Back ArrowLogo
Info
Profile

19. ਗੌਰੀ ਗਰਾਂ

ਹਾਲਾਂਕਿ ਮੈਂ ਪਿੰਡ ਵਾਲਿਆਂ ਤੋਂ ਇਕ ਦੂਰੀ ਬਣਾ ਕੇ ਰਹਿ ਰਿਹਾ ਸੀ। ਉਨ੍ਹਾਂ ਦਾ ਆਦਰ ਸਤਿਕਾਰ ਕਰਦਿਆਂ ਹੋਇਆ ਵੀ ਮੈਨੂੰ ਉਨ੍ਹਾਂ ਵਿਚ ਜਿਆਦਾ ਘੁਲਣਾ-ਮਿਲਣਾ ਪਸੰਦ ਨਹੀਂ ਸੀ। ਥੋੜ੍ਹਾ ਅੰਤਰ-ਮੁਖੀ ਸੁਭਾਅ ਸੀ ਮੇਰਾ। ਫਿਰ ਵੀ ਨਾ ਚਾਹੁੰਦਿਆਂ ਹੋਇਆ ਵੀ, ਪਿੰਡ ਦੇ ਹੀ ਇਕ ਪੰਡਤ ਪਰਿਵਾਰ ਨਾਲ ਮੇਰੀ ਨੇੜਤਾ ਹੋ ਗਈ ਸੀ। ਹਾਲਾਤ ਹੀ ਕੁਝ ਇਸ ਤਰ੍ਹਾਂ ਬਣਦੇ ਚਲੇ ਗਏ ਸਨ।

ਇਕ ਦਿਨ ਸਵੇਰੇ ਹੀ ਇਕ ਬਜ਼ੁਰਗ ਚੁਬਾਰੇ ਦੀ ਪੌੜੀ ਚੜ੍ਹ ਕੇ ਮੇਰੇ ਪਾਸ ਆ ਗਏ ਸਨ। ਪਾਟੇ-ਪੁਰਾਣੇ ਜਿਹੇ ਕੱਪੜੇ। ਨੰਗੇ ਪੈਰ। ਵਧੀ ਹੋਈ ਦਾੜ੍ਹੀ। ਚਿਹਰੇ 'ਤੇ ਪ੍ਰੇਸ਼ਾਨੀ ਦੇ ਸੰਘਣੇ ਬੱਦਲ। ਮੈਨੂੰ ਨਮਸਤੇ ਬੁਲਾ ਕੇ ਉਨ੍ਹਾਂ ਨੇ ਥੋੜ੍ਹੀ ਦੇਰ ਇਧਰ-ਉਧਰ ਦੀਆਂ ਗੱਲਾਂ ਕੀਤੀਆਂ। ਮੇਰੇ ਅਤੇ ਮੇਰੇ ਘਰ- ਪਰਿਵਾਰ ਬਾਰੇ ਪੁੱਛਿਆ। ਮੇਰੇ ਕੰਮ ਦੀ ਤਾਰੀਫ਼ ਕੀਤੀ ਤੇ ਫਿਰ ਆਪਣੀ ਮਜ਼ਬੂਰੀ ਦਸਦਿਆਂ ਪੰਜਾਰ ਰੁਪਏ ਉਧਾਰ ਮੰਗੇ। ਉਨ੍ਹਾਂ ਦਿਨੀਂ ਪੰਜਾਹ ਰੁਪਏ ਅੱਜ ਦੇ ਪੰਜ ਸੌ ਰੁਪਿਆ ਬਰਾਬਰ ਸਨ। ਪਹਿਲਾਂ ਮੈਂ ਝਿਜਕਿਆ। ਨਾ ਜਾਣ ਨਾ ਪਛਾਣ। ਪਹਿਲੀ ਮੁਲਾਕਾਤ ਵਿਚ ਵੀ ਉਧਾਰ ਮੰਗਣ ਲੱਗ ਪਿਆ, ਖ਼ਬਰੇ ਇਸ ਤੋਂ ਮੋੜ ਵੀ ਹੋਣਗੇ ਜਾ ਨਹੀਂ।

“ਮਾਸਟਰ ਜੀ, ਮੇਰੀ ਗੋਰੀ ਬੜੀ ਬੀਮਾਰ ਐ। ਸਾਰੀ ਰਾਤ ਅੱਖਾਂ 'ਚ ਕੱਢੀ ਐ। ਉਨੂੰ ਸ਼ਹਿਰ ਲੇਈ ਕੇ ਜਾਣਾ ਡਾਕਟਰ ਕੋਲ, ਪਤਾ ਨੀ ਕੇ ਗੱਲ ਹੋਈ ਗਈ। ਮੁੰਡੂਏ ਦਾ ਮਨੀਆਰਡਰ ਨੀ ਆਇਆ ਏਸ ਮਹੀਨੇ, ਲੇਟ ਹੋਈ ਗਿਆ ਏਸ ਵਾਰੀ ਪਤਾ ਨੀ ਕੈਂਹ। ਪੇਹੋ ਔਦਿਆਂ ਈ ਮੋੜੀ ਦਿੰਗਾ। ਮੇਰੀ ਜ਼ੁਬਾਨ ਐ ਜੀ, ਫ਼ਿਕਰ ਨਾ ਕਰਿਉ।" ਮੈਂ ਕੁਝ ਦੇਰ ਸ਼ਸ਼ੋਪੰਜ ਵਿਚ ਪਿਆ ਰਿਹਾ। ਫਿਰ ਉਸ ਬਜ਼ੁਰਗ ਦੀ ਲਾਚਾਰੀ ਤੇ ਬੇਬਸੀ ਮੈਥੋਂ ਵੇਖੀ ਨਾ ਗਈ।

"ਬਜ਼ੁਰਗ, ਮੈਂ ਤਾਂ ਤੁਹਾਨੂੰ ਜਾਣਦਾ ਨਹੀਂ, ਫਿਰ ਵੀ ਤੁਸੀਂ ਜ਼ੁਬਾਨ ਕਰਦੇ ਪਏ ਓ ਤਾਂ ਪੁਗਾ ਜ਼ਰੂਰ ਦੇਣ। ਨਹੀਂ ਤਾਂ ਵਿਸ਼ਵਾਸ ਖ਼ਤਮ ਹੋ ਜਾਣਾ ਤੇ ਮੁੜੀ ਕੇ ਆਦਮੀ ਕਿਸੇ ਦੇ ਕੰਮ ਆਉਣੇ ਸੌ ਵਾਰੀ ਸੱਚਦਾ।"

“ਮਾਸਟਰ ਜੀ, ਮੈਂ ਤੁਹਾਡਾ ਵਿਸ਼ਵਾਸ ਨਹੀਂ ਟੁੱਟਣ ਦਿੰਦਾ। ਮੁੰਡੂਏ ਦੇ ਪੈਰੇ ਅੰਦਿਆਂ ਈ ਸਭ ਤੋਂ ਪੋਲੋਂ ਤੁਹਾਡੀ ਅਮਾਨਤ ਮੋੜੀ ਦੇਣੀ ।"

ਮੈਂ ਪੰਜਾਹਾਂ ਦਾ ਨੋਟ ਬਜ਼ੁਰਗ ਦੀ ਤਲੀ 'ਤੇ ਧਰਿਆ ਤਾਂ ਅਣਗਿਣਤ ਦੁਆਵਾਂ ਦਿੰਦਾ ਉਹ ਪੈਰ ਛੇਤੀ ਹੀ ਮੋੜ ਦੇਣ ਦਾ ਵਾਅਦਾ ਕਰਦਾ, ਚੁਬਾਰੇ ਦੀਆਂ ਪੌੜੀਆਂ ਉਤਰ ਗਿਆ ਸੀ। ਉਸ ਦੇ ਜਾਣ ਮਗਰੋਂ ਬਿੱਲੇ ਮਾਸਟਰ ਨੇ ਮੈਨੂੰ ਸਾਵਧਾਨ ਕਰਦਿਆਂ ਕਿਹਾ ਸੀ, "ਵੱਡਾ ਦਾਨੀ ਨਾ ਬਣ, ਤੂੰ ਨੀ ਜਾਣਦਾ ਇਨ੍ਹਾਂ ਲੋਕਾਂ ਨੂੰ। ਹੁਣ ਦੇ ਦਿੱਤੇ ਨੇ, ਤੇ ਭੁੱਲ ਜਾ।"

"ਹੋ ਸਕਦਾ ਐ ਸੱਚਮੁੱਚ ਹੀ ਜ਼ਰੂਰਤਮੰਦ ਹੋਵੇ ਤੇ ਜੇ ਬਹਾਨਾ ਬਣਾਇਆ ਹੋਵੇਗਾ ਤਾਂ ਕਾਠ ਦੀ ਹੱਡੀ ਬਾਰ-ਬਾਰ ਨੀ ਚੜ੍ਹਦੀ ਚੁੱਲ੍ਹੇ ਤੇ।"

123 / 239
Previous
Next