ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿਚ ਲਿਖਿਆ ਹੈ ਕਿ ਭਾਈ ਲਹਿਣਾ ਜੀ ਨੇ ਪੁਛਿਆ ਕਿ ਤੂੰ ਕੌਣ ਹੈਂ ਜੋ ਗੁਰ-ਦਰ 'ਤੇ ਝਾੜੂ ਦੇ ਰਹੀ ਹੈ :
ਤਬ ਦੇਵੀ ਮੁੱਖ ਬਚਨ ਪ੍ਰਕਾਸੀ ।।
ਗੁਰੂ ਨਾਨਕ ਕੀ ਮੈ ਹੋ ਦਾਸੀ।।
ਜਿਹ ਦਰਸ਼ਨ ਚਾਲੈ ਤੁਮ ਸੋ ਮਮ ਇਹਾ ਬੁਹਾਰ II (148)
ਦੇਵੀ ਆਖਿਆ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਧੂੜ ਲੈਣ ਆਈ ਹਾਂ । ਇਸ ਤਰ੍ਹਾਂ ਜਨਮ ਸਫ਼ਲ ਹੁੰਦਾ ਹੈ।
ਇਹ ਸਭ ਇਸ ਤਰ੍ਹਾਂ ਹੋਇਆ ਜਿਵੇਂ ਕਾਂ ਤਕਦਾ ਹੀ ਰਹਿੰਦਾ ਹੈ ਤੇ ਕੋਇਲ ਦਾ ਬੱਚਾ ਕੋਕਲ ਬਾਣੀ ਸੁਣ ਆਪਣਿਆਂ ਨਾਲ ਜਾ ਰਲਦਾ ਹੈ ਜਾਂ ਮੁਰਗੀ ਕੁੜ ਕੁੜ ਕਰਦੀ ਹੀ ਰਹਿੰਦੀ ਹੈ ਤੇ ਬੱਤਖ਼ ਦਾ ਬੱਚਾ ਤਾਰੀਆਂ ਭਰਦਾ ਨਦੀ ਪਾਰ ਕਰ ਜਾਂਦਾ ਹੈ।
ਸੁਤ ਕੋਕਲਾ ਜਿਮ ਬੈਨ ਸੁਨਿ, ਤਜਿ ਕਾਕ ਪਿਕ ਦਿਸ ਜਾਇ ਹੈ ॥
ਰਾਤਿ ਭਈ ਮੁਰਗੀ ਬਤਕ ਕੇ ਸੁਤ ਵਾਰ ਵਾਰ ਤਰਾਇ ਹੈ।1 (23)
-ਸ੍ਰੀ ਗੁਰੂ ਪੰਥ ਪ੍ਰਕਾਸ਼,ਕ੍ਰਿਤ ਗਿ. ਗਿਆਨ ਸਿੰਘ
ਲਹਿਣਾ ਜੀ ਸਵੇਰੇ ਹੀ ਮੂੰਹ ਹਨੇਰੇ ਉਠ ਕੇ ਸਾਥ ਪਾਸ ਪੁੱਜੇ ਤੇ ਸਭ ਨੂੰ ਕਿਹਾ ਕਿ ਉਹ ਹੁਣ ਸਾਥ ਨਾਲ ਨਹੀਂ ਜਾ ਸਕਣਗੇ । ਜਿਸ ਦੇਵੀ ਦੇ ਦਰਸ਼ਨਾਂ ਲਈ ਅਸੀਂ ਜਾਂਦੇ ਹਾਂ ਉਸ ਨੂੰ ਤਾਂ ਇਥੇ ਝਾੜੂ ਦੀ ਸੇਵਾ ਕਰਦਿਆਂ ਦੇਖਿਆ ਹੈ ਅਤਿ ਉਚਾ ਗੁਰੂ ਨਾਨਕ ਦਾ ਦਰਬਾਰ ਹੈ । ਸਾਥ ਨੇ ਗੁੱਸਾ ਮਨਾਇਆ, ਜਲੀਆਂ ਕਟੀਆਂ ਵੀ ਸੁਣਾਈਆਂ। ਦੇਵੀ ਦੇ ਸਰਾਪ ਦੇ ਡਰ ਵੀ ਦਿਤੇ ਪਰ ਆਪ ਜੀ ਨੇ ਕਿਹਾ:
'ਜਦ ਮੰਜ਼ਲ ਮਿਲ ਜਾਵੇ ਤਾਂ ਰਾਹੀਂ ਫਿਰ ਭਟਕਦੇ ਨਹੀਂ । ਕਰਤਾਰਪੁਰ ਹੀ ਸੰਗਤ ਦਾ ਰਸ ਮਾਣਦੇ ਰਹੇ।
ਗੁਰੂ ਨਾਨਕ ਸਾਹਿਬ ਦੀ ਸ਼ਖ਼ਸੀਅਤ ਦਾ ਅਜਿਹਾ ਪ੍ਰਭਾਵ ਪਿਆ ਕਿ ਤਨ ਮਨ ਹੀ ਅਰਪਣ ਕਰ ਦਿਤਾ । ਘਰ ਪਰਤ ਕੇ ਫਿਰ ਜਦ ਦਰਸ਼ਨਾਂ ਨੂੰ ਕਰਤਾਰਪੁਰ ਆਏ ਤਾਂ ਇਕ ਨੂਣ ਦੀ ਖਿਟੀ ਸਿਰ ਤੇ ਚੁਕੀ ਹੋਈ ਸੀ, ਜਿਸ ਦਾ ਭਾਵ ਇਹ ਸੀ ਕਿ ਹੁਣ ਇਕ ਸਵਾਸ ਵੀ ਹਰਾਮ ਨਹੀਂ ਕਰਾਂਗਾ । ਉਸ ਸਮੇਂ ਜੋ ਮਾਤਾ ਖੀਵੀ ਜੀ ਨੇ ਦ੍ਰਿੜ੍ਹਤਾ ਦੱਸੀ ਉਹ ਦੇਖਣ ਸੁਣਨ ਨਾਲ ਹੀ ਸੰਬੰਧ ਰਖਦੀ ਹੈ।