ਸਭ ਭਜਨ, ਬੰਦਗੀ, ਗਿਆਨ, ਧਿਆਨ ਇਸੇ ਵਾਸਤੇ ਕਰੀਦੇ ਹਨ ਕਿ ਦਿਲ ਟਿਕਿਆ ਰਹੇ ਤੇ ਇਥੋਂ ਜਾਣ ਲੱਗਿਆਂ ਉਦਾਸੀ ਨਾ ਛਾਏ।
ਐਸਾ ਇਕਾਂਤ ਹੋਣ ਦਾ ਗੁਰੂ ਅੰਗਦ ਦੇਵ ਜੀ ਦਾ ਮੰਤਵ ਇਹ ਹੀ ਲੱਗਦਾ ਸੀ ਕਿ ਗੁਰੂ ਭਾਲਣਾ ਪੈਂਦਾ ਹੈ । ਗੁਰੂ ਦਾ ਸੁੱਤੇ ਸਿੱਧ ਪ੍ਰਕਾਸ਼ ਹੈ। ਗੁਰੂ ਨੂੰ ਕੋਈ ਢੰਡੋਰਾ ਜਾਂ ਦੋਹੀ ਫੇਰਨ ਦੀ ਲੋੜ ਨਹੀਂ। ਨਾਲ ਹੀ ਜੋ ਦੋਖੀ ਤੇ ਸੰਬੰਧੀ ਵਾਦ ਕਰਨ ਵਾਲੇ ਹਨ ਸੰਗਤਾਂ ਉਨ੍ਹਾਂ ਦਾ ਰੰਗ ਵੀ ਦੇਖ ਲੈਣ ।
ਇਹ ਭਾਵੇਂ ਪ੍ਰਗਟ ਹੋ ਗਿਆ ਸੀ ਕਿ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਨਾਨਕ ਜੀ ਗੁਰੂ ਅੰਗਦ ਦੇਵ ਜੀ ਨੂੰ ਦੇ ਗਏ ਸਨ ਪਰ ਉਹ ਅਲੋਪ ਸਨ, ਸੰਗਤਾਂ ਵਿਆਕੁਲ ਸਨ । ਸੰਗਤਾਂ ਦੱਸਿਆਂ ਟਿਕਾਣਿਆਂ ਤੇ ਜਾਂਦੀਆਂ ਪਰ ਗੁਰੂ ਜੀ ਦਾ ਟਿਕਾਣਾ ਨਾ ਲੱਭਾ। ਇਸੇ ਤਰ੍ਹਾਂ ਛੇ ਮਹੀਨੇ ਬੀਤ ਗਏ:
ਇਸ ਖਟ ਮਾਸ ਜਬ ਭਏ ਬਤੀਤ ।
ਉਕਲਾਨੇ ਬਾਬੇ ਕੀ ਮੀਤ ।
-'ਮਹਿਮਾ ਪ੍ਰਕਾਸ਼' ਸਾਖੀ ਪਹਿਲੀ, ਸਾਖੀਆਂ ਪਾਤਸ਼ਾਹੀ ਦੂਜੀ
ਮੁਖੀ ਸਿੱਖਾਂ ਨੇ ਕਿਹਾ ਕਿ ਬਗ਼ੈਰ ਬਾਬਾ ਬੁੱਢਾ ਜੀ ਤੋਂ ਗੁਰੂ ਜੀ ਦਾ ਬਹੁ ਪਤਾ ਲੱਭਣਾ ਮੁਸ਼ਕਲ ਹੈ । ਬਾਬਾ ਬੁੱਢਾ ਜੀ ਨੂੰ ਗੁਰੂ ਨਾਨਕ ਦੇਵ ਜੀ ਵਰ ਦੇ ਗਏ ਸਨ ਕਿ 'ਤੈਥੋਂ ਨਾ ਕਦੇ ਓਹਲੇ ਹੋਸਾਂ । ਸੋ ਸਿੱਧੀ ਬੇਨਤੀ ਬਾਬਾ ਬੁੱਢਾ ਜੀ ਨੂੰ ਕਰਨ ਲਈ ਸੰਗਤ ਤੁਰ ਪਈ। ਜਨਮਸਾਖੀ ਵਿਚ ਲਿਖਿਆ ਹੈ ਕਿ ਪੰਜ ਸਿੱਖ ਭਾਈ ਅਜਿਤਾ ਰੰਧਾਵਾ, ਭਾਈ ਧੀਰੋ ਜੀ, ਭਾਈ ਬੂੜਾ ਕਲਾਲ, ਭਾਈ ਭਗੀਰਥ ਅਨੰਦ ਤੇ ਭਾਈ ਸਧਾਰਣ ਭਾਲਣ ਲਈ ਨਿਕਲੇ ਸਨ ਅਤੇ ਇਹ ਸਭ ਬਾਬਾ ਬੁੱਢਾ ਜੀ ਪਾਸ ਪੁਜੇ । ਬਾਬਾ ਬੁੱਢਾ ਜੀ ਉਸੇ ਸਮੇਂ ਹੀ ਉਨ੍ਹਾਂ ਨਾਲ ਹੋ ਤੁਰੇ । ਬਾਬਾ ਬੁੱਢਾ ਜੀ ਇਹ ਸਮਝਦੇ ਸਨ ਕਿ ਮਾਤਾ ਵਿਰਾਈ ਜੀ ਹੀ ਠੀਕ ਦੱਸ ਪਾ ਸਕੇਗੀ, ਸੋ ਸਾਰੇ ਸੰਘਰ ਪੁੱਜੇ।
ਮਾਈ ਵਿਰਾਈ ਜੀ ਨੂੰ ਜਦ ਪਤਾ ਲੱਗਾ ਕਿ ਬਾਬਾ ਬੁੱਢਾ ਜੀ ਪੰਜ ਸਿੱਖਾਂ ਦੇ ਨਾਲ ਉਸ ਦੇ ਘਰ ਵੱਲ ਤੁਰੀ ਆ ਰਹੇ ਹਨ ਤਾਂ ਬਚਨਾਂ ਤੇ ਪਹਿਰਾ ਦੇਂਦੀ ਅੱਗੋਂ ਜਾ ਮਿਲੀ । ਬਾਬਾ ਬੁੱਢਾ ਜੀ ਜਾਣ ਗਏ ਕਿ ਜੋਤਿ ਇਥੇ ਹੀ ਟਿਕੀ ਹੈ । ਮਾਈ ਦੇ ਚਿਹਰੇ ਦਾ ਹਾਵ-ਭਾਵ ਪਿਆ ਦੱਸਦਾ ਸੀ । ਰਤਨ ਵੀ ਕਦੇ ਲੁਕਾਇਆ ਲੁਕੇ ਨੇ ? ਬਾਬਾ ਬੁੱਢਾ ਜੀ ਨੇ ਮਾਈ ਵਿਰਾਈ ਜੀ ਨੂੰ ਅੱਗੋਂ ਆਉਂਦਿਆਂ ਇਹ ਹੀ ਤੁਕ ਪੜ੍ਹੀ: