ਸੁਪਨਿਆਂ ਦਾ ਵੇਰਵਾ ਦੇਂਦੀ ਡਰ ਜਾਂਦੀ ਸੀ । ਕਦੀ ਸਫ਼ੈਦ ਹਾਥੀ, ਕਦੇ ਚਿੱਟਾ ਦੰਦ, ਕਦੇ ਲਕਸ਼ਮੀ ਦੇਵੀ, ਕਦੇ ਫੁੱਲਾਂ ਦਾ ਹਾਰ ਗਲੇ ਪੈਂਦਾ ਦਿਸੇ ਸੂ । ਕਦੇ ਚੰਨ ਚੜ੍ਹੇ, ਕਦੇ ਸੂਰਜ ਤਾਰੇ, ਕਦੇ ਝੰਡਾ ਝੂਲੇ, ਕਦੇ ਕਲਸ ਚਮਕੇ, ਕਦੇ ਸਰੋਵਰ ਕੰਵਲ ਫੁੱਲਾਂ ਨਾਲ ਭਰਿਆ ਦਿੱਸੇ । ਕਦੇ ਡੂੰਘੇ ਸਾਗਰਾਂ ਦੀਆਂ ਛੱਲਾਂ ਦਿਸਣ, ਕਦੇ ਵਿਮਾਨ ਉਡਦੇ ਨਜ਼ਰੀ ਆਉਣ, ਕਦੇ ਰਤਨਾਂ ਦਾ ਖ਼ਜ਼ਾਨਾ ਖਿਲਰਿਆ ਅਤੇ ਅਗਰਬਤੀਆਂ ਦੀ ਖ਼ੁਸ਼ਬੂ ਬਗ਼ੈਰ ਧੂਏਂ ਤੋਂ । ਪਰ ਧੰਨ ਮਾਤਾ ਤ੍ਰਿਪਤਾ ਸੀ, ਨਾਰਾਇਣ ਕਲਾਧਾਰ ਨੂੰ ਕੁੱਖ ਵਿਚ ਰਖ ਵੀ ਸਮਿਚੀ ਰਹੀ। ਪ੍ਰਭੂ ਨੂੰ ਯਾਦ ਕਰਦੀ ਰਹਿੰਦੀ । ਕੋਈ ਮਾਂ ਵੀ ਏਨੀ ਵੱਡੇ ਹਿਰਦੇ ਵਾਲੀ ਨਹੀਂ ਸੀ ਜੋ ਇਨ੍ਹਾਂ ਮਹਾਨ ਆਤਮਾਵਾਂ ਨੂੰ ਸਾਧਾਰਨ ਤਰੀਕੇ ਨਾਲ ਪਾਲ ਸਕੀ ਹੋਵੇ। ਕੇਵਲ ਤ੍ਰਿਪਤਾ ਹੀ ਐਸੀ ਮਾਤਾ ਸੀ ਜਿਸ ਜਨਮ ਦੇ ਕੇ ਬੱਚੇ ਦੀ ਖ਼ੁਸ਼ੀ ਮਾਣੀ ਵੀ, ਪਾਲਿਆ ਵੀ, ਪੋਸਿਆ ਵੀ, ਲਾਡ ਵੀ ਲਡਾਏ ।
ਮਾਤਾ ਤ੍ਰਿਪਤਾ ਗੁਰੂ ਨਾਨਕ ਨੂੰ ਦੇਖਦੀ ਤਾਂ ਕੁਝ ਚਿੰਤਾਤੁਰ ਹੁੰਦੀ ਕਿ ਉਹ ਹੋਰ ਬੱਚਿਆਂ ਵਾਂਗ ਨਹੀਂ ਲਗਦਾ । ਹੈਰਾਨੀ ਵਿਚ ਪੈ ਜਾਂਦੇ । ਉਹ ਨਾਨਕ ਵਿਚ ਦੋ ਰੰਗ ਦੇਖਦੀ। ਕਦੀ ਉਹ ਖੇਲਦੇ, ਹਸਦੇ ਤਾਂ ਬਹੁਤ ਪ੍ਰਸੰਨ ਹੋ ਜਾਂਦੀ ਪਰ ਜਦੋਂ ਕਦੀ ਉਹ ਨਾਨਕ ਜੀ ਨੂੰ ਮੋਨ ਹੋਏ ਬੈਠੇ ਦੇਖਦੀ ਤਾਂ ਸੋਚੀਂ ਪੈ ਜਾਂਦੀ । ਕਦੇ ਬਾਲ ਗੁਰੂ ਨਾਨਕ ਖਾਣਾ ਵਿਚ ਛੱਡ ਸਾਧੂਆਂ ਦੇ ਬਚਨ ਸੁਣਨ ਲਈ ਚਲੇ ਜਾਂਦੇ ਤੇ ਫਿਰ ਘਰ ਖਿੱਚ ਕੇ ਵੀ ਲਿਆਂਦੀ । ਪਰ ਉਹ ਫਿਰ ਘਰੋਂ ਲੋਟਾ ਲੱਜ ਚੁਕ ਲੈ ਜਾਂਦੇ, ਜਿਸ ਪਾਸ ਪਾਣੀ ਪੀਣ ਲਈ ਲੋਟਾ ਨਾ ਹੋਵੇ ਘਰੋਂ ਦੇ ਦੇਂਦੇ । ਤਨੋਂ ਨੰਗਾ ਤਕਦੇ ਤਾਂ ਚਾਦਰ ਅੰਦਰੋਂ ਕੱਢ ਦੇਂਦੇ। ਮਾਂ ਨੇ ਕਦੇ ਹੱਥ ਨਾ ਰੋਕਿਆ। ਘਰ ਵਿਚ ਨਿੱਸਲ ਹੋ ਸੋਏ ਰਹਿੰਦੇ ਤਾਂ ਮਾਤਾ ਜੀ ਉਦਾਸ ਹੋ ਜਾਂਦੇ । ਇਕੋ ਪੁੱਤਰ ਹੋਣ ਕਾਰਨ ਉਹ ਹੋਰ ਵੀ ਚਿੰਤਾ ਵਿਚ ਡੁੱਬ ਜਾਂਦੇ । ਕਦੇ ਰੋ ਕੇ ਬਾਲਕ ਬਾਬੇ ਦੁੱਧ ਨਹੀਂ ਸੀ ਮੰਗਿਆ। ਇਸ ਦਾ ਬੜਾ ਫ਼ਿਕਰ ਰਹਿੰਦਾ । ਪਰ ਗੁਰੂ ਜੀ ਤੇ ਐਸੇ ਸੰਤੁਸ਼ਟ ਰਹਿਣ ਕਿ ਜਦੋਂ ਮਾਂ ਨੇ ਪਿਲਾਉਣਾ ਤਦ ਹੀ ਪੀਣ । ਸੰਤੋਖ ਘਰ ਉਨ੍ਹਾਂ ਦਾ ਜਨਮ ਸੀ ਅਤੇ ਸੰਤੋਖ ਨੂੰ ਹੀ ਉਨ੍ਹਾਂ ਜੀਵਨ-ਸਾਥੀ ਬਣਾਈ ਰਖਿਆ।
ਮਾਤਾ ਤ੍ਰਿਪਤਾ ਨਾਨਕ ਦਾ ਸੁਭਾਅ ਦੇਖਦੀ ਰਹਿੰਦੀ ਪਰ ਮਾਂ ਦਾ ਹਿਰਦਾ ਹੋਣ ਕਾਰਨ ਕੁਝ ਕਹਿੰਦੀ ਨਾ, ਸਗੋਂ ਜਦ ਮਹਿਤਾ ਕਾਲੂ ਜੀ ਦੁਖੀ ਹੋਣ ਤੇ ਉਨ੍ਹਾਂ ਨੂੰ ਸਮਝਾਂਦੀ ਕਿ ਇਹ ਕੋਈ ਰੱਬੀ ਨੂਰ ਹੈ ਜੋ ਸਾਡੇ ਘਰ ਉਤਰਿਆ ਹੈ।