ਜਦੋਂ ਬਰਾਤ ਵਿਚ ਸ਼ਾਮਲ ਹੋਏ ਤਾਂ ਸਭ ਨੇ ਇਕ ਥਾਂ ਰੋਟੀ ਖਾਧੀ।
ਪੁਰਾਤਨ ਜਨਮਸਾਖੀਆਂ ਵਿਚ ਇਸ ਗੱਲ ਤੇ ਬਹੁਤ ਜ਼ੋਰ ਦਿਤਾ ਹੈ ਕਿ ਸਾਰਿਆਂ ਇਕ ਥਾਂ ਬੈਠ ਬਰਾਤ ਵਿਚ ਪ੍ਰਸ਼ਾਦ ਛਕਿਆ ਕਿਉਂਕਿ ਜਦ ਮਰਿਆਦਾ ਪ੍ਰਸ਼ੋਤਮ ਰਾਮ ਦਾ ਵਿਆਹ ਹੋਇਆ ਸੀ ਤਾਂ ਨਾਲ ਗਏ ਤਾਂ ਹਰ ਜਾਤਿ ਦੇ ਲੋਕੀ ਸਨ ਪਰ ਰੋਟੀ ਅੱਡ ਅੱਡ ਖੁਆਈ ਸੀ ਤੇ ਸਭ ਨੂੰ ਠਹਿਰਨ ਵੇਲੇ ਵੀ ਵਖਰੇ ਵਖਰੇ ਸਥਾਨ ਦਿਤੇ ਗਏ ਸਨ । ਪਰ ਨਾਨਕ ਤਾਂ ਉਚ ਨੀਚ ਧਰਮਾਂ ਦੇ ਅੰਤਰ ਮਿਟਾਣ ਆਏ ਸਨ । ਉਨ੍ਹਾਂ ਦੀ ਹਰ ਗੱਲ ਵਿਚ ਕੁਝ ਨਾ ਕੁਝ ਸੰਦੇਸ਼ ਸੀ ਤਾਂ ਹੀ ਤਾਂ ਉਹ ਬਰਾਤ ਵਿਚ ਹਰ ਧਰਮ, ਜਾਤ ਦੇ ਲੋਕ ਲੈ ਕੇ ਗਏ। ਉਨ੍ਹਾਂ ਨੂੰ ਇਕੱਠੇ ਬੈਠਾ ਕੇ ਭੋਜਨ ਛਕਾਇਆ। ਇਹ ਹੀ ਕਾਰਨ ਲਗਦਾ ਹੈ ਕਿ ਉਨ੍ਹਾਂ ਨੂੰ ਜਾਤ ਅਭਿਮਾਨੀਆਂ ਉਸ ਕੰਧ ਹੇਠਾਂ ਬਿਠਾਇਆ ਜੋ ਕੱਚੀ ਸੀ ਤੇ ਜਿਸ ਦੇ ਡਿੱਗਣ ਦਾ ਖ਼ਤਰਾ ਬਣਿਆ ਹੋਇਆ ਸੀ । ਪਰ ਜਾਤ ਅਭਿਮਾਨੀ ਕੀ ਜਾਣਨ ਕਿ ਗੁਰੂ ਨਾਨਕ ਦੇ ਬਚਨਾਂ ਵਾਂਗ ਉਹ ਕੰਧ ਵੀ ਅਹਿਲ ਹੋ ਗਈ ਜੋ ਹੁਣ ਵੀ ਖੜੀ ਗ੍ਰਹਿਸਤ ਦੀ ਮਹਿਮਾ ਪ੍ਰਗਟਾ ਰਹੀ ਹੈ।
ਵਿਆਹ ਵੇਲੇ ਵੈਦਿਕ ਰੀਤਾਂ ਰਸਮਾਂ ਨੂੰ ਨਹੀਂ ਮੰਨਿਆ ਸਗੋਂ ਕੇਵਲ ਕੀਰਤਨ ਹੀ ਕੀਤਾ ਗਿਆ । ਇਕ ਚੌਂਕੀ ਤੇ 'ੴ ਲਿਖ ਕੇ ਗੁਰੂ ਨਾਨਕ ਦੇਵ ਜੀ ਅਤੇ ਸੁਲੱਖਣੀ ਜੀ ਨੇ ਚਾਰ ਪਰਕਰਮਾਂ ਲਈਆਂ ਸਨ। ਅਨੰਦ ਕਾਰਜ ਦਾ ਮੁਢ ਬਝ ਗਿਆ ਸੀ । ਕੋਈ ਰੀਤ ਰਸਮ ਰਵਾਜ ਵੀ ਬਰਾਤ ਦੇ ਚੜ੍ਹਨ ਵੇਲੇ ਨਾ ਕੀਤਾ। ਜਨਮਸਾਖੀਆਂ ਵਿਚ ਲਿਖਿਆ ਹੈ ਕਿ ਕੇਵਲ ਸਾਦੇ ਸੁਥਰੇ ਬਸਤਰ ਸਨ ਤੇ ਸਿਰ ਤੇ ਸਾਂਵੀ ਪੱਗ ਖੂਬ ਸਜ ਰਹੀ ਸੀ।
ਜਦ ਸੁਲੱਖਣੀ ਜੀ ਨੂੰ ਤਲਵੰਡੀ ਨਨਕਾਣਾ ਸਾਹਿਬ ਘਰ ਲੈ ਕੇ ਆਏ ਤਾਂ ਕੋਈ ਅਡੰਬਰ ਆਦਿ ਨਹੀਂ ਕਰਨ ਦਿਤੇ । ਗ੍ਰਹਿਸਤ ਜੀਵਨ ਵਸਾਇਆ ਪਰ ਗੁਰੂ ਜੀ ਦਾ ਧਿਆਨ ਪ੍ਰਭੂ ਚਰਨਾਂ ਵਿਚ ਹੀ ਲੀਨ ਰਹਿੰਦਾ ਸੀ । ਮਾਤਾ ਤ੍ਰਿਪਤਾ ਜੀ ਬਹੁਤ ਕਹਿੰਦੇ ਕਿ ਦੱਸੋ, ਤੁਹਾਡਾ ਗ੍ਰਹਿਸਤ ਵਿਚ ਜੀ ਕਿਉਂ ਨਹੀਂ ਖੁਭਦਾ । ਇਕ ਵਾਰੀ ਬਹੁਤ ਹੀ ਪਰੇਸ਼ਾਨ ਹੋਈ ਮਾਤਾ ਜੀ ਨੂੰ ਕਿਹਾ: ਉਦਾਸੀ ਦਾ ਕਾਰਨ ਹੈ ਕਿ ਪਰਮੇਸ਼ਵਰ ਦੇ ਲੋਕ ਵਿਚ ਕੋਈ ਅਜਿਹਾ ਨਹੀਂ ਮਿਲਦਾ ਜਿਸ ਨਾਲ ਪਰਮੇਸ਼ਵਰ ਦੀਆਂ ਗੱਲਾਂ ਕਰਾਂ ।
ਮਾਤਾ ਜੀ ਨੇ ਕਿਹਾ ਕਿ ਰਤਾ ਕੁ ਘਰ ਗ੍ਰਹਿਸਤੀ ਵਲ ਧਿਆਨ ਦਿਓ ਤਾਂ ਪਰਮੇਸ਼ਵਰ ਹੀ ਰਾਜ਼ੀ ਹੋਸੀ।