

ਜੇ ਬਦਸੂਰਤੀ ਸੱਚਮੁੱਚ ਹੁੰਦੀ ਹੈ ਤਾਂ, ਇਹ ਸਿਰਫ਼ ਸਾਡੀਆਂ ਅੱਖਾਂ 'ਤੇ ਟਿਕੇ ਮਾਪਣ ਦੇ ਪੈਮਾਨੇ ਤੇ ਸਾਡੇ ਕੰਨਾਂ 'ਚ ਭਰੀ ਮੋਮ ਹੁੰਦੀ ਹੈ।
"ਮੇਰੇ ਦੋਸਤ, ਇਕ ਆਤਮਾ ਦੇ ਆਪਣੀਆਂ ਯਾਦਾਂ ਦੀ ਹਾਜ਼ਰੀ ਵਿਚਲੇ ਡਰ ਤੋਂ ਸਿਵਾਇ ਹੋਰ ਕਿਸੇ ਨੂੰ ਬਦਸੂਰਤ ਨਾ ਆਖੀਂ।"
8
ਤੇ ਇਕ ਦਿਨ, ਜਦੋਂ ਉਹ ਸਾਰੇ ਸਫ਼ੈਦ ਚਿਨਾਰਾਂ ਦੇ ਲੰਮੇ ਪਰਛਾਵਿਆਂ ਹੇਠ ਬੈਠੇ ਸਨ, ਇਕ ਬੰਦਾ ਬੋਲਿਆ- "ਮੇਰੇ ਮੁਰਸ਼ਦ, ਮੈਂ ਸਮੇਂ ਤੋਂ ਬਹੁਤ ਭੈਅ ਖਾਨਾਂ। ਇਹ ਸਾਡੇ ਉਤੋਂ ਲੰਘਦਾ ਹੈ ਤੇ ਸਾਡੀ ਜੋਬਨ-ਰੁੱਤ ਨੂੰ ਲੁੱਟਦਾ ਜਾਂਦਾ ਹੈ, ਪਰ ਇਹ ਬਦਲੇ 'ਚ ਸਾਨੂੰ ਦਿੰਦਾ ਕੀ ਹੈ ?''
ਤੇ ਅਲਮੁਸਤਫ਼ਾ ਨੇ ਜੁਆਬ ਦਿੰਦਿਆਂ ਕਿਹਾ- "ਇਕ ਚੰਗੀ ਮਿੱਟੀ ਦੀ ਮੁੱਠੀ ਭਰ । ਕੀ ਤੈਨੂੰ ਇਹਦੇ 'ਚ ਕੋਈ ਬੀਜ ਜਾਂ ਕੀੜਾ-ਕਿਰਮ ਦਿਸਦੈ? ਜੇ ਤੇਰਾ ਹੱਥ ਵਿਸ਼ਾਲ ਤੇ ਚਿਰੰਜੀਵੀ ਹੁੰਦਾ ਤਾਂ ਬੀਜ ਉੱਗ ਕੇ ਜੰਗਲ ਦਾ ਰੂਪ ਧਾਰ ਲੈਂਦਾ, ਤੇ ਕਿਰਮ ਪੂਰੇ ਇਕ ਕੀੜਿਆਂ ਦੇ ਭੈਣ ਦਾ ਰੂਪ ਵਟਾ ਲੈਂਦਾ। ਤੇ ਕਦੇ ਨਾ ਭੁੱਲੋ ਕਿ ਬੀਜਾਂ ਨੂੰ ਜੰਗਲਾਂ ਤੇ ਕਿਰਮਾਂ ਨੂੰ ਕੀੜਿਆਂ ਦੇ ਭੌਣ ਦੇ ਰੂਪ 'ਚ ਬਦਲਣ 'ਚ ਲੱਗੇ ਸਾਰੇ ਵਰ੍ਹੇ ਇਸ 'ਮੌਜੂਦਾ ਪਲ' ਨਾਲ ਸਬੰਧ ਰੱਖਦੇ ਨੇ, ਦਰਅਸਲ ਸਾਰੇ ਹੀ ਵਰ੍ਹੇ ਇਸੇ ਇਕ 'ਮੌਜੂਦਾ ਪਲ' ਕਰਕੇ ਹੋਂਦ ਰੱਖਦੇ ਨੇ।
"ਤੇ ਵਰ੍ਹਿਆਂ ਦੌਰਾਨ ਆਉਂਦੀਆਂ ਰੁੱਤਾਂ ਸਿਵਾਇ ਤੁਹਾਡੇ ਵਿਚਾਰ-ਪਰਿਵਰਤਨ ਦੇ ਹੋਰ ਭਲਾ ਕੀ ਨੇ ? ਬਸੰਤ-ਬਹਾਰ ਦੀ ਰੁੱਤ ਤੁਹਾਡੇ ਸੀਨ੍ਹੇ 'ਚ ਪੈਦਾ ਹੋਈ ਇਕ ਚੇਤੰਨਤਾ ਹੈ, ਤੇ ਗਰਮੀ ਦੀ ਰੁੱਤ ਸਿਰਫ਼ ਤੁਹਾਨੂੰ ਆਪਣੀ ਸੁਲੱਖਣੀ ਸਮਰੱਥਾ ਦੀ ਪਛਾਣ ਹੋਣ ਦੀ ਅਵਸਥਾ ਹੈ। ਕੀ ਤੁਹਾਡੇ ਅੰਦਰਲੀ ਮੁੱਢ-ਕਦੀਮੀ ਪਤਝੜ ਦੀ ਰੁੱਤ ਤੁਹਾਡੇ ਅੰਦਰ ਅਜੇ ਤੱਕ ਵੀ ਮੌਜੂਦ ਬੱਚੇ ਨੂੰ ਲੋਰੀ ਨਹੀਂ ਸੁਣਾਉਂਦੀ ? ਤੇ ਤੁਹਾਨੂੰ ਮੈਂ ਸਰਦ ਰੁੱਤ ਬਾਰੇ ਕੀ ਦੱਸਾ, ਜੋ ਕਿ ਸਿਵਾਇ ਦੂਸਰੀਆਂ ਸਾਰੀਆਂ ਰੁੱਤਾਂ ਦੇ ਸੁਪਨਿਆਂ ਨਾਲ ਲੱਦੀ ਇਕ ਲੰਮੀ ਨੀਂਦਰ ਹੈ।"
9
ਤੇ ਮਨੁਸ, ਇਕ ਜਗਿਆਸੂ ਮੁਰੀਦ, ਨੇ ਅਲਮੁਸਤਫ਼ਾ ਵੱਲ ਤੱਕਿਆ ਤੇ ਉਸ ਨੇ ਫੁੱਲਾਂ ਦੇ ਪੌਦੇ ਅੰਜੀਰ ਦੇ ਬਿਰਖ ਨਾਲ ਲਿਪਟੇ ਵੇਖੇ। ਤੇ ਉਸ ਨੇ ਕਿਹਾ- "ਮੇਰੇ ਮੁਰਸ਼ਦ, ਇਨ੍ਹਾਂ ਪਰਜੀਵੀ ਪੌਦਿਆਂ ਵੱਲ ਵੇਖੋ। ਤੁਸੀਂ ਉਨ੍ਹਾਂ ਬਾਰੇ ਕੀ ਆਖੋਗੇ ? ਉਹ ਬੱਕੀਆਂ ਪਲਕਾਂ ਵਾਲੇ ਚੋਰ ਨੇ, ਜੋ ਸੂਰਜ ਦੇ ਅਚਲ ਬੱਚਿਆਂ (ਪੇੜ-ਪੌਦਿਆਂ) ਤੋਂ ਰੋਸ਼ਨੀ ਚੋਰੀ ਕਰਦੇ ਨੇ, ਤੇ ਉਨ੍ਹਾਂ ਦੀਆਂ ਟਹਿਣੀਆਂ ਤੇ ਪੱਤਿਆਂ ਵਿਚ ਦੌੜਦੇ ਰਸ ਨੂੰ ਵੀ ਚੂਸਦੇ ਨੇ।"
ਤੇ ਅਲਮੁਸਤਫ਼ਾ ਨੇ ਜੁਆਬ ਦਿੰਦਿਆਂ ਕਿਹਾ- "ਮੇਰੇ ਦੋਸਤ, ਅਸੀਂ ਸਾਰੇ ਹੀ ਪਰਜੀਵੀ ਹਾਂ। ਅਸੀਂ, ਜੋ ਘਾਹ ਵਾਲੀ ਮਿੱਟੀ ਨੂੰ ਉਪਜਾਊ ਬਣਾਉਣ ਲਈ ਘਾਲਣਾ