Back ArrowLogo
Info
Profile

ਖੇੜਾ-ਆਨੰਦ

ਫੇਰ ਇਕ ਸੰਨਿਆਸੀ, ਜੋ ਉਸ ਸ਼ਹਿਰ 'ਚ ਹਰ ਵਰ੍ਹੇ ਇਕੇਰਾਂ ਜ਼ਰੂਰ ਆਉਂਦਾ ਸੀ, ਅੱਗੇ ਆਇਆ ਤੇ ਬੋਲਿਆ- "ਸਾਨੂੰ ਮਨ ਦੇ ਖੇੜੇ ਬਾਰੇ ਕੁਝ ਦੱਸੋ।”

ਤੇ ਉਸ ਨੇ ਜੁਆਬ ਦਿੱਤਾ-

"ਖੁਸ਼ੀ-ਖੇੜਾ ਆਜ਼ਾਦੀ ਦਾ ਇਕ ਗੀਤ ਹੈ,

ਪਰ ਇਹ ਆਪ ਆਜ਼ਾਦੀ ਨਹੀਂ ਹੈ।

ਇਹ ਤੁਹਾਡੀਆਂ ਸਧਰਾਂ ਦਾ ਵਿਕਸਿਤ ਹੋਣਾ ਹੈ,

ਪਰ ਇਹ ਉਨ੍ਹਾਂ ਦਾ ਮੇਵਾ (ਫਲ) ਨਹੀਂ ਹੈ।

ਇਹ ਉੱਚਾਈ ਵੱਲ ਵੇਖਦੀ ਹੋਈ ਡੂੰਘਾਈ ਹੈ,

ਪਰ ਇਹ ਨਾ ਤਾਂ ਡੂੰਘੀ ਹੀ ਹੈ ਤੇ ਨਾ ਹੀ ਉੱਚੀ।

ਇਹ ਉੱਡਦੇ ਹੋਈ ਪਿੰਜਰੇ ਦੇ ਤੁੱਲ ਹੈ,

ਪਰ ਇਹ ਕਿਸੇ ਥਾਂ 'ਚ ਕੈਦ ਨਹੀਂ ਹੈ।

ਤੇ ਹਰੇਕ ਨਜ਼ਰੀਏ ਤੋਂ ਖੇੜਾ ਤਾਂ ਆਜ਼ਾਦੀ ਦਾ ਇਕ ਤਰਾਨਾ ਹੀ ਹੈ।

ਤੇ ਭਾਵੇਂ ਮੈਂ ਚਾਹਾਂਗਾ ਕਿ ਤੁਸੀਂ ਇਸ ਨੂੰ ਪੂਰੇ ਦਿਲੋਂ ਗਾਓਂ, ਪਰ ਫੇਰ ਵੀ ਮੈਂ ਇਹ ਨਹੀਂ ਚਾਹਾਂਗਾ ਕਿ ਤੁਸੀਂ ਇਸ ਨੂੰ ਗੁਣਗੁਣਾਉਂਦਿਆਂ ਇਸਦੇ ਮੋਹ 'ਚ ਪੈ ਕੇ ਆਪਣੇ ਆਪ ਨੂੰ ਭੁੱਲ ਹੀ ਜਾਓ।

ਤੁਹਾਡੇ 'ਚੋਂ ਕੁਝ ਨੌਜੁਆਨ ਖ਼ੁਸ਼ੀ-ਖੇੜੇ ਦੀ ਕਾਮਨਾ ਇਸ ਢੰਗ ਨਾਲ ਕਰਦੇ ਨੇ, ਜਿਵੇਂ ਇਹੀ ਸਭ-ਕੁਝ ਹੋਵੇ, ਤੇ ਇਸੇ ਲਈ ਉਨ੍ਹਾਂ ਦੀ ਆਲੋਚਨਾ ਤੇ ਝਾੜ-ਝੰਬ ਵੀ ਹੁੰਦੀ ਹੈ।

ਮੈਂ ਨਾ ਤਾਂ ਉਨ੍ਹਾਂ ਦੀ ਆਲੋਚਨਾ ਕਰਾਂਗਾ ਤੇ ਨਾ ਹੀ ਝਾੜ-ਝੰਬ।

ਮੈਂ ਤਾਂ ਚਾਹੁੰਨਾਂ ਕਿ ਉਹ ਖੇੜੇ ਦੀ ਕਾਮਨਾ ਕਰਨ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਖੇੜੇ ਦੀ ਪ੍ਰਾਪਤੀ ਤਾਂ ਹੋਏਗੀ ਹੀ, ਪਰ ਸਿਰਫ਼ ਖੇੜੇ-ਆਨੰਦ ਦੀ ਹੀ ਨਹੀਂ, ਖੇੜੇ ਦੀਆਂ ਸੱਤ ਹੋਰ ਭੈਣਾਂ ਵੀ ਨੇ ਤੇ ਉਨ੍ਹਾਂ 'ਚੋਂ ਜਿਹੜੀ ਸਭ ਤੋਂ ਘੱਟ ਸੁਹਣੀ ਹੈ, ਉਹ ਵੀ ਖੇੜੇ-ਆਨੰਦ ਤੋਂ ਜ਼ਿਆਦਾ ਸੁਹਣੀ ਹੈ।"

* ਇਸੇ ਤਰ੍ਹਾਂ, 'ਪੰਥ ਪ੍ਰਕਾਸ਼' (ਗਿਆਨੀ ਗਿਆਨ ਸਿੰਘ ਕ੍ਰਿਤ) ਵਿੱਚ ਸੰਤ ਸੁਧਾਂ (ਹੋਸ਼) ਦਾ ਜ਼ਿਕਰ ਹੈ- ਧੀਰਜ, ਬੁੱਧੀ, ਬਿਬੇਕ, ਬਲ, ਟਿਕਾਉ, ਮਰਿਆਦਾ ਤੇ ਜਿਗਿਆਸਾ ਦੀ ਤ੍ਰਿਪਤੀ (ਵਸੀਲਾ-ਗੁਰਸ਼ਬਦ ਰਤਨਾਕਰ ਮਹਾਨ ਕੋਸ਼)

(ਹਵਾਲਾ-ਪੰਜਾਬੀ ਅਨੁਵਾਦਕ)

64 / 156
Previous
Next