

ਉਨ੍ਹਾਂ ਲਈ ਪਿਆਰ ਨਾਲ ਭਰ ਗਿਆ, ਤੇ ਉਸ ਨੇ ਉਨ੍ਹਾਂ ਵੱਲ ਤਰਸ ਭਰੀ ਨਜ਼ਰ ਨਾਲ ਰੋਕਿਆ ਤੇ ਆਖਿਆ- "ਆਓ ਅਸੀਂ ਦੇਵਤਿਆਂ, ਤੁਹਾਡੇ ਗੁਆਂਢੀਆਂ, ਤੁਹਾਡੇ ਡਰਾਵਾਂ ਤੇ ਤੁਹਾਡੇ ਘਰਾਂ ਤੇ ਖੇਤਾਂ 'ਚ ਵਿਚਰ ਰਹੇ ਤੱਤਾਂ ਬਾਰੇ ਵਧੇਰੇ ਖੁੱਲ੍ਹ ਕੇ ਵਿਚਾਰ-ਚਰ ਕਰੀਏ।
"ਤੁਸੀਂ ਕਲਪਨਾ 'ਚ ਬੱਦਲਾਂ ਤੱਕ ਉੱਚਾ ਉੱਡੋਗੇ, ਤੇ ਇਸੇ ਨੂੰ ਹੀ ਸਿਖਰ ਮੰਨੋਗੇ ਹੈ ਤੁਸੀਂ ਵਿਸ਼ਾਲ ਸਮੁੰਦਰ ਨੂੰ ਪਾਰ ਕਰੋਗੇ ਤੇ ਇਸੇ ਨੂੰ ਹੀ ਦੂਰੀ ਮੰਨੋਗੇ। ਪਰ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਤੁਸੀਂ ਧਰਤੀ 'ਚ ਇਕ ਬੀਜ ਬੀਜਦੇ ਹੋ, ਤੁਸੀਂ ਇਕ ਮਹਾਨਤਮ ਸਿਖਰ ਨੂੰ ਛੂੰਹਦੇ ਹੋ; ਤੇ ਜਦੋਂ ਤੁਸੀਂ ਆਪਣੇ ਗੁਆਂਢੀ ਅੱਗੇ ਪਹੁ-ਫੁਟਾਲੇ ਦੀ ਖੂਬਸੂਰਤੀ ਦੀ ਵਡਿਆਈ ਕਰਦੇ ਹੋ, ਤੁਸੀਂ ਇਕ ਮਹਾਨਤਮ ਸਮੁੰਦਰ ਨੂੰ ਪਾਰ ਕਰਦੇ ਹੋ।
"ਤੇ ਅਕਸਰ ਤੁਸੀਂ ਰੱਬ ਦਾ ਗੁਣਗਾਣ ਤਾਂ ਕਰਦੇ ਹੋ, ਪਰ ਅਸਲ 'ਚ ਤੁਸੀਂ ਉਨ੍ਹਾਂ ਭਜਨਾਂ ਆਦਿ ਨੂੰ ਸਿਰਫ਼ ਰਟਦੇ ਹੀ ਹੋ, ਆਪਣੇ ਕੰਨੀਂ ਸੁਣਦੇ ਨਹੀਂ, ਰੱਬ ਕਰੇ ਕਿ ਤੁਸੀਂ ਪੰਛੀਆਂ ਦੇ ਰਾਗ ਤੇ ਪੌਣ ਦੇ ਚੱਲਣ ਨਾਲ ਟਹਿਣੀਆਂ ਤੋਂ ਡਿੱਗਦੇ ਪੱਤਿਆਂ ਦੀ ਖੜਖੜਾਹਟ ਸੁਣੋ, ਤੇ ਮੇਰੇ ਦੋਸਤੋ, ਚੇਤੇ ਰੱਖੋ ਕਿ ਇਹ ਪੱਤੇ ਉਦੋਂ ਹੀ ਗਾਉਂਦੇ ਨੇ, ਜਦੋਂ ਉਹ ਟਹਿਣੀ ਨਾਲੋਂ ਵੱਖ ਹੁੰਦੇ ਨੇ!
"ਦੋਬਾਰਾ ਫੇਰ ਮੈਂ ਤੁਹਾਨੂੰ ਰੱਬ ਬਾਰੇ ਬੇਪਰਵਾਹੀ ਨਾਲ ਬੋਲਣ ਤੋਂ ਵਰਜਦਾ ਹਾਂ, ਜੋ ਕਿ ਤੁਹਾਡਾ 'ਸਮੁੱਚ' ਹੈ, ਪਰ ਤੁਸੀਂ ਇਕ-ਦੂਜੇ ਨਾਲ, ਇਕ ਗੁਆਂਢੀ ਦੂਜੇ ਗੁਆਂਢੀ ਨਾਲ ਇਕ ਦੇਵਤਾ ਦੂਜੇ ਦੇਵਤੇ ਨਾਲ ਵੱਧ ਤੋਂ ਵੱਧ ਬੋਲੇ ਤੇ ਇਕ-ਦੂਜੇ ਨੂੰ ਸਮਝੇ।
"ਕਿਉਂ ਕਿ ਆਲ੍ਹਣੇ 'ਚ ਪਏ ਬੋਟ ਨੂੰ ਕੌਣ ਚੁਗਾਏਗਾ, ਜੇ ਉਸ ਦੀ ਮਾਂ-ਪੰਛੀ ਅੰਬਰਾਂ 'ਚ ਉੱਡ ਜਾਂਦੀ ਹੈ ? ਤੇ ਖੇਤਾਂ 'ਚ ਪੀਲੇ ਰੰਗ ਦਾ ਐਨੀਮੋਨ ਦਾ ਫੁੱਲ ਕਿਵੇਂ ਖਿੜ ਸਕਦੈ, ਜੇ ਇਕ ਮਧੂ-ਮੱਖੀ ਕਿਸੇ ਹੋਰ ਬੂਰ ਪਏ ਐਨੀਮੋਨ ਦੇ ਫੁੱਲ ਦਾ ਪਰਾਗ ਧਰਤੀ 'ਤੇ ਨਹੀਂ ਖਿੰਡਾਉਂਦੀ ?
"ਇਹ ਉਦੋਂ ਹੀ ਸੰਭਵ ਹੈ, ਜਦੋਂ ਤੁਸੀਂ ਆਪਣੇ ਗੌਣ ਆਪਿਆਂ 'ਚ ਗੁਆਚ ਜਾਂਦੇ ਹੋ, ਉਸ ਅੰਬਰ ਦੀ ਤਲਾਸ਼ ਤੇ ਤਾਂਘ 'ਚ, ਜਿਸ ਨੂੰ ਤੁਸੀਂ ਰੱਬ ਕਹਿੰਦੇ ਹੋ। ਰੱਬ ਕਰੇ ਕਿ ਤੁਸੀਂ ਆਪਣੇ ਵਿਸ਼ਾਲ ਆਪਿਆਂ 'ਚ ਵਿਚਰਨ ਦੇ ਮਾਰਗ ਲੱਭ ਲਵੋ: ਰੱਬ ਵਜੇ ਕਿ ਤੁਹਾਡੀ ਆਲਸ ਜਾਂਦੀ ਰਹੇ ਤੇ ਤੁਸੀਂ ਨਵੇਂ ਮਾਰਗ ਉਸਾਰੋ।
“ਮੇਰੇ ਮਲਾਹੋ ਤੇ ਮੇਰੇ ਮਿੱਤਰੋ, ਇਹੀ ਬੇਹਤਰ ਰਹੇਗਾ ਕਿ ਅਸੀਂ ਉਸ ਪਰਮਾਤਮਾ ਬਾਰੇ ਘੱਟ ਤੋਂ ਘੱਟ ਗੱਲ ਕਰੀਏ, ਜੋ ਕਿ ਸਾਡੀ ਸਮਝ ਤੋਂ ਪਰ੍ਹੇ ਹੈ, ਪਰ ਸਾਡੇ ਸਾਰਿਆਂ ਵਰਗਾ ਹੀ ਹੈ, ਜਿਨ੍ਹਾਂ ਨੂੰ ਅਸੀਂ ਸਮਝ ਸਕਦੇ ਹਾਂ। ਫੇਰ ਵੀ ਮੈਂ ਚਾਹੁੰਨਾਂ ਕਿ ਤੁਸੀਂ ਜਾਣੋਂ ਕਿ ਅਸੀਂ ਉਸ ਪਰਮਾਤਮਾ ਦਾ ਹੀ ਸਾਹ ਤੇ ਸੁਗੰਧੀ ਹਾਂ। ਅਸੀਂ ਹੀ ਪਰਮਾਤਮਾ ਹਾਂ, ਪੋਤੇ ਦੇ ਰੂਪ ਵਿਚ, ਫੁੱਲ ਦੇ ਰੂਪ ਵਿਚ ਤੇ ਇਥੋਂ ਤੱਕ ਕਿ ਫਲ ਦੇ ਰੂਪ ਵਿਚ ਵੀ "