

ਤੇ ਜੇ ਤੁਸੀਂ ਉਸ ਸੁਪਨੇ ਦੀ ਸਰਰੀਸ਼ੀ (ਫੁਸਫਸਾਹਟ) ਨੂੰ ਸੁਣ ਸਕਦੇ, ਤਾਂ ਤੁਹਾਨੂੰ ਹੋਰ ਕੋਈ ਆਵਾਜ਼ ਨਾ ਸੁਣਦੀ।
ਪਰ ਤੁਸੀਂ ਨਾ ਤਾਂ ਕੁਝ ਵੇਖਦੇ ਹੋ ਤੇ ਨਾ ਹੀ ਸੁਣਦੇ ਹੈ, ਤੇ ਇਹ ਚੰਗਾ ਵੀ ਹੈ।
ਤੁਹਾਡੀਆਂ ਅੱਖਾਂ 'ਤੇ ਜੋ ਪਰਦਾ ਪਿਐ, ਉਹਨੂੰ ਉਹ ਪਾਸੇ ਕਰੇਗਾ, ਜੀਹਨੇ ਉਹਨੂੰ ਬੁਣਿਐ,
ਤੇ ਉਹ ਮਿੱਟੀ-ਘੱਟਾ, ਜੇ ਤੁਹਾਡੇ ਕੰਨਾਂ 'ਚ ਠੂਸਿਆ ਹੋਇਐ, ਉਹਨੂੰ ਉਹੀ ਉਂਗਲਾਂ ਸਾਫ਼ ਕਰਨਗੀਆਂ, ਜਿਨ੍ਹਾਂ ਨੇ ਉਹਨੂੰ ਠੂਸਿਐ।
ਤੇ ਫੇਰ ਤੁਸੀਂ ਵੇਖ ਸਕੋਂਗੇ।
ਤੇ ਤੁਸੀਂ ਸੁਣ ਸਕੋਂਗੇ।
ਪਰ ਫੇਰ ਵੀ ਤੁਹਾਨੂੰ ਇਸ ਗੱਲ ਦਾ ਦੁੱਖ ਨਹੀਂ ਹੋਏਗਾ ਕਿ ਤੁਸੀਂ ਕਦੇ ਇਸ ਅੰਨ੍ਹੇਪਣ ਤੇ ਬੋਲ਼ੇਪਣ ਨੂੰ ਹੰਢਾਇਆ ਸੀ,
ਕਿਉਂਕਿ ਓਦਨ ਤੁਸੀਂ ਸਾਰੀਆਂ ਵਸਤਾਂ ਦੇ ਲੁਕੇ ਹੋਏ ਮੰਤਵਾਂ ਨੂੰ ਸਮਝ ਜਾਉਂਗੇ।
ਤੇ ਤੁਸੀਂ ਉਸ ਹਨੇਰੇ ਦਾ ਵੀ ਉਵੇਂ ਹੀ ਸ਼ੁਕਰਾਨਾ ਅਦਾ ਕਰੇਂਗੇ, ਜਿਵੇਂ ਇਸ ਰੌਸ਼ਨੀ ਦਾ ।"
ਏਨਾ ਸਭ ਕਹਿਣ ਤੋਂ ਬਾਅਦ ਉਸ ਨੇ ਆਪਣੇ ਚੁਫ਼ੋਰੇ ਨਿਗ੍ਹਾ ਮਾਰੀ ਤੇ ਵੇਖਿਆ ਕਿ ਜਹਾਜ਼ ਦਾ ਜਹਾਜ਼ਰਾਨ ਜਹਾਜ਼ ਦੇ ਮੁਹਾਣੇ ਦੇ ਕੋਲ ਖੜ੍ਹਾ ਹੋ ਕੇ, ਚੱਲਣ ਲਈ ਤਿਆਰ- ਬਰ-ਤਿਆਰ ਖੜ੍ਹੇ ਜਹਾਜ਼ ਅਤੇ ਸਫ਼ਰ ਦੀ ਦੂਰੀ ਨੂੰ ਤੱਕ ਰਿਹੈ।
ਤੇ ਅਲ ਮੁਸਤਫ਼ਾ ਨੇ ਅੱਗੇ ਆਖਿਆ-
"ਮੇਰੇ ਜਹਾਜ਼ ਦਾ ਕਪਤਾਨ ਬਹੁਤ ਸਬਰ-ਸੰਤੋਖ ਵਾਲਾ ਹੈ।
ਹਵਾ ਚੱਲ ਰਹੀ ਹੈ ਤੇ ਨੌਕਾ-ਵਸਤਰ ਵੀ ਬੇਚੈਨ ਨੇ।
ਤੇ ਪਤਵਾਰ' ਵੀ ਦਿਸ਼ਾ ਜਾਣਨਾ ਚਾਹੁੰਦੇ ਨੇ।
ਫੇਰ ਵੀ ਮੇਰਾ ਕਪਤਾਨ ਠਰੰਮੇ ਨਾਲ, ਮੇਰੇ ਚੁੱਪ ਹੋਣ ਦੀ ਉਡੀਕ ਕਰ ਰਿਹੈ।
ਤੇ ਮੇਰੇ ਇਹ ਮੱਲਾਹ, ਜਿਨ੍ਹਾਂ ਨੇ ਇਸ ਮਹਾਨ ਸਮੁੰਦਰ ਦੇ ਸਮੂਹ-ਗਾਣ ਨੂੰ ਸੁਣਿਐ,
ਮੈਨੂੰ ਵੀ ਠਰਮੇ ਨਾਲ ਸੁਣ ਰਹੇ ਸਨ।
ਹੁਣ ਇਨ੍ਹਾਂ ਨੂੰ ਹੋਰ ਨਹੀਂ ਉਡੀਕਣਾ ਪਏਗਾ।
ਮੈਂ ਤਿਆਰ ਹਾਂ।
ਇਹ ਨਦੀ ਸਮੁੰਦਰ 'ਚ ਪੁੱਜ ਗਈ ਹੈ ਤੇ ਇਕ ਵਾਰ ਫੇਰ ਉਹ ਮਹਾਨ ਮਾਤਾ ਆਪਣੇ
ਪੁੱਤਰ ਨੂੰ ਆਪਣੀ ਹਿੱਕ ਨਾਲ ਲਾ ਕੇ ਘੁੱਟ ਰਹੀ ਹੈ।
ਅਲਵਿਦਾ, ਐ ਓਰਫੋਲਿਸ ਦੇ ਲੋਕੋ।
ਇਹ ਦਿਨ ਖ਼ਤਮ ਹੋ ਗਿਆ।
ਇਹ ਸਾਡੇ ਲਈ ਏਦਾਂ ਢਲ ਰਿਹੈ, ਜਿਵੇਂ ਕਮਲ ਦਾ ਫੁੱਲ ਅਗਲੀ ਸਵੇਰ ਫੇਰ ਖਿੜਨ ਲਈ ਖ਼ੁਦ ਨੂੰ ਸਮੇਟ ਲੈਂਦੇ।
* ਜਹਾਜ਼ ਦਾ ਰੁਖ਼ ਬਦਲਣ ਲਈ ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਲੱਗਿਆ ਹੁੰਦਾ ਚੱਕਰ ਜਾਂ ਤਿਕੋਣ- ਨੁਮਾ ਜੰਤਰ।
(ਹਵਾਲਾ-ਪੰਜਾਬੀ ਅਨੁਵਾਦਕ)