

ਤ੍ਰੇਲ ਦੇ ਤੁਪਕੇ 'ਚ ਬਣਨ ਵਾਲਾ ਚੜ੍ਹਦੇ ਸੂਰਜ ਦਾ ਅਕਸ ਕਿਵੇਂ ਵੀ ਅਸਲੀ ਸੂਰਜ ਨਾਲੋਂ ਘੱਟ ਨਹੀਂ ਹੈ। ਇਸੇ ਤਰ੍ਹਾਂ ਤੁਹਾਡੀ ਆਤਮਾ 'ਚ ਬਣਨ ਵਾਲਾ ਜੀਵਨ ਦਾ ਅਕਸ ਵੀ ਅਸਲੀ ਜੀਵਨ ਤੋਂ ਘੱਟ ਨਹੀਂ ਹੈ।
"ਤ੍ਰੇਲ-ਤੁਪਕਾ ਪ੍ਰਕਾਸ਼ ਦਾ ਅਕਸ ਉਭਾਰਦਾ ਹੈ, ਕਿਉਂ ਕਿ ਇਹ ਪ੍ਰਕਾਸ਼ ਨਾਲ 'ਇਕ' ਹੈ, ਤੇ ਤੁਸੀਂ ਜੀਵਨ ਦਾ ਅਕਸ ਉਘਾੜਦੇ ਹੋ, ਕਿਉਂ ਕਿ ਤੁਸੀਂ ਜੀਵਨ ਨਾਲ 'ਇਕ' ਹੈ।
"ਜਦੋਂ ਤੁਹਾਨੂੰ ਹਨੇਰੇ ਨੇ ਘੇਰਿਆ ਹੋਵੇ, ਆਖੋ- 'ਇਹ ਹਨੇਰਾ ਉਹ ਪਹੁ-ਫੁਟਾਲਾ ਹੈ ਜੋ ਅਜੇ ਅਣਜਨਮਿਆ ਹੈ; ਤੇ ਬੇਸ਼ੱਕ ਰਾਤ ਦੀ ਪੀੜ ਮੇਰੇ 'ਤੇ ਭਰਪੂਰਤਾ ਨਾਲ ਭਾਰੂ ਹੈ, ਪਰ ਫੇਰ ਵੀ ਪਹੁ-ਫੁਟਾਲਾ ਮੇਰੇ 'ਚੋਂ ਜ਼ਰੂਰ ਜਨਮੇਗਾ, ਬਿਲਕੁਲ ਉਵੇਂ, ਜਿਵੇਂ ਇਹ ਪਹਾੜੀਆਂ 'ਚੋਂ ਜਨਮਦਾ ਹੈ।
"ਲਿੱਲੀ ਦੇ ਫੁੱਲ ਦੀ ਬੇਰੰਗਤਾ 'ਚ ਜਦੋਂ ਤੇਲ ਦਾ ਤੁਪਕਾ ਆਪਣੀ ਗੋਲਾਈ ਨੂੰ ਆਕਾਰ ਦਿੰਦਾ ਹੈ, ਤਾਂ ਇਹ ਬਿਲਕੁਲ ਉਵੇਂ ਹੁੰਦਾ ਹੈ, ਜਿਵੇਂ ਤੁਸੀਂ ਪਰਮਾਤਮਾ ਦੇ ਹਿਰਦੇ 'ਚ ਆਪਣੀ ਆਤਮਾ ਨੂੰ ਜੋੜਦੇ ਹੋ।
"ਇਕ ਤ੍ਰੇਲ-ਤੁਪਕਾ ਇਹ ਪੁੱਛੇਗਾ- 'ਮੈਂ ਤਾਂ ਹਜ਼ਾਰਾਂ ਵਰ੍ਹਿਆਂ 'ਚ ਸਿਰਫ਼ ਇਕ ਵਾਰੀ ਤ੍ਰੇਲ-ਤੁਪਕਾ ਬਣਿਆ ਹਾਂ ।' ਤੁਸੀਂ ਇਸ ਦਾ ਜੁਆਬ ਦਿੰਦਿਆਂ ਆਖੋ- 'ਕੀ ਤੈਨੂੰ ਨਹੀਂ ਪਤਾ ਕਿ ਉਨ੍ਹਾਂ ਸਾਰੇ ਵਰ੍ਹਿਆਂ ਦੀ ਰੌਸ਼ਨੀ ਤੇਰੀ ਗੋਲਾਈ 'ਚੋਂ ਚਮਕ ਰਹੀ ਹੈ ?'
11
ਤੇ ਇਕ ਸ਼ਾਮ ਉਥੇ ਇਕ ਭਿਆਨਕ ਤੂਫ਼ਾਨ ਆਇਆ, ਤੇ ਅਲਮੁਸਤਫ਼ਾ ਤੇ ਉਸ ਦੇ ਨੇ ਮੁਰੀਦ ਅੰਦਰ ਜਾ ਕੇ ਅੱਗ ਦੇ ਦੁਆਲੇ ਬੈਠ ਗਏ, ਉਹ ਸਾਰੇ ਮੌਨ ਅਵਸਥਾ ਵਿਚ ਸਨ।
ਫੇਰ ਇਕ ਮੁਰੀਦ ਬੋਲਿਆ- "ਮੇਰੇ ਮੁਰਸ਼ਦ, ਮੈਂ ਬਿਲਕੁਲ ਕੱਲਾ ਹਾਂ, ਤੇ ਸਮੇਂ ਦੇ ਖੁਰ ਮੇਰਾ ਸੀਨ੍ਹਾ ਬੁਰੀ ਤਰ੍ਹਾਂ ਛਲਣੀ ਕਰ ਰਹੇ ਨੇ।"
ਤੇ ਅਲਮੁਸਤਫ਼ਾ ਉਠ ਖੜ੍ਹਾ ਹੋਇਆ ਤੇ ਉਨ੍ਹਾਂ ਸਭਨਾਂ ਦੇ ਵਿਚਾਲੇ ਜਾ ਕੇ ਖੜ੍ਹ ਗਿਆ, ਤੇ ਉਹ ਇਕ ਤੇਜ਼ ਹਨੇਰੀ-ਝੱਖੜ ਦੀ ਆਵਾਜ਼ ਵਾਂਗ ਸੂਕਦੀ ਆਵਾਜ਼ 'ਚ ਬੋਲਿਆ- " ਕੱਲਾ। ਤਾਂ ਕੀ ਹੋਇਆ ? ਤੂੰ 'ਕੱਲਾ ਆਇਆ ਸੈਂ, ਤੇ ਕੱਲਾ ਹੀ ਇਥੋਂ ਚੱਲ ਕੇ ਧੁੰਦ 'ਚ ਰਲ ਜਾਏਂਗਾ।
"ਇਸ ਲਈ ਆਪਣਾ ਪਿਆਲਾ ਚੁੱਪ-ਚਪੀਤੇ ਤੇ 'ਕੱਲਿਆਂ ਹੀ ਪੀ। ਪਤਝੜ ਦੀ ਰੁੱਤ ਨੇ ਦੂਜੇ ਹੋਂਠਾਂ ਨੂੰ ਦੂਜੇ ਪਿਆਲੇ ਦਿੱਤੇ ਨੇ ਤੇ ਬਿਲਕੁਲ ਤੁਹਾਡੇ ਪਿਆਲੇ ਵਾਂਗ ਉਨ੍ਹਾਂ ਪਿਆਲਿਆਂ ਨੂੰ ਵੀ ਕੌੜੀ-ਮਿੱਠੀ ਸ਼ਰਾਬ ਨਾਲ ਭਰਿਆ ਹੈ।
"ਆਪਣੇ ਪਿਆਲੇ ਨੂੰ 'ਕੱਲਿਆਂ ਹੀ ਪੀ, ਬੇਸ਼ੱਕ ਇਸ 'ਚੋਂ ਤੈਨੂੰ ਤੇਰੇ ਆਪਣੇ ਖੂਨ ਤੇ ਹੰਝੂਆਂ ਦਾ ਸੁਆਦ ਆਉਂਦਾ ਹੋਵੇ, ਤੇ ਜੀਵਨ ਦੇ ਸੋਹਲੇ ਗਾ ਕਿ ਉਸ ਨੇ ਤੈਨੂੰ ਤੇਹ ਦਾ ਤੁਹਫ਼ਾ ਬਖ਼ਸ਼ਿਐ। ਕਿਉਂ ਕਿ ਬਿਨਾਂ ਧ੍ਰੋਹ ਦੇ ਤੇਰਾ ਹਿਰਦਾ ਸਿਰਫ਼ ਇਕ ਸੁਵੇ, ਸੰਗੀਤ- ਵਿਹੂਣੇ ਤੇ ਲਹਿਰ-ਵਿਹੂਣੇ ਸਾਗਰ ਦੇ ਤੱਟ ਤੇ ਤੁੱਲ ਹੈ।
"ਆਪਣੇ ਪਿਆਲੇ ਨੂੰ ਕੱਲਿਆਂ ਤੇ ਚਾਈਂ-ਚਾਈਂ ਪੀ।