ਕੀ ਤੁਸੀਂ ਉਸ ਬੰਦੇ ਬਾਰੇ ਨਹੀਂ ਸੁਣਿਆ, ਜਿਹੜਾ ਜੜ੍ਹਾਂ ਨੂੰ ਕੱਢਣ ਲਈ ਧਰਤੀ ਪੁੱਟ ਰਿਹਾ ਸੀ ਤੇ ਉਸ ਨੇ ਇਕ ਖ਼ਜ਼ਾਨਾ ਲੱਭ ਲਿਆ।
ਤੇ ਤੁਹਾਡੇ ਕੁਝ ਬਜ਼ੁਰਗ ਖੇੜੇ-ਆਨੰਦ ਨੂੰ ਪਛਤਾਉਂਦਿਆਂ ਹੋਇਆਂ ਚੇਤੇ ਕਰਦੇ ਨੇ ਜਿਵੇਂ ਉਨ੍ਹਾਂ ਨਸ਼ੇ 'ਚ ਧੁੱਤ ਹੋ ਕੇ ਕੋਈ ਅਪਰਾਧ ਕਰ ਦਿੱਤਾ ਹੋਵੇ।
ਪਰ ਪਛਤਾਵਾ ਤਾਂ ਮਨ ਨੂੰ ਸਗੋਂ ਹੋਰ ਵੀ ਧੁੰਦਲਾ ਕਰਦੈ, ਨਾ ਕਿ ਉਸ ਨੂੰ ਸਜ਼ਾ ਦੇ ਕੇ ਪਵਿੱਤਰ ਕਰਦੇ।
ਸਗੋਂ ਉਨ੍ਹਾਂ ਨੂੰ ਤਾਂ ਆਪਣੇ ਖੇੜੇ ਭਰੇ ਪਲਾਂ ਨੂੰ ਉਵੇਂ ਹੀ ਚੇਤੇ ਕਰਨਾ ਚਾਹੀਦੈ, ਜਿਵੇਂ ਉਹ ਹਾੜ੍ਹੀ ਦੀ ਪੱਕੀ ਫਸਲ ਨੂੰ ਚੇਤੇ ਕਰਦੇ ਨੇ।
ਫੇਰ ਵੀ ਜੇ ਉਨ੍ਹਾਂ ਨੂੰ ਪਛਤਾਵਾ ਕਰ ਕੇ ਸੁੱਖ ਮਿਲਦੈ, ਤਾਂ ਉਨ੍ਹਾਂ ਨੂੰ ਏਦਾਂ ਹੀ ਸੁੱਖ ਮਾਣਨ ਦਿਓ।
ਤੇ ਤੁਹਾਡੇ 'ਚੋਂ ਕੁਝ ਲੋਕ ਅਜਿਹੇ ਵੀ ਹੋਣਗੇ, ਜੋ ਨਾ ਤਾਂ ਏਨੇ ਜੁਆਨ ਨੇ ਕਿ ਖੇੜੇ- ਆਨੰਦ ਦੀ ਕਾਮਨਾ ਕਰਨ ਤੇ ਨਾ ਹੀ ਏਨੇ ਬੁੱਢੇ ਕਿ ਹੁਣੇ ਤੋਂ ਉਸ ਨੂੰ ਚੇਤੇ ਕਰ ਕੇ ਝੂਰਨ।
ਤੇ ਇਸ ਦੀ ਕਾਮਨਾ ਕਰਨ ਤੇ ਇਸ ਨੂੰ ਚੇਤੇ ਕਰਨ ਦੇ ਡਰ ਨਾਲ ਉਹ ਸਾਰੇ ਲੋਕ ਖ਼ੁਸ਼ੀਆਂ-ਖੇੜਿਆਂ ਤੋਂ ਦੂਰ ਨੱਸਦੇ ਰਹਿੰਦੇ ਨੇ, ਤਾਂ ਕਿ ਉਹ ਕਿਤੇ ਆਪਣੀ ਆਤਮਾ ਦਾ ਨਿਰਾਦਰ ਜਾਂ ਉਲੰਘਣਾ ਨਾ ਕਰ ਬੈਠਣ।
ਪਰ ਇਸ ਤਰ੍ਹਾਂ ਪਰਹੇਜ਼ ਰੱਖਣ 'ਚ ਵੀ ਉਨ੍ਹਾਂ ਨੂੰ ਖੇੜੇ ਦੀ ਪ੍ਰਾਪਤੀ ਹੁੰਦੀ ਹੈ।
ਏਦਾਂ ਉਨ੍ਹਾਂ ਨੂੰ ਵੀ ਖ਼ਜ਼ਾਨੇ ਦੀ ਪ੍ਰਾਪਤੀ ਹੁੰਦੀ ਹੈ, ਭਾਵੇਂ ਉਹ ਕੰਬਦੇ ਹੱਥੀਂ ਜੜ੍ਹਾਂ ਬਾਹਰ ਕੱਢਣ ਲਈ ਹੀ ਧਰਤੀ ਨੂੰ ਪੁੱਟ ਰਹੇ ਹੁੰਦੇ ਨੇ।
ਪਰ ਮੈਨੂੰ ਇਹ ਦੱਸੋ ਕਿ ਅਜਿਹਾ ਕੌਣ ਹੈ, ਜੋ ਆਤਮਾ ਦਾ ਨਿਰਾਦਰ ਕਰ ਸਕਦੇ।
ਕੀ ਇਕ ਕੋਇਲ ਰਾਤ ਦੀ ਚੁੱਪ ਦਾ ਨਿਰਾਦਰ ਕਰ ਸਕਦੀ ਹੈ ਜਾਂ ਫਿਰ ਇਕ ਜੁਗਨੂੰ ਕੀ ਤਾਰਿਆਂ ਦਾ ਨਿਰਾਦਰ ਕਰ ਸਕਦੇ ?
ਕੀ ਤੁਹਾਡੀ ਅੱਗ ਦਾ ਸੇਕ ਜਾਂ ਧੂੰਆਂ, ਹਵਾ ਦਾ ਕੁਝ ਵਿਗਾੜ ਸਕਦੇ ?
ਕੀ ਤੁਸੀਂ ਇਹ ਸੋਚਦੇ ਹੋ ਕਿ ਆਤਮਾ ਇਕ ਸ਼ਾਂਤ-ਅਹਿਲ ਤਾਲਾਬ ਹੈ, ਜਿਸ ਤੁਸੀਂ ਨੂੰ ਇਕ ਸੋਟੀ ਨਾਲ ਹਿਲਾ ਕੇ ਅਸ਼ਾਂਤ ਕਰ ਸਕਦੇ ਹੋ ?
ਅਕਸਰ ਤੁਹਾਨੂੰ ਖ਼ੁਦ ਨੂੰ ਖੋੜੇ-ਆਨੰਦ ਤੋਂ ਵਾਂਝਾ ਰੱਖਣ ਦੇ ਜਤਨ 'ਚ ਹਾਸਿਲ ਤਾਂ ਕੁਝ ਨਹੀਂ ਹੁੰਦਾ, ਸਗੋਂ ਤੁਸੀਂ ਉਸ ਦੀ ਲੋਚਾ ਆਪਣੇ ਅੰਤਰ-ਮਨ 'ਚ ਕਿਸੇ ਖੂੰਜੇ ਸੰਜੋਅ ਕੇ ਰੱਖ ਲੈਂਦੇ ਹੋ।
ਕੌਣ ਜਾਣਦੈ, ਜੋ ਅੱਜ ਹੋਣੋਂ ਰਹਿ ਗਿਆ ਜਾਪਦੇ, ਉਹ ਭਲਕੇ ਹੋਣ ਦੀ ਉਡੀਕ ਕਰ ਰਿਹਾ ਹੋਵੇ ?
ਤੁਹਾਡਾ ਸਰੀਰ ਵੀ ਆਪਣੀ ਰਵਾਇਤ ਤੇ ਆਪਣੀ ਵਾਜਿਬ ਲੋੜ ਨੂੰ ਪਛਾਣਦੇ ਇਸ ਲਈ ਉਸ ਨੂੰ ਧੋਖਾ ਨਹੀਂ ਦਿੱਤਾ ਜਾ ਸਕਦੈ।
ਤੁਹਾਡਾ ਸਰੀਰ ਤੁਹਾਡੀ ਆਤਮਾ ਦੀ ਰਬਾਬ ਹੈ ਤੇ ਇਹ ਤੁਹਾਡੇ 'ਤੇ ਨਿਰਭਰ ਕਰਦੀ ਹੈ ਕਿ ਤੁਸੀਂ ਇਸ ਰਬਾਬ 'ਚੋਂ ਮਿੱਠਾ ਸੰਗੀਤ ਟੁਣਕਾਉਂਦੇ ਹੋ ਜਾਂ ਫਾਲਤੂ ਦੀਆਂ ਧੁਨੀਆਂ।