ਪਤਝੜ ਦੇ ਪੱਤਿਆਂ 'ਤੇ ਨੱਚਦਿਆਂ ਤੱਕਿਐ ਤੇ ਉਹਦੇ ਵਾਲਾਂ 'ਚ ਅਟਕੇ ਬਰਫ਼ ਦੇ ਗਲੋਟਿਆਂ ਨੂੰ ਵੀ ਤੱਕਿਐ।
ਇਹ ਸਭ ਗੱਲਾਂ ਤੁਸੀਂ ਲੋਕਾਂ ਨੇ ਸੁਹੱਪਣ ਬਾਬਤ ਆਖੀਆਂ ਨੇ।
ਫੇਰ ਵੀ ਅਸਲੀਅਤ ਇਹ ਹੈ ਕਿ ਇਹ ਸਭ ਤੁਸੀਂ ਸੁਹੱਪਣ ਬਾਰੇ ਨਹੀਂ, ਸਗੋਂ ਆਪਣੀਆਂ ਉਨ੍ਹਾਂ ਲੋੜਾਂ ਬਾਰੇ ਆਖਿਐ, ਜੋ ਪੂਰੀਆਂ ਹੋਣੋਂ ਰਹਿ ਗਈਆਂ ਨੇ।
ਤੇ ਸੁਹੱਪਣ ਕੋਈ ਲੋੜ ਨਹੀਂ, ਸਗੋਂ ਇਕ ਵਿਸਮਾਦ ਹੈ।"
ਇਹ ਕੋਈ ਤੇਹ ਨਾਲ ਸੁੱਕਿਆ ਮੂੰਹ ਨਹੀਂ ਹੈ ਤੇ ਨਾ ਹੀ ਕਿਸੇ ਅੱਗੇ ਅੱਡਿਆ ਖ਼ਾਲੀ ਹੱਥ ਹੈ।
ਇਹ ਤਾਂ ਇਕ ਜੋਤ-ਸਰੂਪ ਹਿਰਦਾ ਹੈ ਤੇ ਇਕ ਮੰਤਰ-ਮੁਗਧ ਆਤਮਾ ਹੈ।**
ਇਹ ਕੋਈ ਅਜਿਹੀ ਤਸਵੀਰ ਨਹੀਂ ਹੈ, ਜਿਸ ਨੂੰ ਤੁਸੀਂ ਵੇਖ ਸਕੇਂ ਤੇ ਨਾ ਹੀ ਇਹ ਕੋਈ ਅਜਿਹਾ ਗੀਤ ਹੈ, ਜਿਸ ਨੂੰ ਤੁਸੀਂ ਸੁਣ ਸਕੋਂ।
ਇਹ ਤਾਂ ਉਹ ਤਸਵੀਰ ਹੈ, ਜਿਸ ਨੂੰ ਤੁਸੀਂ ਵੇਖ ਤਾਂ ਸਕਦੇ ਹੋ, ਪਰ ਮੁੱਦੀਆਂ ਅੱਖਾਂ ਨਾਲ, ਤੇ ਇਹ ਤਾਂ ਉਹ ਗੀਤ ਹੈ, ਜਿਸ ਨੂੰ ਤੁਸੀਂ ਸੁਣ ਤਾਂ ਸਕਦੇ ਹੋ, ਪਰ ਬੰਦ ਕੰਨਾਂ ਨਾਲ।
ਇਹ ਕਿਸੇ ਬਿਰਖ ਦੇ ਸੱਕ ਦੀਆਂ ਭਰੀਆਂ ਅੰਦਰਲਾ ਰਸ ਨਹੀਂ ਹੈ ਤੇ ਨਾ ਹੀ ਇਹ ਕਿਸੇ ਪੰਜੇ 'ਚ ਫਸਿਆ ਕੋਈ ਖੰਭ ਹੈ।
ਸਗੋਂ ਇਹ ਤਾਂ ਉਹ ਬਾਗ਼ ਹੈ, ਜੋ ਹਮੇਸ਼ਾ ਖਿੜਿਆ-ਹਰਿਆ ਰਹਿੰਦੇ ਤੇ ਇਹ ਫ਼ਰਿਸ਼ਤਿਆਂ ਦਾ ਉਹ ਜੁੱਟ ਹੈ, ਜੋ ਹਮੇਸ਼ਾ ਉੱਡਦਾ ਰਹਿੰਦੈ।
ਐ ਓਰਫੇਲਿਸ ਦੇ ਲੋਕੋ, ਸੁਹੱਪਣ ਹੀ ਉਹ ਜ਼ਿੰਦਗੀ ਹੈ, ਜੋ ਉਦੋਂ ਦਿਸਦੀ ਹੈ, ਜਦੋਂ ਜ਼ਿੰਦਗੀ ਆਪਣੇ ਪਵਿੱਤਰ ਚਿਹਰੇ ਦਾ ਮਖੌਟਾ ਲਾਹ ਸੁੱਟਦੀ ਹੈ।
ਪਰ ਤੁਸੀਂ ਆਪ ਹੀ ਜ਼ਿੰਦਗੀ ਹੋ ਤੇ ਤੁਸੀਂ ਆਪ ਹੀ ਮਖੌਟੇ ਵੀ॥
ਸੁਹੱਪਣ ਇਕ ਬੇਅੰਤਤਾ ਹੈ, ਜੋ ਖ਼ੁਦ ਨੂੰ ਸ਼ੀਸ਼ੇ 'ਚ ਤੱਕਦਾ ਰਹਿੰਦੈ। ਪਰ ਤੁਸੀਂ ਹੀ ਬੇਅੰਤ ਹੋ ਤੇ ਤੁਸੀਂ ਹੀ ਸ਼ੀਸ਼ਾ ਵੀ।"
* ਪ੍ਰੋ. ਪੂਰਨ ਸਿੰਘ ਆਪਣੇ 'ਮੇਰਾ ਟੁੱਟਾ ਜਿਹਾ ਗੀਤ' ਵਿਚ ਇਸੇ ਵਿਸਮਾਦ ਨਾਲ ਸਰਾਬੋਰ ਹੋ ਰਹੇ ਹਨ-
'ਰੇਤਾਂ ਵਿਚ ਡੁੱਲ੍ਹੇ ਚਮਕਦੇ, ਵੜਨ ਨਹੀਂ ਹੁੰਦੇ,
ਮੇਰੇ ਅੱਖਰਾਂ ਦੇ ਦਰਿਆ ਨਸਦੇ ਜਾਂਦੇ,
ਮੋਤੀਆਂ ਦੇ ਹੜ੍ਹ!!
ਮੈਨੂੰ ਰੰਗ ਨਹੀਂ ਬੰਨ੍ਹਣਾ ਆਉਂਦਾ ਹਾਲੀ,
ਉਹ ਰੰਗ ਜਿਹੜਾ ਕਦੀ ਕਦੀ,
ਮੇਰੇ ਅੰਦਰ ਕਣੀ ਕਣੀ ਅਚਨਚੇਤ ਵਰਦਾ!!
ਮਾੜਾ ਮਾੜਾ ਰੰਗ ਕੁਛ ਘੁੱਲ ਘੁੱਲ ਸਿਮਦਾ!
ਰਮਜ਼ਾਂ ਉੱਚੀਆਂ, ਨਦਾਨ ਮੈਂਡੀ ਉਮਰ ਹਾਲੀ।
** ਗੁਰੂ ਅਮਰਦਾਸ ਜੀ ਵੀ ਤਾਂ ਇਹੀ ਹੋਕਾ ਦੇ ਰਹੇ ਹਨ-
'ਮਨ ਤੂੰ ਜੋਤਿ ਸਰੂਪੁ ਹੈ,
ਅਪਣਾ ਮੂਲੁ ਪਛਾਣੁ ।
(ਹਵਾਲਾ-ਪੰਜਾਬੀ ਅਨੁਵਾਦਕ)