ਸਨ । ਨਾਨਕਿਆਂ ਨੇ ਦੋਹਤਰੇ ਦਾ ਰਿਸ਼ਤਾ ਵੀ ਪਿੰਡ ਵਿਚ ਹੀ ਕਰ ਦਿੱਤਾ । ਘਰ ਵਾਲੀ ਦਾ ਨਾਂ ਰਾਮੋ ਸੀ । ਫੇਰੂ ਮੱਲ ਜੀ ਦਾਨ ਪੁੰਨ ਵੀ ਕਰਦੇ ਤੇ ਵਪਾਰ ਵੀ ਫੇਰੂ ਮੱਲ ਜੀ ਹਰ ਸਾਲ ਦੇਵੀ ਦਰਸ਼ਨਾਂ ਲਈ ਜਾਂਦੇ ਸਨ । ਜਦ ਵਪਾਰ ਵਿਚ ਕੁਝ ਘਾਟਾ ਪੈ ਗਿਆ ਤਾਂ ਆਪ ਜੀ ਨੇ ਚੌਧਰੀ ਤਖ਼ਤ ਮੱਲ, ਜੋ ਇਲਾਕੇ ਦੇ ਮੁਖੀ ਸਨ, ਪਾਸ ਨੌਕਰੀ ਕਰ ਲਈ। ਇਸੇ ਤਖ਼ਤ ਮੱਲ ਦੀ ਇਕ ਬੇਟੀ ਵਿਰਾਈ ਸੀ।
ਵਿਰਾਈ ਜੀ ਆਪਣੇ ਸੱਤ ਭਰਾਵਾਂ ਦੀ ਇਕੱਲੀ ਭੈਣ ਸੀ ਜਿਸ ਕਾਰਨ ਇਸ ਨੂੰ ਸਤਭਰਾਈ ਵੀ ਆਖਿਆ ਜਾਂਦਾ ਸੀ । ਕੁਝ ਇਤਿਹਾਸਕਾਰਾਂ ਨੇ ਉਨ੍ਹਾਂ ਨੂੰ ਨਿਹਾਲੀ ਕਰਕੇ ਵੀ ਲਿਖਿਆ ਹੈ ਪਰ ਸਭ ਦੀ ਜ਼ਬਾਨ ਤੇ ਜੋ ਨਾਮ ਚੜ੍ਹਿਆ ਉਹ ਕੇਵਲ ਵਿਰਾਈ ਹੀ ਸੀ ਅਤੇ ਇਸੇ ਨਾਂ ਨਾਲ ਉਹ ਪ੍ਰਸਿੱਧ ਹੋਏ।
ਵਿਰਾਈ ਜੀ ਦਾ ਸੁਭਾਅ ਬਹੁਤ ਠਹਿਰਿਆ ਹੋਇਆ ਸੀ । ਉਨ੍ਹਾਂ ਦੀ ਸਮਝ ਬਹੁਤ ਉੱਚੀ ਸੀ । ਸ਼ਰਮ ਜਿਸ ਨੂੰ ਇਸਤਰੀ ਦਾ ਗਹਿਣਾ ਆਖਦੇ ਹਨ ਉਨ੍ਹਾਂ ਵਿਚ ਸੀ। ਚਿਹਰਾ ਹਮੇਸ਼ਾ ਹਸੂੰ ਹਸੂੰ ਕਰਦਾ ਰਹਿੰਦਾ । ਪਿਤਾ ਜੀ ਵੀ ਇਕਲੌਤੀ ਬੱਚੀ ਹੋਣ ਕਰਕੇ ਬਹੁਤ ਲਾਡ ਲਡਾਂਦੇ । ਭਰਾ ਵੀ ਬੜਾ ਹੀ ਪਿਆਰ ਕਰਦੇ ।
ਵਿਰਾਈ ਜੀ ਦਾ ਵਿਆਹ ਖਹਿਰਿਆਂ ਦੇ ਖਡੂਰ ਚੌਧਰੀ ਮਹਿਮੇ ਨਾਲ ਸੰਨ 1504 ਨੂੰ ਹੋ ਗਿਆ ਸੀ । ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਜਦ ਗੁਰਗੱਦੀ ਗੁਰੂ ਅੰਗਦ ਦੇਵ ਜੀ ਨੂੰ ਸੌਂਪੀ ਗਈ ਤਾਂ ਪੁੱਤਰਾਂ, ਬਿਰਾਦਰੀ ਤੇ ਈਰਖਾਲੂਆਂ ਨੇ ਕਾਫ਼ੀ ਬਿਖੇੜਾ ਖੜਾ ਕੀਤਾ । ਉਨ੍ਹਾਂ ਲੋਕਾਂ ਦਾ ਖ਼ਿਆਲ ਸੀ ਕਿ ਗੁਰੂ ਅੰਗਦ ਦੇਵ ਜੀ ਕਰਤਾਰਪੁਰ ਹੀ ਟਿੱਕ ਜਾਣਗੇ ਪਰ ਉਨ੍ਹਾਂ ਨੂੰ ਗੁਰੂ ਪਾਤਸ਼ਾਹ ਦੇ ਹੁਕਮ ਯਾਦ ਸਨ ਕਿ ਪੁਰਖਾ । ਪਾਰਬ੍ਰਹਮ ਦਾ ਪੰਥ ਕਰਨਾ ਹੈ । ਨਾਮ ਜਪਾਉਣਾ । ਜਦ ਗੁਰੂ ਅੰਗਦ ਦੇਵ ਜੀ ਨੇ ਦੇਖ ਲਿਆ ਕਿ ਉਨ੍ਹਾਂ ਦੇ ਉੱਥੇ ਟਿਕਣ ਨਾਲ ਝਗੜਾ ਹੋਰ ਵੱਧਣਾ ਹੈ ਤਾਂ ਪਾਰਬ੍ਰਹਮ ਦਾ ਪੰਥ ਸਾਜਣ ਲਈ ਖਡੂਰ ਸਾਹਿਬ ਵਿਖੇ ਆ ਗਏ । ਸਾਡੇ ਸਾਖੀਕਾਰਾਂ ਨੇ ਵੀ ਲਿਖਿਆ ਹੈ:
ਪਿਖਯੋ ਜਬ ਬਢਤ ਫਸਾਦ, ਪਾਇ ਹੁਕਮ ਗੁਰ ਕੇਰ।
ਆਇ ਖਡੂਰ ਥਿਰਾਏ।
-'ਸ੍ਰੀ ਗੁਰੂ ਪੰਥ ਪ੍ਰਕਾਸ਼', ਪੂਰਬਾਰਧ ਬਿਸਰਾਮ 13