਂ ਤੇ ਸਾਰੀਆਂ ਆਸਾਂ ਜਨਮ ਲੈਂਦੀਆਂ ਨੇ, ਤੇ ਵੰਡੀਆਂ ਵੀ ਜਾਂਦੀਆਂ ਨੇ । ਤੇ ਏਦਾਂ ਕਰਦਿਆਂ ਜਿਸ ਖ਼ੁਸ਼ੀ-ਖੇੜੇ ਦਾ ਇਹਸਾਸ ਹੁੰਦੈ, ਉਹ ਬਿਆਨ ਨਹੀਂ ਕੀਤਾ ਜਾ ਸਕਦਾ।
ਜਦੋਂ ਤੁਸੀਂ ਆਪਣੇ ਦੋਸਤ ਨਾਲੋਂ ਵਿਛੜਦੇ ਹੋ ਤਾਂ ਤੁਹਾਨੂੰ ਦੁਖੀ ਨਹੀਂ ਹੋਣਾ ਚਾਹੀਦਾ।
ਕਿਉਂ ਕਿ ਦੋਸਤ ਦੀਆਂ ਸਾਰੀਆਂ ਖੂਬੀਆਂ, ਜਿਨ੍ਹਾਂ ਕਰਕੇ ਤੁਸੀਂ ਉਸ ਨੂੰ ਪਿਆਰ ਕਰਦੇ ਹੋ, ਉਸ ਦੀ ਗ਼ੈਰ-ਹਾਜ਼ਰੀ 'ਚ ਹੋਰ ਵੀ ਨਿਖਰ ਕੇ ਉਭਰਦੀਆਂ ਨੇ। ਬਿਲਕੁਲ ਉਵੇਂ ਹੀ, ਜਿਵੇਂ ਇਕ ਪਰਬਤ ਇਕ ਪਰਬਤਾਰੋਹੀ ਨੂੰ ਹੇਠਾਂ ਮੈਦਾਨ ਤੋਂ ਉਪਰ ਵੱਲ ਵੇਖਣ 'ਤੇ ਜ਼ਿਆਦਾ ਸਾਫ਼-ਸਪੱਸ਼ਟ ਦਿਸਦੇ।
* ਸੁਲਤਾਨ ਬਾਹੂ ਨੇ ਦੋਸਤੀ ਦੀ ਇਕਮਿਕਤਾ ਵਾਲੀ ਅਵਸਥਾ ਬਾਰੇ ਲਿਖਿਐ ਕਿ ਰੂਹਾਨੀਅਤ ਦੇ ਅਨੁਭਵਾਂ ਵਾਲੇ ਆਰਿਫ਼ ਦੀ ਅਵਸਥਾ ਸਿਰਫ਼ ਆਰਿਫ਼ ਹੀ ਜਾਣ ਸਕਦੇ, ਕੋਈ ਨਫ਼ਸਾਨੀ ਯਾਨੀ ਦੁਨਿਆਵੀ ਬੰਦਾ ਨਹੀਂ-
'ਆਰਫ ਦੀ ਗਲ ਆਰਫ ਜਾਣੇ ਕਿਆ ਜਾਣੇ ਨਵਸਾਨੀ ਹੂ ।
(ਹਵਾਲਾ-ਪੰਜਾਬੀ ਅਨੁਵਾਦਕ)