ਨਾਨਕ ਵੀ ਆਪਣੀ ਭੈਣ ਦਾ ਪੂਰਾ ਆਦਰ-ਮਾਣ ਕਰਦੇ, ਭਾਵੇਂ ਕਿ ਉਹ ਉਸ ਤੋਂ ਪੰਜ ਸਾਲ ਵੱਡੀ ਸੀ । ਉਨ੍ਹਾਂ ਦੇ ਪਿਆਰ ਦਾ ਤਾਂ ਸਾਡੇ ਇਤਿਹਾਸ ਵਿਚ ਅਖਾਣ ਹੀ ਬਣ ਗਿਆ ਹੈ। ਕਿਤਨੀਆਂ ਹੀ ਗਵਾਹੀਆਂ ਹਨ ਕਿ ਜਦ ਵੀ ਭੈਣ ਫੁਲਕਾ ਤਵੇ 'ਤੇ ਪਾਉਂਦੀ, ਰਤਾ ਕੁ ਧਿਆਨ ਧਰਦੀ ਤਾਂ ਗੁਰੂ ਨਾਨਕ ਜੀ ਆ ਆਵਾਜ਼ ਦਿੰਦੇ । ਕੈਸੀ ਖਿੱਚ ਦੀ ਤੰਦ ਦੋਵਾਂ ਵਿਚ ਪੈ ਗਈ ਸੀ ।
ਬੇਬੇ ਨਾਨਕੀ ਦਾ ਜਨਮ ਆਪਣੇ ਨਾਨਕੇ ਪਿੰਡ ਚਾਹਲ, ਥਾਣਾ ਬਰਕੀ, ਜ਼ਿਲ੍ਹਾ ਲਾਹੌਰ, ਸੰਨ 1464 ਨੂੰ ਹੋਇਆ । ਨਾਨਾ ਰਾਮ ਜੀ, ਮਾਮਾ ਕ੍ਰਿਸ਼ਨਾ ਜੀ ਤੇ ਨਾਨੀ ਭਿਰਾਈ ਜੀ ਨੇ ਇਤਨੇ ਲਾਡ ਲਡਾਏ ਕਿ ਨਵ-ਜਨਮੀ ਬੱਚੀ ਦਾ ਨਾਂ ਹੀ ਨਾਨਕਿਆਂ ਦੀ ਪੈ ਗਿਆ । ਫਿਰ ਇਹ ਨਾਂ ਅੱਗੇ ਜਾ ਕੇ 'ਨਾਨਕੀ' ਅਖਵਾਣ ਲੱਗ ਪਿਆ ।
ਬੇਬੇ ਨਾਨਕੀ ਦਾ ਵਿਆਹ 11 ਸਾਲ ਦੀ ਉਮਰ ਵਿਚ ਭਾਈ ਜੈ ਰਾਮ ਜੀ ਨਾਲ ਹੋ ਗਿਆ ਸੀ । ਭਾਈ ਜੈ ਰਾਮ ਜੀ ਸੁਲਤਾਨਪੁਰ ਆਮਿਲ ਸਨ ਤੇ ਪੈਮਾਇਸ਼ ਕਰਨ ਤੇ ਕਰ ਲੈਣ ਤਲਵੰਡੀ ਆਇਆ ਜਾਇਆ ਕਰਦੇ ਸਨ। ਰਾਇ ਬੁਲਾਰ ਨੇ ਇਹ ਰਿਸ਼ਤਾ ਪੱਕਾ ਕਰਵਾ ਦਿੱਤਾ। ਭਾਵੇਂ ਨਾਨਕੀ ਜੀ ਸੁਲਤਾਨਪੁਰ ਚਲੇ ਗਏ ਪਰ ਵੀਰ ਦਾ ਪਿਆਰ ਉਨ੍ਹਾਂ ਨੂੰ ਮੁੜ-ਮੁੜ ਤਲਵੰਡੀ ਖਿੱਚ ਲਿਆਂਦਾ ਰਹਿਆ।
ਭਾਈ ਜੈ ਰਾਮ ਜੀ ਨੂੰ ਜਦ ਪਤਾ ਲੱਗਾ ਕਿ ਦੌਲਤ ਖ਼ਾਨ ਪਾਸ ਮੋਦੀ ਦੀ ਥਾਂ ਖ਼ਾਲੀ ਹੋਈ ਹੈ ਤਾਂ ਉਸ ਸਮੇਂ ਹੀ ਦੌਲਤ ਖ਼ਾਨ ਨੂੰ ਕਿਹਾ, 'ਖ਼ਾਨ ! ਮੇਰਾ ਇਕ ਸਾਕ ਹੈ, ਅਰ ਮਰਦਾਨਾ ਆਦਮੀ ਹੈ । ਖੂਬ ਲਾਇਕ ਹੈ, ਮੁਹਿੰਮ ਸਰ ਕਰਨਹਾਰ ਹੈ। ਅਰਬੀ, ਫ਼ਾਰਸੀ ਤੇ ਹੋਰ ਵਿਦਿਆ ਤੋਂ ਜਾਣੂ ਹੈ । ਦੌਲਤ ਖ਼ਾਨ ਨੇ ਹਾਮੀ ਭਰੀ ਅਤੇ ਜੈ ਰਾਮ ਜੀ ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਲੈ ਆਏ । ਦੌਲਤ ਖ਼ਾਨ ਨੇ ਨਿਰਛਲ ਤੇ ਨਿਰਕਪਟ ਚਿਹਰਾ ਦੇਖ ਕੇ ਉਸੇ ਸਮੇਂ ਆਖ ਦਿੱਤਾ, 'ਇਹ ਤਾਂ ਕੋਈ ਔਲੀਆ ਹੈ, ਈ ਮਰਦ ਖ਼ੁਦਾ ਦੀ ਸੂਰਤ ਨਜ਼ਰ ਆਵਤਾ ਹੈ । ਮੋਦੀ ਦਾ ਕੰਮ ਕਿਸ ਤਰ੍ਹਾਂ ਨਿਭਾਏਗਾ । ਇਹ ਸੁਣ ਗੁਰੂ ਨਾਨਕ ਦੇਵ ਜੀ ਨੇ ਫ਼ਰਮਾਇਆ, 'ਸਭ ਕੰਮ ਕਰਤਾਰ ਦੇ ਹੱਥ ਹਨ, ਆਦਮੀ ਦਾ ਉੱਦਮ ਉਹ ਹੀ ਸਫ਼ਲ ਕਰਨ ਵਾਲਾ ਹੈ, ਖ਼ਾਨ।'
ਇਹ ਵੀ ਸੱਚ ਹੈ ਕਿ ਬੇਬੇ ਨਾਨਕੀ ਦੇ ਜੇ ਵੱਸ ਹੁੰਦਾ ਤਾਂ ਉਹ ਵੀਰ ਨੂੰ ਨੌਕਰੀ ਕਰਨ ਹੀ ਨਾ ਦਿੰਦੀ।