ਅਰਦਾਸ
ਫਿਰ ਇਕ ਪੁਜਾਰਨ ਨੇ ਕਿਹਾ- "ਸਾਨੂੰ ਅਰਦਾਸ ਬਾਰੇ ਕੁਝ ਸਮਝਾਓ।"
ਉਸਨੇ ਜੁਆਬ ਦਿੱਤਾ-
"ਤੁਸੀਂ ਓਦੋਂ ਹੀ ਅਰਦਾਸ ਕਰਦੇ ਹੋ, ਜਦੋਂ ਤੁਸੀਂ ਦੁਖੀ ਤੇ ਥੁੜ੍ਹਾਂ 'ਚ ਹੁੰਦੇ ਹੋ। ਕਿੰਨਾ ਚੰਗਾ ਹੋਵੇ ਕਿ ਤੁਸੀਂ ਉਦੋਂ ਵੀ ਸ਼ੁਕਰਾਨੇ ਦੀ ਅਰਦਾਸ ਕਰੋ, ਜਦੋਂ ਤੁਸੀਂ ਬੇਹੱਦ ਪ੍ਰਸੈਨ ਤੇ ਖ਼ੁਸ਼ਹਾਲ ਹੁੰਦੇ ਹੋ।
ਅਰਦਾਸ ਕਰਨੀ ਇਸ ਜੀਵ-ਲੋਕ 'ਚ ਆਪਣਾ ਵਿਸਤਾਰ ਕਰਨ ਤੋਂ ਜ਼ਿਆਦਾ ਹੋਰ ਭਲਾ ਕੀ ਹੈ ?"
ਤੇ ਜਦੋਂ ਤੁਸੀਂ ਆਪਣਾ ਹਨੇਰਾ ਆਕਾਸ਼ 'ਚ ਬਖੇਰਨ 'ਚ ਸੁੱਖ ਮਹਿਸੂਸ ਕਰਦੇ ਹੋ, ਤਾਂ ਤੁਹਾਨੂੰ ਆਪਣੇ ਦਿਲ ਦਾ ਖ਼ੁਸ਼ੀ-ਖੇੜਾ ਬਖੇਰਨ 'ਚ ਵੀ ਸੁੱਖ ਹੀ ਮਹਿਸੂਸ ਹੋਣਾ ਚਾਹੀਦੈ।
ਤੇ ਜਦੋਂ ਤੁਹਾਡੀ ਆਤਮਾ ਤੁਹਾਨੂੰ ਅਰਦਾਸ ਕਰਨ ਲਈ ਪ੍ਰੇਰਦੀ ਹੈ, ਉਸ ਵੇਲੇ ਤੁਸੀਂ । ਸਿਵਾਇ ਰੋਣ ਦੇ ਕੁਝ ਹੋਰ ਨਹੀਂ ਕਰ ਪਾਉਂਦੇ। ਤੁਹਾਡੀ ਆਤਮਾ ਨੂੰ ਚਾਹੀਦੈ ਕਿ ਉਹ ਤੁਹਾਨੂੰ ਉਦੋਂ ਤੱਕ ਪ੍ਰੇਰਦੀ ਰਹੇ, ਭਾਵੇਂ ਹੀ ਤੁਸੀਂ ਰੋਂਦੇ ਰਹੋ, ਜਦੋਂ ਤੱਕ ਤੁਸੀਂ ਹੱਸਦੇ-ਖਿੜਦੇ ਹੋਏ ਅਰਦਾਸ ਕਰਨ ਲਈ ਤਿਆਰ ਨਹੀਂ ਹੋ ਜਾਂਦੇ।
ਜਦੋਂ ਤੁਸੀਂ ਅਰਦਾਸ ਕਰਦੇ ਹੋ, ਤਾਂ ਏਨੇ ਉਪਰ ਉਠ ਜਾਂਦੇ ਹੋ ਕਿ ਉਨ੍ਹਾਂ ਸਭਨਾਂ ਲੋਕਾਂ ਨੂੰ ਵੀ ਮਿਲ ਸਕਦੇ ਹੋ, ਜੋ ਉਸ ਪਲ, ਉਸ ਖਿਣ ਅਰਦਾਸ ਕਰ ਰਹੇ ਹੁੰਦੇ ਨੇ ਤੇ ਜਿਨ੍ਹਾਂ ਨੂੰ ਸੰਭਵ ਤੌਰ 'ਤੇ ਤੁਸੀਂ ਅਰਦਾਸ ਦੇ ਇਲਾਵਾ ਹੋਰ ਕਦੇ ਨਾ ਮਿਲ ਸਕੋਂ।
ਇਸ ਲਈ ਉਸ ਅਦਿੱਖ ਹਰਿਮੰਦਰ ਤੱਕ ਤੁਹਾਡੀ ਯਾਤਰਾ ਦਾ ਮੰਤਵ ਸਿਰਫ਼ ਤੇ ਸਿਰਫ਼ ਰੱਬ ਨਾਲ ਨਿੱਘੇ-ਮਿਲਾਪ ਦੇ ਚਾਅ ਦੇ ਇਲਾਵਾ ਹੋਰ ਕੁਝ ਨਹੀਂ ਹੋਣਾ ਚਾਹੀਦਾ।
ਤੇ ਜੇ ਤੁਸੀਂ ਕਿਸੇ ਹੋਰ ਮੰਤਵ ਨਾਲ ਨਹੀਂ, ਸਗੋਂ ਸਿਰਫ਼ ਮੰਗਣ ਦੇ ਟੀਚੇ ਨਾਲ ਹੀ ਹਰਿਮੰਦਰ 'ਚ ਦਾਖ਼ਲ ਹੁੰਦੇ ਹੋ, ਤਾਂ ਤੁਸੀਂ ਕੁਝ ਵੀ ਪ੍ਰਾਪਤ ਨਹੀਂ ਕਰ ਸਕੋਂਗੇ।
* ਸੁਲਤਾਨ ਬਾਹੂ ਨੇ ਅਰਦਾਸ (ਨਿਮਾਜ਼) ਨੂੰ ਇਕ ਅਜਪਣਯੋਗ ਜਾਪ ਕਿਹੈ, ਜਿਸ ਵਿੱਚ ਕੋਈ ਹਰਫ਼ ਜਾਂ ਉਚਾਰਣ ਨਹੀਂ, ਸਿਰਫ਼ ਨੈਣਾਂ ਦੀ ਖੁਮਾਰੀ ਹੈ-
'ਐਨ ਆਸ਼ਕ ਪੜਨ ਨਿਮਾਜ਼ ਧਰਮ ਦੀ ਜਿਸ ਵਿਚ ਹਰਫ ਨ ਕੋਈ ਹੂ।
ਨੈਣ ਮਤਵਾਲੇ ਖੂਨ ਜਿਗਰ ਦਾ ਉਥੇ ਵਜ੍ਹਾ ਪਾਠ ਸਜੇਈ ਹੂ।
ਜੀਭ ਤੇ ਹੇਂਠ ਨ ਹਿਲਣ ਬਾਹੂ ਖ਼ਾਧ ਨਿਮਾਜ਼ੀ ਸੋਈ ਹੂ ।
(ਹਵਾਲਾ-ਪੰਜਾਬੀ ਅਨੁਵਾਦਕ)