ਸਾਡੇ ਇਤਿਹਾਸ ਨੇ ਲਿਖਿਆ ਹੈ ਕਿ ਜਿਵੇਂ ਭਗਤੀ ਆਪਣਾ ਸਰੀਰ ਧਾਰ ਗੁਰ-ਪਿਤਾ ਘਰ ਜਨਮੀ ਹੋਵੇ:
ਭਗਤਿ ਧਾਰ ਬਪੁ ਅਪਨੋ ਉਪਜੀ ਸਤਿਗੁਰ ਧਾਮ ।
-ਸੂਰਜ ਪ੍ਰਕਾਸ਼, ਰਾਸ 1, ਅੰਸੂ 15
ਗਲਾ ਅਤਿ ਸੁਰੀਲਾ, ਕੰਠ ਕੋਕਿਲਾ ਅਤੇ ਬਾਣੀ ਬਾਲਪਣ ਵਿਚ ਹੀ ਕੰਠ ਕਰ ਲਈ ਸੀ ।
ਬੀਬੀ ਅਮਰੋ ਜੀ ਪਿਤਾ ਗੁਰੂ ਅੰਗਦ ਦੇਵ ਜੀ ਤੇ ਮਾਤਾ ਖੀਵੀ ਜੀ ਦੀ ਸੰਗਤ ਸਦਕਾ ਆਤਮਕ ਉਚਿਆਈਆਂ ਛੋਹਣ ਲੱਗ ਪਏ ਸਨ । ਪੁੱਤਰੀ ਤਾਂ ਹੁੰਦੀ ਹੀ ਉਹ ਹੈ ਜੋ ਕਈ ਘਰਾਂ ਨੂੰ ਸੰਵਾਰਦੀ ਹੈ । ਜਿਸ ਘਰ ਜਨਮ ਲਵੇ, ਉਥੇ ਚੱਜ ਆਚਾਰ ਦੀ ਭਾਵਨਾ ਭਰਦੀ ਹੈ ਤੇ ਜਿਸ ਘਰ ਜਾਵੇ, ਉਸ ਨੂੰ ਸੇਵਾ ਕਰ ਰੀਝਾਂਦੀ ਹੈ। ਇਹ ਹੀ ਕਾਰਨ ਲੱਗਦਾ ਹੈ ਕਿ ਗੁਰੂ-ਘਰ ਵਿਚ ਲੜਕੀ ਦੀ ਬਹੁਤ ਪ੍ਰਸੰਸਾ ਕੀਤੀ ਹੈ । ਇਕ ਵਾਰ ਜਦ ਮਾਤਾ ਗੰਗਾ ਜੀ ਨੇ ਅਸੀਸ ਦੇਣ ਵੇਲੇ ਪੁੱਤਰ ਗੁਰੂ ਹਰਿਗੋਬਿੰਦ ਜੀ ਦੀ ਪਿੱਠ 'ਤੇ ਹੱਥ ਫੇਰ ਕੇ ਕਿਹਾ 'ਜੋੜੀ ਰਲੇ' ਤਾਂ ਉਸੇ ਵਕਤ ਗੁਰੂ ਹਰਿਗੋਬਿੰਦ ਜੀ ਨੇ ਫ਼ਰਮਾਇਆ ਸੀ, 'ਮਾਤਾ ਜੀ ਤੁਹਾਡੇ ਬਚਨ ਸਤਿ ਹਨ, ਜੋੜੀ ਨਹੀਂ ਬੇਟੇ ਪੰਜ ਹੋਣਗੇ ਪਰ ਅਸੀਸ ਇਹ ਦਿਓ ਕਿ ਘਰ ਇਕ ਲੜਕੀ ਹੋਵੇ ਤਾਂ ਕਿ ਗ੍ਰਹਿਸਤ ਦਾ ਸਹੀ ਸਵਾਦ ਵੀ ਆਏ ਤੇ ਚੱਜ ਆਚਾਰ ਵੀ।' ਘਰ ਵਿਚ ਮਿਠਾਸ ਤੇ ਚੱਜ ਆਚਾਰ ਭਰਨ ਯੋਗ ਧੀ ਹੀ ਹੁੰਦੀ ਹੈ। ਜਿਸ ਗ੍ਰਹਿ ਲੜਕੀ ਨਹੀਂ, ਉਸ ਵਿਚ ਹੌਲਾਪਣ ਅਤੇ ਅਧੂਰਾਪਣ ਆ ਜਾਂਦਾ ਹੈ । ਗ੍ਰਹਿਸਤ ਨੂੰ ਵਿਅਰਥ ਗਿਆ ਜਾਣੋ, ਜਿਸ ਘਰ ਲੜਕੀ ਨਹੀਂ ।
ਸੀਲਖਾਨ ਕੰਨਯਾ ਇਕ ਹੋਵੇ।
ਪੁਤ੍ਰੀ ਬਿਨ ਜਗ ਗ੍ਰਹਸਤ ਵਿਗੋਵੈ ।
-'ਗੁਰਬਿਲਾਸ ਪਾਤਸ਼ਾਹੀ ਛੇਵੀਂ
ਮਾਤਾ ਜੀ ਵੀ ਇਸ ਗੱਲ ਨੂੰ ਸੁਣ ਬੜੇ ਪ੍ਰਸੰਨ ਹੋਏ । ਪੁੱਤਰੀ ਹੀ ਹੈ, ਜੋ ਕਿ ਦੂਸਰਿਆਂ ਨੂੰ ਆਪਣੀ ਗ੍ਰਹਿਣੀ ਨਾਲ ਆਪ-ਮੁਹਾਰੇ ਸਿੱਖਿਆ ਦਈ ਜਾਂਦੀ ਹੈ। ਜੇ ਪੁੱਤਰੀ ਨੂੰ ਚੰਗੀ ਸਿੱਖਿਆ ਹੋਵੇਗੀ ਤਾਂ ਹੀ ਤਾਂ ਅੱਗੇ ਜਾ ਕੇ ਦੂਜਿਆਂ ਨੂੰ ਰਾਹ ਦਿਖਾਵੇਗੀ । ਬੀਬੀ ਅਮਰੋ ਜੀ ਸਹੁਰੇ ਘਰ ਜਾ ਕੇ ਆਪਣੇ ਪਿਤਾ ਜੀ ਦੀ ਹੀ ਸਿੱਖਿਆ ਸਦਕਾ ਰੋਜ਼ ਸਵੇਰੇ ਜਪੁਜੀ ਸਾਹਿਬ ਦਾ ਪਾਠ ਕਰਦੇ, ਉਸ ਤੋਂ ਬਾਅਦ ਹੀ ਕੋਈ ਦੂਜਾ ਕਾਰਜ ਕਰਦੇ ।