

ਗਲਗਲ ਲੂਣ ਮਲ ਕੇ ਖਾਇਆ ਜਾਂਦਾ ਤਾਂ ਇਨ੍ਹਾਂ ਦਾ ਸੁਆਦ ਸੈਂਕੜੇ ਗੁਣਾ ਵਧ ਜਾਂਦਾ। ਇਨ੍ਹਾਂ ਪਹਾੜੀ ਨੇਮਤਾਂ ਦੀ ਲੰਜਤ ਮੇਰੇ ਮਨ ਵਿਚ ਵਸੀ ਹੋਈ ਸੀ। ਇਨ੍ਹਾਂ ਨੂੰ ਚੇਤੇ ਕਰਕੇ ਮੈਂ ਇਨ੍ਹਾਂ ਦੇ ਸੁਆਦ ਨੂੰ ਮਹਿਸੂਸ ਕੀਤਾ ਸੀ। ਗੁੰਗੇ ਦੇ ਗੁੜ ਵਾਂਗ। ਇੱਥੋਂ ਜਾ ਕੇ, ਤਰਸ ਤੇ ਤੜਪ ਕੇ ਰਹਿ ਗਿਆ ਸੀ ਮੈਂ ਇਨ੍ਹਾਂ ਸਭਨਾਂ ਲਈ।
ਤੜਕੇ ਮੂੰਹ ਹਨੇਰੇ ਸੈਰ ਲਈ ਨਿਕਲਦਾ ਤਾਂ ਕਈ ਘਰਾਂ 'ਚ ਔਰਤਾਂ ਦੇ ਗੀਤਾਂ ਦੀ ਮਧੁਰ ਆਵਾਜ਼ ਕੰਨਾਂ 'ਚ ਰਸ ਘੋਲ ਜਾਂਦੀ। ਦੱਖਣ ਵਿਚ ਨਿੱਤ ਸਵੇਰੇ ਨਵੀਂ ਸਵੇਰ ਨੂੰ ਜੀ ਆਇਆਂ ਨੂੰ ਕਹਿਣ ਲਈ ਰੰਗੋਲੀ ਵਾਂਗ ਇਸ ਪਿੰਡ ਦੀਆ ਔਰਤਾਂ ਵੀ, ਸਵੇਰੇ ਵਿਹੜਾ ਸੰਭਰਦੀਆਂ ਰੱਬ ਦੀ ਇਬਾਦਤ ਤੇ ਚੰਗਾ ਦਿਨ ਗੁਜ਼ਰਨ ਦੀ ਭਾਵਨਾ ਨਾਲ ਓਤ-ਪੋਤ ਹੋ ਕੇ "ਧਿਆਗੜੇ" ਗਾਉਂਦੀਆਂ। ਉਹ ਮੂੰਹ ਹਨੇਰੇ ਘੱਗਰੇ ਪਾਈ, ਸਿਰਾਂ 'ਤੇ ਰੱਖੇ ਬਿਨ੍ਹਿਆਂ 'ਤੇ ਗਾਗਰਾਂ ਘੜੇ ਚੁੱਕੀ, ਕਤਾਰਵੱਧ ਹੋ ਕੇ, ਸੁਰ ਨਾਲ ਸੁਰ ਤੇ ਕਦਮ ਨਾਲ ਕਦਮ ਮਿਲਾਉਂਦੀਆ ਗਾਉਂਦੀਆਂ ਖੂਹ ਵੱਲ ਜਾਂਦੀਆਂ।
“ਤਾਰਾ ਸਰਘੀਏ ਦਾ ਡੁੱਬਿਆ, ਆਈ ਖਰਿਆ ਵੇਲਾ
ਫੁੱਲ ਚਮੇਲੀਆ ਦੇ ਖਿੜੇ, ਚਿੱਟੇ ਹਰਿਆ ਵੇਲਾ, ਤਾਰਾ ਸਰਘੀਏ ਦਾ....।”
ਗਰਮੀ ਦੀ ਮਾਰ ਨਾਲ ਸੁੱਕੇ-ਝੁਲਸੇ ਪਹਾੜ ਹਰਿਆਲੀ ਦਾ ਦੁਸ਼ਾਲਾ ਓੜ ਲੈਂਦੇ। ਪਸ਼ੂਆਂ ਲਈ ਚਾਰੇ ਦੀ ਚਿੰਤਾ ਖ਼ਤਮ ਹੋ ਜਾਂਦੀ। ਦਰਖ਼ਤਾਂ 'ਤੇ ਪੀਘਾਂ ਪਾ ਕੇ ਸੁਆਣੀਆ 'ਤ੍ਰਿੰਜਣ' ਮਨਾਉਂਦੀਆਂ ਤੇ ਆਪਣੇ ਮਾਹੀਏ ਨੂੰ ਚੇਤੇ ਕਰਦੀਆਂ :
“ਮਾਹੀਆ ਏ, ਛੁੱਟੀ ਲੈ ਕੇ ਆਈ ਜਾ ਵੇ,
ਪੀਂਘਾਂ ਝੂਟਨੇ ਦੀ ਵੇਲਾ ਆਈ ਰੇ
ਪੈਲ ਮਨ ਮੇਰੇ ਨੇ ਪਾਈ ਏ.. !"