

ਮਾਤਾ ਤ੍ਰਿਪਤਾ
(ਧਨ ਜਨਨੀ ਜਨ ਜਾਇਆ)
ਰਾਇ ਭੁਇ ਦੀ ਤਲਵੰਡੀ । ਜਰਨੈਲੀ ਸੜਕ ਤੋਂ ਰਤਾ ਕੁ ਹਟਵੀਂ, ਜਿਥੇ ਸਾਧੂ ਦਰਵੇਸ਼ ਥੱਕੇ ਹਾਰੇ ਆ ਅਰਾਮ ਕਰਦੇ । ਮਹਿਤਾ ਕਾਲੂ ਪਟਵਾਰੀ ਜ਼ਰੂਰ ਸਨ ਪਰ ਐਸੇ ਨਹੀਂ ਜਿਨ੍ਹਾਂ ਬਾਰੇ ਕਿਹਾ ਜਾਂਦਾ ਸੀ 'ਮੋ ਕੋ ਨੀਤ ਡਸੇ ਪਟਵਾਰੀ'। ਉਹ ਤਾਂ ਸਗੋਂ ਰਾਤ ਪਿਆਂ ਪਿੰਡ ਜਾ ਦੇਖਦੇ ਕੋਈ ਭੁੱਖਾ ਤਾਂ ਨਹੀਂ ਸੁੱਤਾ। ਉਨ੍ਹਾਂ ਦੇ ਘਰੋਂ ਮਾਤਾ ਤ੍ਰਿਪਤਾ ਦੇ ਤੰਦੂਰ ਤੋਂ ਹਰ ਇਕ ਦੇ ਪੇਟ ਦੀ ਅੱਗ ਸ਼ਾਂਤ ਹੁੰਦੀ । ਉਨ੍ਹਾਂ ਦੀ ਸੇਵਾ ਨੂੰ ਹੀ ਫਲ ਲੱਗਾ । ਇਸ ਪੁਰਾਤਨ ਤਪ ਤੇ ਇਸ ਜਨਮ ਨਿਰਸੰਕੋਚ ਸੇਵਾ ਦਾ ਹੀ ਸਿੱਟਾ ਸੀ ਕਿ ਜਗਤ ਤਾਰਕ ਗੁਰੂ ਦਾ ਮਾਤਾ ਤ੍ਰਿਪਤਾ ਤੇ ਬਾਬਾ ਕਾਲੂ ਜੀ ਦੇ ਘਰ ਪ੍ਰਕਾਸ਼ ਹੋਇਆ। ਇਹ ਵੀ ਲਿਖਿਆ ਮਿਲਦਾ ਹੈ ਕਿ ਮਾਤਾ ਤ੍ਰਿਪਤਾ ਤੇ ਮਹਿਤਾ ਕਾਲੂ ਦੇ ਪਿਛਲੇ ਤਪ ਸਦਕਾ ਹੀ ਉਨ੍ਹਾਂ ਨੂੰ ਗੁਰੂ ਨਾਨਕ ਦੀ ਮਾਂ ਬਣਨ ਦਾ ਸੁਭਾਗ ਪ੍ਰਾਪਤ ਹੋਇਆ । ਗੁਰੂ ਨਾਨਕ ਸਭਨਾਂ ਨੂੰ ਤਾਰਨ ਆਏ ਸਨ । ਉਸ ਨੂਰਾਨੀ ਆਤਮਾ ਨੂੰ ਆਪਣੀ ਕੁੱਖ ਵਿਚ ਅਨੁਭਵ ਕਰ ਕੇ ਜੋ ਨੂਰ ਚੜ੍ਹਿਆ ਉਹ ਅੱਜ ਤਕ ਕੋਈ ਕਲਮ ਦੱਸ ਨਹੀਂ ਸਕੀ । ਹਰ ਮਹੀਨੇ ਇਕ ਨਵਾਂ ਹੀ ਅਨੁਭਵ ਪ੍ਰਤੀਤ ਕਰਦੇ ਰਹੇ ।
ਜਿਨ੍ਹਾਂ ਵੀ ਪੈਗੰਬਰਾਂ ਨੂੰ ਇਸ ਧਰਤੀ ਤੇ ਆਏ ਸੁਣਦੇ ਹਾਂ ਉਨ੍ਹਾਂ ਦੀਆਂ ਮਾਵਾਂ ਇਸ ਖ਼ੁਸ਼ੀ ਨੂੰ ਝਲ ਨਹੀਂ ਸਕੀਆਂ। ਮਾਤ ਦੇਵਕੀ ਕ੍ਰਿਸ਼ਨ ਦੀ ਜਨਨੀ ਜ਼ਰੂਰ ਸੀ ਪਰ ਜੇਲ੍ਹ ਵਿਚ ਪਏ ਹੋਣ ਕਾਰਨ ਗੋਦ ਦਾ ਸੁੱਖ ਨਾ ਮਾਣ ਸਕੀ। ਸਿਸਕਦੀ ਤੇ ਤਰਸਦੀ ਰਹੀ । ਮਾਂ ਪਿਆਰ ਤੋਂ ਕ੍ਰਿਸ਼ਨ ਜੀ ਵਾਂਝੇ ਰਹੇ ਤੇ ਪੁੱਤ-ਪਿਆਰ ਤੋਂ ਮਾਂ । ਹਜ਼ਰਤ ਈਸਾ ਮਰਯਮ ਦੀ ਕੁਆਰੀ ਕੋਖ ਵਿਚ ਆਏ। ਜੋ ਤਾਹਨੇ ਮਿਹਣੇ ਮਰਯਮ ਨੂੰ ਸਹਾਰਨੇ ਪਏ ਉਹ ਹੀ ਜਾਣਦੀ ਹੈ । ਬੁੱਧ ਦੀ ਮਾਂ ਜਨਮ ਦੇਂਦੇ ਸਾਰ ਹੀ ਚੜ੍ਹਾਈ ਕਰ ਗਈ । ਮਾਸੀ ਕੋਲ ਪਲੇ । ਉਹ ਵਿਚਾਰੀ ਤਾਂ ਸਿਰਫ਼ ਸੁਪਨਿਆਂ ਦਾ ਸੁਆਦ ਹੀ ਲੈਂਦੀ ਰਹੀ । ਮਹਾਂਵੀਰ ਦੀ ਮਾਂ ਤ੍ਰਿਸ਼ੂਲਾ ਨੂੰ ਚੌਦਾਂ ਸੁਪਨੇ ਆਏ । ਹਰ ਸੁਪਨਾ ਆਉਣ ਤੇ ਕਾਂਬਾ ਛਿੜ ਜਾਂਦਾ ਸੀ।