

ਦਰਵਾਜ਼ੇ ਵਾਲੀ ਉਸ ਹੱਟੀ 'ਚ ਬੈਠਾ ਗ੍ਰਾਹਕਾਂ ਨੂੰ ਸੌਦਾ ਦੇ ਰਿਹਾ ਸੀ। ਉਨ੍ਹਾਂ ਨਾਲ ਗੱਲਾਂ ਵੀ ਕਰ ਰਿਹਾ ਸੀ। ਲੱਕੀਂ ਉਸ ਦੀਆਂ ਸਮਝਦਾਰੀ ਭਰੀਆਂ ਗੱਲਾਂ ਧਿਆਨ ਨਾਲ ਸੁਣ ਰਹੇ ਸਨ। ਮੈਂ ਵੀ ਚੁੱਪ-ਚਾਪ ਉਨ੍ਹਾਂ ਗ੍ਰਾਹਕਾਂ ਪਿੱਛੇ ਜਾ ਕੇ ਖੜ੍ਹਾ ਹੋ ਗਿਆ। ਹੁਣ ਉਸ ਦੀਆਂ ਦਾੜ੍ਹੀ ਮੁੱਛਾਂ 'ਚ ਚਾਂਦੀ ਸਪੱਸ਼ਟ ਝਲਕਦੀ ਪਈ ਸੀ। ਸਿਰ ਦੇ ਵਾਲ ਕਾਫ਼ੀ ਉੜ ਗਏ ਸਨ। ਗੱਲਾਂ ਕਰਦਿਆਂ ਉਹ ਪਹਿਲਾਂ ਵਾਂਗ ਹੀ ਹਕਲਾ ਰਿਹਾ ਸੀ। ਉਹ ਪਹਿਲਾਂ ਨਾਲ ਵੱਧ ਆਤਮ ਵਿਸ਼ਵਾਸ ਅਤੇ ਪਰਪੋਕ ਢੰਗ ਨਾਲ ਗਾਹਕਾਂ ਨੂੰ ਕਿਸੇ ਸਕੀਮ ਬਾਰੇ ਸਮਝਾ ਰਿਹਾ ਸੀ। ਵਿਚ-ਵਿਚਾਲੇ ਉਹ ਆਪਣੀ ਸੱਜੀ ਅੱਖ ਨੂੰ ਪੇਟਿਆ ਨਾਲ ਮਲਣ ਲਗਦਾ ।
“ਪਤਾ ਨੀ ਕੇ ਗੱਲ ਏ। ਇਹ ਸਬੇਰਾ ਦੀ ਫਰਕਾ ਦੀ ਐ।" ਕੁੱਕੂ ਨੇ ਮੇਰੇ ਵੱਲ ਅੱਖ ਚੁੱਕਿਆ ਬਿਨਾ ਵੇਖਿਆ ਕਿਹਾ ਸੀ।
"ਖ਼ਰੀ ਹੁੰਦੀ ਐ ਸੱਜੀ ਅੱਖ ਵਰਕਣੀ, ਕੋਈ ਚੰਗੀ ਖ਼ਬਰ ਮਿਲਦੀ ਐ ਜਾ ਕਈ ਮਿੱਤਰ ਪਿਆਰਾ ਪਰੋਣਾ ਅੰਗ ਹਰ ਕੇ।" ਇਕ ਗ੍ਰਾਹਕ ਨੇ ਸਦੀਆਂ ਤੋਂ ਚਲੀ ਆਉਂਦੀ ਇਸ ਕਹਾਵਤ ਨੂੰ ਦੁਹਰਾਇਆ ਤੇ ਕੁੱਕੂ ਮੂਹਰਿਉਂ ਉਠ ਖੜੋਤਾ। ਮੈਂ ਥੋੜ੍ਹਾ ਹੋਰ ਅੱਗੇ ਹੋਇਆ ਤਾਂ ਕੁੱਕੂ ਨੇ ਮੇਰੇ ਵੱਲ ਅੱਖ ਚੁੱਕ ਕੇ ਵੇਖੋ ਬਿਨਾਂ ਹੀ ਬੈਠੇ ਗ੍ਰਾਹਕ ਦੇ ਚਿਹਰੇ 'ਤੇ ਨਜ਼ਰਾਂ ਟਿਕਾਈ, ਰੁਟੀਨ ਵਿਚ ਪੁੱਛਿਆ, ਹਾਂ ਜੀ, ਕੇ ਲੈਣਾ ?"
“ਕੁਝ ਨੀ, ਬਸ ਆਪਣੇ ਇਕ ਯਾਰ ਨੂੰ ਮਿਲਣਾ ਐ?" ਅਣਕਿਆਸਿਆ ਜਵਾਬ ਸੁਣ ਕੇ, ਕੁੱਕੂ ਨੇ ਧੌਣ ਉਪਰ ਕਰਕੇ ਮੇਰੇ ਵੱਲ ਵੇਖਿਆ ਤੇ ਕੁਝ ਪਲ ਵੇਖਣ ਮਗਰੋਂ ਉੱਚੀ ਆਵਾਜ਼ ਵਿਚ ਹੈਰਾਨੀ ਨਾਲ ਬੋਲਿਆ, "ਮਾਸਟਰ ਜੀ ਤੁਸੀਂ ?" ਫਿਰ ਉਹ ਦਰਵਾਜ਼ੇ ਦਾ ਸਹਾਰਾ ਲੈ ਕੇ ਉਠ ਖੜੋਤਾ ਤੇ ਮੇਰੇ ਗਲ ਨਾਲ ਘੁੱਟ ਕੇ ਲਿਪਟ ਗਿਆ, "ਮਾਸਟਰ ਜੀ ਤੁਸੀਂ। ਯਕੀਨ ਹੀ ਨਈਂ ਔਵਾ ਦਾ। ਮੈਂ ਨਾ ਗਲਾਂ, ਸਬੇਰੋ ਦੀ ਮੇਰੀ ਸੱਜੀ ਅੱਖ ਕੈਂਹ ਵਰਕਾ ਦੀ ਹੀ। ਅੱਜ ਤੇ ਮੈਂ ਰੱਬ ਕੋਲੋਂ ਕੁਝ ਹੋਰ ਬੀ ਮੰਗੀ ਲੈਂਦਾ ਤਾਂ ਉਣੀ ਮੇਰੀ ਉਹ ਮੁਰਾਦ ਬੀ ਪੂਰੀ ਕਰੀ ਦੇਣੀ ਹੀ।"
ਮੈਨੂੰ ਅਚਾਨਕ ਆਪਣੇ ਸਾਹਮਣੇ ਵੇਖ ਕੇ ਕੁੱਕੂ ਦੀ ਖ਼ੁਸ਼ੀ ਤੇ ਹੈਰਾਨੀ ਦਾ ਕੋਈ ਠਿਕਾਣਾ ਨਹੀਂ ਸੀ। ਉਹ ਉਥੇ ਬੈਠੇ ਕਈ ਹੋਰ ਗ੍ਰਾਹਕਾਂ ਨੂੰ ਮੇਰੇ ਬਾਰੇ ਦੱਸਣ ਲੱਗਾ, "ਮਾਸਟਰ ਜੀ ਵੀਹ ਕੁ ਸਾਲ ਪੈਲਾਂ ਸਾਡੇ ਪਿੰਡ ਦੇ ਸਕੂਲ ਵਿਚ ਪੜ੍ਹਾਂਦੇ ਹੈ। ਇਨ੍ਹਾਂ ਦੇ ਟੈਮ ਬਿਚ ਸਾਡੇ ਸਕੂਲੇ ਨੇ ਬੜੀ ਤਰੱਕੀ ਕੀਤੀ ਹੀ ਪਰ ਇਨ੍ਹਾਂ ਦੇ ਇੱਥੋਂ ਜਾਣ ਦੀ ਦੇਰ ਹੋਈ, ਸਕੂਲ ਮੁੜੀ ਕੇ ਪੈਰਾਂ 'ਤੇ ਨਹੀਂ ਆਇਆ।" ਕਹਿੰਦਾ ਹੋਇਆ ਉਹ ਮੁੜ ਕੇ ਦਰਵਾਜ਼ੇ ਵਿਚ ਹੀ ਪਾਲਬੀ ਮਾਰ ਕੇ ਬੈਠ ਗਿਆ ਸੀ। ਬਹੁਤੀ ਦੇਰ ਖੜ੍ਹਾ ਹੋਣਾ ਉਸ ਦੇ ਵੱਸ ਦੀ ਗੱਲ ਨਹੀਂ ਸੀ। ਉਸ ਨੇ ਇਕ ਗ੍ਰਾਹਕ ਨੂੰ ਹੱਟੀ ਪਿੱਛੇ ਪਏ ਮੰਜੇ ਨੂੰ ਲਿਆ ਕੇ ਦਰਵਾਜ਼ੇ ਦੇ ਇਕ ਪਾਸੇ ਵਿਛਾਉਣ ਨੂੰ ਕਿਹਾ ਤਾਂ ਜੋ ਉਹ ਗਾਹਕਾਂ ਨੂੰ ਵੀ ਭੁਗਤਾਈ ਚਲੇ ਤੇ ਨਾਲ-ਨਾਲ ਮੇਰੇ ਨਾਲ ਨਜ਼ਰਾਂ ਮਿਲਾ ਕੇ ਗੱਲਾਂ ਵੀ ਕਰ ਸਕੇ।