ਭਾਈ ਜੈ ਰਾਮ ਜੀ ਵੀ ਬੇਬੇ ਨਾਨਕੀ ਨੂੰ ਪੂਰਾ ਆਦਰ ਮਾਣ ਦਿੰਦੇ। ਨਾਨਕ ਦੀ ਭੈਣ ਤੇ ਨਾਨਕੀ ਦੁਆਰਾ ਨਾਨਕ ਨਾਲ ਜੁੜੇ ਹੋਣ ਕਾਰਨ ਨਾਨਕੀ ਨੂੰ ਬੜੀ ਉੱਚੀ ਥਾਂ ਆਪਣੇ ਹਿਰਦੇ ਵਿਚ ਦਿੰਦੇ ਸਨ । ਤਾਂ ਹੀ ਇਕ ਵਾਰ ਕਹਿ ਦਿੱਤਾ ਸੀ, 'ਬਹੂ ਜੀ! ਤੂੰ ਨਾਨਕ ਦੀ ਭੈਣ ਹੈਂ । ਤੈਨੂੰ ਵੀ ਇਸ ਦਾ ਕੁਝ ਅਸਰ ਹੈ । ਅਸੀਂ ਐਵੇਂ ਭਰਮ ਵਿਚ ਭਟਕਦੇ ਹਾਂ । ਧੰਨ ਪਰਮੇਸ਼ਵਰ ਜੀ ਹੈਂ ਅਤੇ ਧੰਨ ਨਾਨਕ ਜੀ ਹੈਂ ਅਤੇ ਤੂੰ ਭੀ ਧੰਨ ਹੈਂ ਜੋ ਇਸ ਦੀ ਭੈਣ ਹੈਂ ਅਤੇ ਥੋੜੇ-ਥੋੜੇ ਅਸੀਂ ਭੀ ਧੰਨ ਹਾਂ ਜੋ ਤੇਰੇ ਨਾਲ ਸਾਡਾ ਸੰਯੋਗ ਹੈ।'
ਬੇਬੇ ਨਾਨਕੀ ਜੀ ਦੀ ਤਰ੍ਹਾਂ ਜੈ ਰਾਮ ਜੀ ਵੀ ਨਾਨਕ ਨਾਲ ਸਨੇਹ ਕਰਦੇ ਸਨ । ਪਿਤਾ ਕਾਲੂ ਜੀ ਵੀ ਜੈ ਰਾਮ ਜੀ ਕੋਲੋਂ ਸਲਾਹ ਮੰਗਦੇ । ਉਹ ਨੇਕ ਤੇ ਠੀਕ ਸਲਾਹ ਦਿੰਦੇ । ਨਾਨਕੀ ਦੇ ਕਹਿਣ 'ਤੇ ਹੀ ਉਨ੍ਹਾਂ ਦੌਲਤ ਖ਼ਾਨ ਨਾਲ ਨਾਨਕ ਲਈ ਗੱਲ ਕੀਤੀ।
ਨਿਰੀਆਂ ਵਧਾਈਆਂ ਹੀ ਨਹੀਂ, ਭੈਣ ਨੂੰ ਵੀਰ ਲਈ ਗੱਲਾਂ ਵੀ ਸੁਣਨੀਆਂ ਪੈਂਦੀਆਂ ਸਨ । ਕਈ ਮਿਹਣੇ-ਤਾਹਨੇ ਵੀ ਸਹਾਰਨੇ ਪੈਂਦੇ ਸਨ ਪਰ ਮਜ਼ਾਲ ਕੀ ਉਨ੍ਹਾਂ ਸਾਹਮਣੇ ਕੋਈ ਗੁਰ-ਨਿੰਦਿਆ ਕਰ ਸਕੇ । ਸੁਲਤਾਨਪੁਰ ਮੋਦੀ ਦਾ ਕੰਮ ਕਰਦੇ ਜਦ ਵੀਰ ਨੂੰ ਕੁਝ ਸਾਲ ਹੋ ਗਏ ਤਾਂ ਇਕ ਵਾਰੀ ਗੁਰੂ ਮਹਾਰਾਜ ਦੀ ਸੱਸ ਬੀਬੀ ਚੰਦੋ ਨੇ ਆ ਕੇ ਖੂਬ ਜਲੀਆਂ-ਕਟੀਆਂ ਸੁਣਾਈਆਂ ਤੇ ਉਹ ਇਥੋਂ ਤਕ ਆਖ ਗਈ ਕਿ ਉਸ ਦੀ ਧੀ 'ਸੁਲੱਖਣੀ' ਦਾ ਰਤਾ ਵੀ ਕੱਪੜੇ ਲੱਤੇ ਦਾ ਖ਼ਿਆਲ ਨਹੀਂ ਰੱਖਿਆ ਜਾਂਦਾ । ਉਹ ਹੀ ਆਪਣੇ ਵੀਰ ਨੂੰ ਸਮਝਾਏ । ਜੋ ਉੱਤਰ ਬੇਬੇ ਨਾਨਕੀ ਨੇ ਚੰਦੋ ਜੀ ਨੂੰ ਦਿੱਤਾ, ਉਸ ਤੋਂ ਉਨ੍ਹਾਂ ਦਾ ਵੀਰ-ਪਿਆਰ ਤਾਂ ਡਲ੍ਹਕਾਂ ਮਾਰਦਾ ਹੀ ਹੈ ਪਰ ਨਾਲ ਹੀ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਦੀ ਇਕ ਹੋਰ ਨਿਰਾਲੀ ਤਸਵੀਰ ਉਭਰ ਕੇ ਸਾਹਮਣੇ ਆਉਂਦੀ ਹੈ । ਬੌਬੇ ਨਾਨਕੀ ਜੀ ਨੇ ਕਿਹਾ, 'ਸੁਣ ਮਾਸੀ! ਮੈਂ ਭਿਰਾਓ ਤਾਈਂ ਕੀ ਸਮਝਾਵਾਂ । ਭਿਰਾਓ ਮੇਰਾ ਚੋਰ ਨਹੀਂ, ਯਾਰ ਨਹੀਂ, ਜੁਆਰੀ ਨਹੀਂ, ਕੋਈ ਬੁਰਾ ਕੰਮ ਨਹੀਂ ਕਰਦਾ । ਮੈਂ ਉਸ ਨੂੰ ਕੀ ਸਮਝਾਵਾਂ । ਉਹ ਦਾਨ-ਪੁੰਨ ਕਰਦਾ ਹੈ। ਨੰਗੇ ਭੁੱਖ ਨੂੰ ਦਿੰਦਾ ਹੈ ਤਾਂ ਆਪਣੀ ਖੱਟੀ-ਕਮਾਈ ਵਿਚੋਂ ਕਰਦਾ ਹੈ । ਮੈਂ ਕੀ ਸਮਝਾਵਾਂ ? ਆਪਣੀ ਕਮਾਈ ਵਿਚੋਂ ਭਾਵੇਂ ਜੋ ਸੋ ਕਰੇ ।
'ਮਾਸੀ । ਤੁਸੀਂ ਉਲ੍ਹਾਮੇ ਤਾਂ ਦੇਵੋ ਜੇ ਤੁਹਾਡੀ ਧੀ ਨੰਗੀ ਭੁੱਖੀ ਰਹਿੰਦੀ ਹੋਵੇ । ਅਸੀਂ ਇਸ ਮੂੰਹੋਂ ਕੁਝ ਆਖੀਏ, ਸੁਆਦ ਨਹੀਂ ਦਿੰਦਾ । ਤੂੰ ਸੁਣ ਮਾਸੀ,