

ਤੇ ਅਲਮੁਸਤਫ਼ਾ ਲੋਕਾਂ ਵੱਲ ਝਾਕਿਆ, ਤੇ ਉਸ ਨੇ ਜੁਆਨਾਂ-ਬੁੱਢਿਆਂ, ਤਕੜਿਆਂ- ਮਾੜਿਆਂ, ਹਵਾ ਤੇ ਸੂਰਜ ਦੀ ਛੋਹ ਦੇ ਪਾਤਰ ਬਣੇ ਚਿਹਰਿਆਂ ਤੇ ਖੂਨ ਦੀ ਇਕ ਬੂੰਦੋਂ ਵੀ ਸੱਖਣੇ ਪੀਲੇ-ਕੂਕ ਚਿਹਰਿਆਂ, ਜਿਨ੍ਹਾਂ ਦੇ ਚਿਹਰਿਆਂ 'ਤੇ ਤਾਂਘ ਤੇ ਜਗਿਆਸਾ ਦਾ ਪ੍ਰਕਾਸ਼ ਸੀ, ਸਭਨਾਂ ਦੇ ਚਿਹਰਿਆਂ ਵੱਲ ਤੱਕਿਆ।
ਤੇ ਉਨ੍ਹਾਂ ਲੋਕਾਂ ਵਿਚੋਂ ਇਕ ਜਣਾ ਬੋਲਿਆ- "ਮੇਰੇ ਮਾਲਕ, ਜ਼ਿੰਦਗੀ ਸਾਡੀਆਂ ਆਸਾਂ ਤੇ ਸਧਰਾਂ ਪ੍ਰਤੀ ਬੜੀ ਕੁਰੱਖ਼ਤ ਰਹੀ ਹੈ। ਸਾਡੇ ਹਿਰਦੇ ਦੁਖੀ ਨੇ ਤੇ ਸਾਨੂੰ ਕੁਝ ਵੀ ਸਮਝ-ਪੋਲੇ ਨਹੀਂ ਪੈ ਰਿਹਾ। ਮੈਂ ਤੁਹਾਨੂੰ ਜੋਦੜੀ ਕਰਦਾਂ ਕਿ ਸਾਡੇ ਹਿਰਦੇ ਠਾਰੋ, ਤੇ ਸਾਨੂੰ ਸਾਡੇ ਦੁੱਖਾਂ ਦੇ ਅਰਥ ਸਮਝਾਓ।"
ਤੇ ਅਲਮੁਸਤਫ਼ਾ ਦਾ ਹਿਰਦਾ ਤਰਸ ਨਾਲ ਭਰ ਗਿਆ, ਤੇ ਉਹ ਬੋਲਿਆ- "ਜ਼ਿੰਦਗੀ ਸਾਰੀਆਂ ਸਜੀਵ ਵਸਤਾਂ ਤੋਂ ਪਹਿਲਾਂ ਦੀ ਹੋਂਦ ਵਿਚ ਆਈ ਹੋਈ ਹੈ, ਬਿਲਕੁਲ ਉਵੇਂ, ਜਿਵੇਂ ਧਰਤੀ ਦੀਆਂ ਖੂਬਸੂਰਤ ਵਸਤਾਂ ਤੋਂ ਪਹਿਲਾਂ ਖ਼ੁਬਸੂਰਤੀ ਹੋਂਦ ਵਿਚ ਆਈ ਹੋਈ ਸੀ, ਤੇ ਇਵੇਂ ਹੀ ਸੱਚ ਉਦੋਂ ਵੀ ਸੱਚ ਸੀ, ਜਦੋਂ ਇਹ ਨਿਸ਼ਬਦ ਪਿਆ ਸੀ।
"ਜ਼ਿੰਦਗੀ ਸਾਡੀ ਮੌਨਤਾ ਵਿਚ ਗਾਉਂਦੀ ਹੈ, ਤੇ ਸੁਪਨੇ ਸਾਡੀ ਅਚੇਤਤਾ 'ਚ ਆਉਂਦੇ ਨੇ। ਇਥੋਂ ਤੱਕ ਕਿ ਜਦੋਂ ਅਸੀਂ ਹਾਰੇ-ਟੁੱਟੇ ਹੁੰਦੇ ਹਾਂ, ਜ਼ਿੰਦਗੀ ਉਚੇਰੀ ਤੇ ਬਾਦਸ਼ਾਹ ਹੁੰਦੀ ਹੈ। ਤੇ ਜਦੋਂ ਅਸੀਂ ਰੋਂਦੇ ਹਾਂ, ਜ਼ਿੰਦਗੀ ਉਸ ਦਿਨ ਵੀ ਮੁਸਕੁਰਾਉਂਦੀ ਹੈ, ਤੇ ਉਹ ਉਦੋਂ ਵੀ ਆਜ਼ਾਦ ਹੁੰਦੀ ਹੈ, ਜਦੋਂ ਅਸੀਂ ਆਪਣੇ ਹੀ ਸੰਗਲਾਂ 'ਚ ਜਕੜੇ ਹੁੰਦੇ ਹਾਂ।
"ਅਕਸਰ ਅਸੀਂ ਜ਼ਿੰਦਗੀ ਨੂੰ ਕੁਰੱਖ਼ਤ ਨਾਵਾਂ ਨਾਲ ਸੱਦਦੇ ਹਾਂ, ਪਰ ਸਿਰਫ਼ ਉਦੋਂ ਹੀ ਅਸੀਂ ਆਪਣੇ-ਆਪ ਵਿਚ ਕੁਰੱਖ਼ਤ ਤੇ ਹਨੇਰਮਈ ਹੁੰਦੇ ਹਾਂ ਤੇ ਅਸੀਂ ਜ਼ਿੰਦਗੀ ਨੂੰ ਸੱਖਣੀ ਤੇ ਬੇਕਾਰ ਆਖਦੇ ਹਾਂ, ਪਰ ਸਿਰਫ਼ ਉਦੋਂ ਹੀ ਸਾਡੀ ਆਤਮਾ ਉਜਾੜ-ਬੀਆਬਾਨਾਂ 'ਚ ਭਟਕਦੀ ਹੁੰਦੀ ਹੈ, ਤੇ ਸਾਡਾ ਹਿਰਦਾ ਹੱਦੋਂ ਵੱਧ ਦੇ ਸਵੈ-ਅਭਿਮਾਨ ਨਾਲ ਭਰਿਆ-ਭੁਕੰਨਾ ਹੁੰਦਾ ਹੈ।
"ਜ਼ਿੰਦਗੀ ਡੂੰਘੀ, ਉਚੇਰੀ ਤੇ ਅਥਾਹ ਹੈ, ਤੇ ਤੁਹਾਡੀ ਵਿਸ਼ਾਲਤਮ ਨਜ਼ਰ ਵੀ ਸਿਰਫ਼ ਉਸ ਦੇ ਪੈਰਾਂ ਤੱਕ ਹੀ ਅੱਪੜ ਸਕਦੀ ਹੈ। ਬੇਸ਼ੱਕ ਉਹ ਤੁਹਾਡੇ ਨੇੜੇ ਹੈ, ਪਰ ਫੇਰ ਵੀ ਸਿਰਫ਼ ਤੁਹਾਡੇ ਸਾਹ ਦਾ ਸਾਹ ਹੀ ਉਸ ਦੇ ਹਿਰਦੇ ਤੱਕ ਅੱਪੜਦਾ ਹੈ, ਤੁਹਾਡੇ ਪਰਛਾਵੇਂ ਦਾ ਪਰਛਾਵਾਂ ਹੀ ਉਸ ਦੇ ਚਿਹਰੇ ਨੂੰ ਉਲੰਘਦਾ ਹੈ, ਤੇ ਤੁਹਾਡੀ ਧੀਮੀ ਚੀਕ ਦੀ ਗੂੰਜ ਉਸ ਦੀ (ਜ਼ਿੰਦਗੀ ਦੀ) ਛਾਤੀ ਵਿਚ ਇਕ ਬਹਾਰ ਤੇ ਪਤਝੜ ਬਣ ਕੇ ਉਮੜਦੀ ਹੈ।
"ਤੇ ਜ਼ਿੰਦਗੀ ਢਕੀ ਹੋਈ ਤੇ ਗੁੱਝੀ ਹੈ, ਬਿਲਕੁਲ ਉਵੇਂ, ਜਿਵੇਂ ਤੁਹਾਡੀ ਪਰਮ-ਸਵੈ ਗੁੱਝੀ ਤੇ ਢਕੀ ਹੋਈ ਹੈ। ਪਰ ਫੇਰ ਵੀ ਜਦੋਂ ਜ਼ਿੰਦਗੀ ਬੋਲਦੀ ਹੈ, ਤਾਂ ਸਾਰੀਆਂ ਪੌਣਾਂ ਸ਼ਬਦ ਬਣ ਜਾਂਦੀਆਂ ਨੇ, ਤੇ ਜਦੋਂ ਉਹ ਦੋਬਾਰਾ ਫੇਰ ਬੋਲਦੀ ਹੈ, ਤਾਂ ਤੁਹਾਡੇ ਹੋਂਠਾਂ 'ਤੇ ਤੈਰਦੀਆਂ ਮੁਸਕੁਰਾਹਟਾਂ ਤੇ ਤੁਹਾਡੀਆਂ ਅੱਖਾਂ 'ਚ ਭਰੇ ਹੰਝੂ ਵੀ ਸ਼ਬਦਾਂ ਦਾ ਰੂਪ ਵਟਾ ਲੈਂਦੇ ਨੇ। ਜਦੋਂ ਜ਼ਿੰਦਗੀ ਗਾਉਂਦੀ ਹੈ ਤਾਂ ਬੋਲਿਆਂ ਨੂੰ ਵੀ ਸੁਣਨ ਤੇ ਸਮਝ ਪੈਣ ਲੱਗਦਾ ਹੈ, ਤੇ ਜਦੋਂ ਉਹ ਤੁਰਦੀ ਹੈ, ਤਾਂ ਨੇਤਰਹੀਣ ਵੀ ਉਸ ਨੂੰ ਵੇਖਦੇ ਨੇ ਤੇ ਹੈਰਾਨੀ ਤੇ ਤੀਬਰ-ਇੱਛਾ ਵਿਚ ਡੋਰ- ਭੋਰ ਹੋਏ ਉਹ ਉਸ ਦੇ ਪਿੱਛੇ-ਪਿੱਛੇ ਤੁਰਦੇ ਨੇ।"