

ਨੂੰ ਉੱਚੀ ਪੜ੍ਹਾਈ ਲਈ ਦੂਸਰੇ ਪਿੰਡਾਂ ਵਿਚ ਭੇਜਣਾ ਚੰਗਾ ਨਾ ਸਮਝਿਆ ਜਾਂਦਾ। ਮੈਨੂੰ ਰੋਜ਼ ਸ਼ਾਮ ਨੂੰ ਬੇਟੀ ਨੂੰ ਪੜ੍ਹਾਉਣ ਲਈ ਜਾਣਾ ਪੈਂਦਾ। ਹੁਣ ਜਦੋਂ ਮੈਨੂੰ ਕਦੇ ਇਕੱਲਾਪਣ ਸਤਾਉਂਦਾ ਤਾਂ ਮੈਂ ਬੇਝਿਜਕ ਉਸ ਮੁਹੱਲੇ ਵੱਲ ਚਲਿਆ ਜਾਂਦਾ।
ਉਨ੍ਹਾਂ ਸੱਚੇ-ਸੁੱਚੇ ਹਿਰਦੇ ਨਾਲ ਸਤਿਕਾਰ ਕਰਨ ਵਾਲੇ ਲੋਕਾਂ ਨਾਲ ਮੇਰੀ ਸਾਂਝ ਕੁੱਝ ਇੰਝ ਵਧ ਗਈ ਸੀ ਕਿ ਉਹ ਮੈਨੂੰ ਚੁਬਾਰਾ ਛੱਡ ਕੇ ਉਸੇ ਮੁਹੱਲੇ ਵਿਚ ਕਮਰਾ ਲੈ ਕੇ ਰਹਿਣ ਨੂੰ ਕਹਿਣ ਲੱਗ ਪਏ ਸਨ। ਪਰ ਮੇਰਾ ਮਨ ਇਸ ਗੱਲ ਲਈ ਰਾਜ਼ੀ ਨਾ ਹੁੰਦਾ। ਇਸ ਗੱਲ ਕਰਕੇ ਤਾਂ ਮੈਂ ਬਿੱਲੇ ਮਾਸਟਰ ਨੂੰ ਵੀ ਰੋਕਿਆ ਸੀ।
ਮੈਂ ਸ਼ੰਟੀ ਨੂੰ ਪੜ੍ਹਾਉਣ ਜਾਂਦਾ ਤਾਂ ਗੋਰੀ ਵੀ ਉੱਥੇ ਕਿਸੇ ਨਾ ਕਿਸੇ ਬਹਾਨੇ ਪੁੱਜ ਜਾਂਦੀ। ਉਸਦਾ ਘਰ ਵੀ ਲਾਗੇ ਹੀ ਗੋਹਰਾ (ਗਲੀ) ਪਾਰ ਸੀ। ਉਹ ਉਸ ਕਮਰੇ ਅੰਦਰ ਮੰਡਰਾਉਂਦੀ ਰਹਿੰਦੀ, ਜਿੱਥੇ ਮੈਂ ਸ਼ਿਟੀ ਨੂੰ ਪੜ੍ਹਾ ਰਿਹਾ ਹੁੰਦਾ ਜਾਂ ਫਿਰ ਉਹ ਵਰਾਂਡੇ 'ਚ ਤਾਕੀ ਸਾਹਮਣੇ ਕੁਸਮ ਨਾਲ ਇੰਜ ਖੜ੍ਹੀ ਹੋ ਕੇ ਗੱਲਾ ਕਰਦੀ, ਜਿੱਥੇ ਨਾ ਸਿਰਫ਼ ਸਾਨੂੰ ਇਕ-ਦੂਸਰੇ ਦਾ ਚਿਹਰਾ ਸਾਫ ਨਜ਼ਰ ਆਉਂਦਾ, ਸਗੋਂ ਨਜ਼ਰਾਂ ਵੀ ਆਸਾਨੀ ਨਾਲ ਮਿਲ ਜਾਂਦੀਆਂ। ਉਸਦਾ ਮੁਸਕਰਾਉਣਾ, ਤਿਰਛੀਆਂ ਨਜ਼ਰਾਂ ਨਾਲ ਬਾਰ-ਬਾਰ ਵੇਖਣ ਕਰਕੇ, ਅਕਸਰ ਮੇਰਾ ਧਿਆਨ ਵੰਡਿਆ ਜਾਂਦਾ। ਮੈਂ ਉੱਥੇ ਜਿੰਨੀ ਦੇਰ ਵੀ ਰੁਕਦਾ, ਉਹ ਵੀ ਉੱਥੇ ਹੀ ਰਹਿੰਦੀ, ਬਿਨਾਂ ਕਿਸੇ ਖ਼ਾਸ ਕੰਮ-ਕਾਰੋਂ। ਜਦੋਂ ਉਹ ਬੁੱਲ੍ਹਾ ਤੇ ਆਈ ਮੁਸਕਰਾਹਟ ਨੂੰ ਚਿੱਟੇ ਦੰਦਾਂ ਨਾਲ ਬੁੱਲ੍ਹ ਟੁੱਕ ਕੇ ਰੋਕ ਲੈਂਦੀ ਤਾਂ ਉਸਦਾ ਅੰਗ- ਅੰਗ ਮੁਸਕਰਾ ਉਠਦਾ। ਉਹ ਕਿੰਨੀ-ਕਿੰਨੀ ਦੇਰ ਬਿਨਾਂ ਪਲਕਾਂ ਝਮਕਾਏ, ਮੇਰੀਆਂ ਅੱਖਾਂ ਵਿਚ ਵੇਖਦੀ ਰਹਿੰਦੀ ਤਾਂ ਉਸਦੀ ਇਹ ਅਦਾ ਮੈਨੂੰ ਬਹੁਤ ਪਿਆਰੀ ਲਗਦੀ। ਮੈਂ ਸਰੂਰ ਨਾਲ ਨਸ਼ਿਆ ਜਾਂਦਾ।
ਮੈਂ ਚੁਬਾਰੇ 'ਤੇ ਬੈਠਾ ਰੇਡੀਓ ਤੋਂ ਆਉਂਦੇ ਗੀਤ ਸੁਣ ਕੇ ਆਪਣਾ ਮਨ ਪਰਚਾ ਰਿਹਾ ਸੀ। ਦਰੱਖਤਾਂ ਦੇ ਪਰਛਾਵੇਂ ਲੰਮੇ ਹੁੰਦੇ ਜਾਂਦੇ ਸਨ। ਸੂਰਜ ਨੇ ਵੀ ਪਹਾੜ ਦੀ ਓਟ ਲੈ ਲਈ ਸੀ। ਗੌਰੀ ਆਪਣੇ ਮੁਹੱਲੇ ਦੀਆਂ ਹੋਰ ਕੁੜੀਆਂ ਨਾਲ ਖੂਹ 'ਤੇ ਪਾਣੀ ਲੈਣ ਆਈ ਹੋਈ ਸੀ। ਉਹ ਪੰਛੀਆਂ ਦੀ ਡਾਰ ਵਾਂਗ ਖੇਡ ਦੇ ਪਤਲੇ ਤੰਗ ਰਸਤੇ ਤੋਂ ਆਉਂਦੀਆਂ ਤੇ ਉਵੇਂ ਹੀ ਕਤਾਰ ਬੰਨ੍ਹ ਕੇ ਜਾਂਦੀਆਂ। ਫੌਜੀਆਂ ਦੀ ਕਦਮ-ਤਾਲ ਵਾਂਗ ਇਕੋ ਹੀ ਸੁਰਤਾਲ ਵਿਚ ਉਹ ਗਿਣ-ਗਿਣ ਕੇ ਪੁਲਾਂਘ ਪੁੱਟਦੀਆਂ। ਆਉਂਦੇ ਵਕਤ ਗੋਰੀ ਸਭ ਤੋਂ ਮੂਹਰੇ ਹੁੰਦੀ ਪਰ ਮੁੜਦਿਆਂ ਸਭ ਤੋਂ ਪਿੱਛੇ-ਪਿੱਛੇ। ਖੂਹ 'ਤੇ ਉਹ ਜਿੰਨੀ ਦੇਰ ਵੀ ਰੁਕਦੀਆਂ, ਇਕ ਦੂਸਰੇ ਨਾਲ ਹਾਸਾ ਮਜ਼ਾਕ ਕਰਦੀਆਂ, ਨਿਰਜੀਵ ਜਿਹਾ ਵਾਤਾਵਰਣ ਇਕਦਮ ਸਜੀਵ ਹੋ ਉਠਦਾ। ਜਿਵੇਂ ਖੂਹ 'ਤੇ ਇਕੋ ਸਮੇਂ ਕਈ ਚਿੜੀਆਂ ਨੇ ਚੀਹਾ ਵੱਟ ਪਾ ਦਿੱਤਾ ਹੋਵੇ। ਉਂਜ ਕੁੜੀਆਂ ਵੀ ਤਾਂ ਚਿੜੀਆਂ ਹੀ ਹੁੰਦੀਆਂ ਨੇ ਤੇ ਇਹ ਚਿੜੀਆਂ ਦਾ ਚੰਬਾ ਇਕ ਦਿਨ ਉਡਾਰੀ ਮਾਰ ਜਾਂਦਾ ਹੈ।
ਉਸ ਦਿਨ ਵੀ ਗੌਰੀ ਰੁਜ਼ਾਨਾ ਵਾਂਗ ਕਤਾਰ ਵਿਚ ਸਭ ਦੇ ਮਗਰ-