

16. ਕਥਾਵਾਚਕ ਦੀ ਕਥਾ
ਜਨਵਰੀ ਦਾ ਮਹੀਨਾ ਸੀ। ਕੜਾਕੇਦਾਰ ਠੰਡ ਪੈ ਰਹੀ ਸੀ। ਹੱਥ-ਪੈਰ ਸੁੰਨ ਹੁੰਦੇ ਜਾਂਦੇ ਸੀ। ਐਤਕੀਂ ਸਮੇਂ ਸਿਰ ਮੀਂਹ ਪੈ ਜਾਣ ਨਾਲ ਫਸਲ ਚੰਗੀ ਸੀ। ਦੂਰੋਂ ਪਹਾੜੀ ਢਲਾਨਾਂ 'ਤੇ ਪੌੜੀਦਾਰ ਛੋਟੇ-ਛੋਟੇ ਖੇਤਾਂ ਵਿਚ ਖਿੜੀ ਪੀਲੀ- ਪੀਲੀ ਸਰ੍ਹੋਂ ਬਹੁਤ ਹੀ ਦਿਲ ਖਿੱਚਵਾਂ ਨਜ਼ਾਰਾ ਪੇਸ਼ ਕਰਦੀ। ਇਹ ਨਜ਼ਾਰਾ ਮੈਨੂੰ ਇਕ ਆਲੋਕਿਕ ਸਕੂਨ ਤੇ ਆਨੰਦ ਨਾਲ ਭਰ ਦਿੰਦਾ।
ਸ਼ਿਵਰਾਤਰੀ ਦਾ ਤਿਉਹਾਰ ਆ ਗਿਆ ਸੀ। ਮੇਰੇ ਚੁਬਾਰੇ ਮਗਰਲੇ ਮੰਦਿਰ ਵਿਚ ਸ਼ਿਵਰਾਤਰੀ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ 'ਤੇ ਸਨ। ਸ੍ਰੀ ਰਮਾਇਣ ਦਾ ਅਖੰਡ ਪਾਠ ਰੱਖਿਆ ਜਾਣਾ ਸੀ। ਫਿਰ ਸ਼ਿਵਰਾਤਰੀ ਵਾਲੇ ਦਿਨ ਭੋਗ ਪਾ ਕੇ, ਸਾਰੇ ਪਿੰਡ ਲਈ ਅਟੁੱਟ ਲੰਗਰ ਵਰਤਾਇਆ ਜਾਣਾ ਸੀ। ਇਸ ਕੰਮ ਲਈ ਚੁਣੀ ਗਈ ਕਮੇਟੀ ਨੇ ਸਾਰੇ ਪਿੰਡ 'ਚੋਂ ਉਗਰਾਹੀ ਕਰ ਲਈ ਸੀ। ਪਿੰਡ ਦੀਆਂ ਔਰਤਾਂ ਨੇ ਮੰਦਿਰ ਦਾ ਵਿਹੜਾ, ਵਰਾਂਡਾ, ਅੰਦਰੋਂ-ਬਾਹਰੋਂ ਸਭ ਚੰਗੀ ਤਰ੍ਹਾਂ ਸਾਫ਼ ਕਰਕੇ ਗੋਲੂਪੋਚਾ ਫੇਰ ਕੇ ਲਿਸ਼ਕਾ ਦਿੱਤਾ ਸੀ। ਮਰਦਾਂ ਨੇ ਬਾਲਣ, ਰਾਸ਼ਨ ਤੇ ਹੋਰ ਲੋੜੀਂਦਾ ਸਾਮਾਨ ਢੋਅ ਕੇ ਪੁਜਾ ਦਿੱਤਾ ਸੀ। ਤਖ਼ਤਪੇਸ਼ ਜੰੜ ਕੇ ਇੱਕ ਛੋਟੀ ਜਿਹੀ ਸਟੇਜ ਤਿਆਰ ਕਰ ਲਈ ਗਈ ਸੀ। ਨਿਸ਼ਚਿਤ ਸਮੇਂ ਤੇ ਸ੍ਰੀ ਰਮਾਇਣ ਦਾ ਅਖੰਡ ਪਾਠ ਅਰੰਭ ਕਰ ਦਿੱਤਾ ਗਿਆ ਸੀ। ਦੁਕਾਨ ਵਾਲੇ ਪੰਡਤ ਜੀ ਨੇ ਸਾਰੇ ਅਧਿਆਪਕਾਂ ਨੂੰ ਉਚੇਚੇ ਤੌਰ 'ਤੇ ਬੇਨਤੀ ਕੀਤੀ ਸੀ ਕਿ ਉਹ ਸ੍ਰੀ ਰਮਾਇਣ ਦੇ ਪਾਠ ਵਿਚ ਸਹਿਯੋਗ ਕਰਨ। ਉਹ ਸਮਝਦੇ ਸਨ ਕਿ ਪੜ੍ਹੇ-ਲਿਖੇ ਹੋਣ ਕਰਕੇ ਉਹ ਸਹੀ ਉਚਾਰਣ ਨਾਲ ਪਾਠ ਕਰ ਸਕਣਗੇ।
ਇਸ ਸਾਰੇ ਪਵਿੱਤਰ ਕਾਰਜ ਨੂੰ ਵਧੀਆ ਢੰਗ ਨਾਲ ਅੰਜ਼ਾਮ ਦੇਣ ਲਈ ਕਿਸੇ ਦੂਰ ਦੇ ਧਾਰਮਿਕ ਸਥਾਨ ਤੋਂ ਇਕ ਕਥਾਵਾਚਕ ਨੂੰ ਵੀ ਸੱਦਿਆ ਗਿਆ ਸੀ। ਸ਼ਾਮੀਂ ਜਦੋਂ ਮੈਂ ਪੰਡਾਲ ਵਿਚ ਪੁੱਜਾ ਤਾਂ ਨੌਜਵਾਨ ਕਥਾਵਾਚਕ ਸ੍ਰੀ ਰਮਾਇਣ ਦੀਆਂ ਚੁਪਾਈਆਂ ਫਿਲਮੀ ਤਰਜ਼ 'ਤੇ ਗਾ ਕੇ ਪ੍ਰਸਤੁਤ ਕਰ ਰਿਹਾ ਸੀ। ਉਸ ਦੇ ਸਾਹਮਣੇ ਰੱਖੇ ਹਰਮੇਨੀਅਮ ਤੇ ਉਸ ਦੀਆਂ ਉਂਗਲਾਂ ਪੂਰੀ ਮੁਹਾਰਤ ਨਾਲ ਬਿਰਕਦੀਆਂ ਪਈਆਂ ਸਨ। ਸੰਗੀਤਮਈ ਚੁਪਾਈਆਂ ਨੇ ਸਮਾਂ ਬੰਨ੍ਹਿਆ ਹੋਇਆ ਸੀ। ਸਾਹਮਣੇ ਬੈਠੇ ਸ਼ਰਧਾਲੂ, ਜਿਨ੍ਹਾਂ 'ਚ ਵਧੇਰੇ ਔਰਤਾਂ ਸਨ, ਮੰਤਰ ਮੁਗਧ ਹੋ ਕੇ ਪੂਰੀ ਤਰ੍ਹਾਂ ਭਗਤੀ ਰਸ ਵਿਚ ਡੁੱਬੀਆਂ ਸਨ।
ਸੋਹਣੀ ਪੁਸ਼ਾਕ, ਮੱਥੇ 'ਤੇ ਤਿਲਕ ਤੇ ਆਕਰਸ਼ਕ ਮੁੱਖ ਮੰਡਲ ਵਾਲਾ ਕਥਾਵਾਚਕ ਪਹਿਲਾਂ ਕਿਸੇ ਚੁਪਾਈ ਨੂੰ ਕਿਸੇ ਹਰਮਨ ਪਿਆਰੀ ਫ਼ਿਲਮੀ ਧੁਨ 'ਤੇ ਗਾ ਕੇ ਸੁਣਾਉਂਦਾ। ਫਿਰ ਬਹੁਤ ਹੀ ਮਧੁਰ ਬਾਣੀ ਤੇ ਮਨਮੋਹਕ ਅੰਦਾਜ਼ ਵਿਚ ਉਸਦੀ ਵਿਆਖਿਆ ਕਰਦਾ। ਸ਼ਬਦਾਂ ਦੇ ਨਾਲ-ਨਾਲ ਉਸ ਦੀਆਂ ਅੱਖਾਂ, ਹਰ ਅੰਗ-ਅੰਗ ਵਿਸ਼ੇਸ਼ ਅੰਦਾਜ਼ ਵਿਚ ਹਰਕਤ ਕਰਦੇ ਪਏ ਸਨ। ਮੁੱਖ 'ਤੇ ਕਈ ਤਰ੍ਹਾਂ ਦੇ ਭਾਵ ਲਿਆ ਕੇ, ਭਾਵ ਮੁਤਾਬਿਕ ਸ਼ਕਲ ਨੂੰ ਢਾਲ ਕੇ ਉਸ ਨੇ ਸਾਹਮਣੇ ਬੈਠੀ ਜਨਤਾ ਨੂੰ ਬੰਨ੍ਹ ਕੇ ਬਿਠਾਇਆ ਹੋਇਆ ਸੀ।