

1
ਅਲ ਮੁਸਤਫ਼ਾ, ਰੱਬ ਦਾ ਇਕ ਪਸੰਦੀਦਾ ਤੇ ਅਜ਼ੀਜ਼ ਬੰਦਾ, ਜੋ ਆਪਣੇ ਦਿਨਾਂ ਵਿਚ ਇਕ ਸਿਖਰs ਦੁਪਹਿਰ ਦੇ ਤੁੱਲ ਸੀ, ਤਿਚਰੀਨ ਦੇ ਮਹੀਨੇ ਆਪਣੀ ਜਨਮ-ਭੋਇ ਵਾਲੇ ਟਾਪੂ 'ਤੇ ਪਰਤਿਆ, ਜੋ ਕਿ ਇਕ ਯਾਦਾਂ ਦਾ ਮਹੀਨਾ ਹੈ।
ਤੇ ਜਿਉਂ ਹੀ ਸਮੁੰਦਰੀ ਬੇੜਾ ਬੰਦਰਗਾਹ ਲਾਗੇ ਪੁੱਜਿਆ, ਉਹ ਉਠ ਤੇ ਮੁਹਾਣੇ ਹੋ ਖੜ੍ਹਾ ਹੋ ਗਿਆ, ਤੇ ਉਸ ਦੇ ਮਲਾਹ ਵੀ ਉਹਦੇ ਨਾਲ ਹੀ ਉਠ ਖੜ੍ਹੇ ਹੋਏ। ਤੇ ਉਸ ਦੇ ਹਿਰਦੇ ਵਿਚ ਘਰ-ਵਾਪਸੀ ਦਾ ਚਾਅ ਸੀ।
ਤੇ ਉਸ ਨੇ ਸਾਗਰ ਵਰਗੀ ਭਰਪੂਰ ਆਪਣੀ ਆਵਾਜ਼ ਵਿਚ ਆਖਿਆ- "ਵੇਖੋ। ਇਹ ਟਾਪੂ ਮੇਰੀ ਜਨਮ-ਭੋਇ ਹੈ। ਇਥੇ ਹੀ ਧਰਤੀ ਨੇ ਸਾਨੂੰ ਇਕ ਗੀਤ ਤੇ ਇਕ ਭੇਤ ਦੇ ਰੂਬਰੂ ਕਰਵਾਇਆ; ਅੰਬਰ ਤੱਕ ਉੱਚਾ ਇਕ ਗੀਤ, ਧਰਤੀ ਤੱਕ ਡੂੰਘਾ ਇਕ ਭੇਤ ਤੇ ਸਿਵਾਇ ਸਾਡੇ ਜਨੂੰਨ ਦੇ ਧਰਤੀ ਤੇ ਅੰਬਰ ਵਿਚਾਲੇ ਹੋਰ ਭਲਾ ਕੌਣ ਹੈ, ਜੋ ਉਸ ਗੀਤ ਨੂੰ ਗਾਵੇਗਾ ਤੇ ਉਸ ਭੇਤ ਨੂੰ ਬੁੱਝੇਗਾ ?
"ਸਮੁੰਦਰ ਨੇ ਸਾਨੂੰ ਇਕੇਰਾਂ ਫੇਰ ਇਨ੍ਹਾਂ ਕੰਢਿਆਂ ਹਵਾਲੇ ਕੀਤਾ ਹੈ। ਅਸੀਂ ਸਿਰਫ਼ ਸਮੁੰਦਰ ਦੀਆਂ ਲਹਿਰਾਂ ਦੀ ਇਕ ਲਹਿਰ ਹੀ ਹਾਂ । ਉਸ ਨੇ ਸਾਨੂੰ ਆਪਣੇ ਸ਼ਬਦਾਂ ਨੂੰ ਆਵਾਜ਼ ਦੇਣ ਲਈ ਅੱਗੇ ਭੇਜਿਆ ਹੈ, ਪਰ ਅਸੀਂ ਏਦਾਂ ਕਿਵੇਂ ਕਰ ਸਕਦੇ ਹਾਂ, ਜਦ ਤੱਕ ਕਿ ਅਸੀ ਆਪਣੇ ਹਿਰਦੇ ਦੀ ਇਕਰੂਪਤਾ ਨੂੰ ਪੱਥਰਾਂ ਤੇ ਰੇਤਿਆਂ 'ਤੇ ਨਹੀਂ ਤੋੜ ਦਿੰਦੇ ?
"ਕਿਉਂ ਕਿ ਇਹ ਮਲਾਹਾਂ ਤੇ ਸਮੁੰਦਰ ਦਾ ਇਕ ਕਾਨੂੰਨ ਹੈ, ਕਿ : ਜੇਕਰ ਤੁਸੀਂ ਆਜ਼ਾਦੀ ਲੋਚਦੇ ਹੋ, ਤੁਹਾਨੂੰ ਧੁੰਦ ਵਿਚ ਬਦਲ ਜਾਣਾ ਪਏਗਾ। ਰੂਪਹੀਣ ਹਮੇਸ਼ਾ ਰੂਪ ਲੋਚਦਾ ਹੈ, ਬਿਲਕੁਲ ਉਵੇਂ ਜਿਵੇਂ ਅਣਗਿਣਤ ਟਿਮਟਿਮਾਉਂਦੇ ਤਾਰੇ ਸੂਰਜਾਂ ਤੇ ਚੰਦਰਮਿਆ ਦਾ ਰੂਪ ਲੈਣਾ ਲੋਚਦੇ ਨੇ; ਤੇ ਅਸੀਂ, ਜਿਨ੍ਹਾਂ ਨੇ ਹਮੇਸ਼ਾ ਬਹੁਤ ਲੋਚਿਆ ਹੈ ਤੇ ਹੁਣ ਇਸ ਉਬੜ-ਖਾਬੜ ਟਾਪੂ ਵੱਲ ਪਰਤੇ ਹਾਂ, ਸਾਨੂੰ ਇਕੇਰਾਂ ਫੇਰ ਧੁੰਦ ਬਣਨਾ ਪਏਗਾ ਤੇ ਆਰੰਭਤਾ ਨੂੰ ਸਿੱਖਣਾ ਪਏਗਾ। ਤੇ ਇਥੇ ਅਜਿਹਾ ਹੋਰ ਕੀ ਹੈ, ਜੋ ਸਿਖਰਾਂ ਤੱਕ ਜੀਏਗਾ ਤੇ ਵਿਗਸੇਗਾ, ਜਦ ਤੱਕ ਕਿ ਉਹ ਜਨੂੰਨ ਤੇ ਆਜ਼ਾਦੀ ਦੇ ਸਨਮੁਖ ਨਹੀਂ ਟੁੱਟੇਗਾ ?
"ਕਿਉਂ ਕਿ ਅਸੀਂ ਹਮੇਸ਼ਾ ਹੀ ਕੰਢਿਆਂ ਦੀ ਭਾਲ 'ਚ ਰਹੇ ਹੋਵਾਂਗੇ, ਇਸ ਲਈ ਅਸੀ ਉਨ੍ਹਾਂ ਦੇ ਹੀ ਗੀਤ ਗਾ ਸਕਦੇ ਹਾਂ ਤੇ ਸੁਣ ਸਕਦੇ ਹਾਂ। ਪਰ ਉਸ ਲਹਿਰ ਦਾ ਕੀ ਕਹੀਏ, ਜੋ ਉਥੇ ਜਾ ਕੇ ਟੁੱਟਦੀ ਹੈ, ਜਿਥੇ ਸੁਣਨ ਵਾਲਾ ਕੋਈ ਨਹੀਂ ਹੋਵੇਗਾ ? ਇਸੇ ਤਰ੍ਹਾਂ ਇਕ ਅਣਸੁਣਿਆ ਸਾਡੇ ਅੰਦਰ ਵੀ ਹੈ, ਜੋ ਸਾਡੇ ਡੂੰਘੇ ਦੁੱਖਾਂ-ਦਰਦਾਂ ਦੀ ਦਵਾ-ਦਾਰੂ ਕਰਦਾ ਹੈ। ਤੇ ਇਹ ਵੀ ਉਹੀ ਅਣਸੁਣਿਆ ਹੀ ਹੈ, ਜੋ ਸਾਡੀ ਆਤਮਾ ਨੂੰ ਰੂਪ ਵਿਚ ਢਾਲਦਾ ਹੈ ਤੇ ਸਾਡੀ ਕਿਸਮਤ ਘੜਦਾ ਹੈ।"