

ਕਰਦੀਆਂ ਰਹਿੰਦੀਆਂ।
ਕਈ ਵਾਰੀ ਉਹ ਇਕੱਲੀ ਵੀ ਮਿਲ ਜਾਂਦੀ ਪਰ ਕੁੱਝ ਕਹਿਣ ਦੀ ਹਿੰਮਤ ਨਾ ਹੁੰਦੀ। ਕਈ ਵਾਰੀ ਸੋਚਦਾ, ਜਦੋਂ ਫਿਰ ਇੰਜ ਇਕੱਲਿਆਂ ਮੁਲਾਕਾਤ ਹੋਵੇਗੀ ਤਾਂ ਇਹ ਕਹਾਂਗਾ, ਇਹ ਪੁੱਛਾਂਗਾ ਪਰ ਸਾਹਮਣੇ ਹੁੰਦਿਆਂ ਹੀ ਜ਼ੁਬਾਨ ਤਾਲੂ ਨਾਲ ਜਾ ਚਿੰਬੜਦੀ। ਸ਼ਬਦ ਗਲੇ 'ਚ ਫਸ ਜਾਂਦੇ, ਬੁੱਲ੍ਹ ਸੀਤੇ ਜਾਂਦੇ। ਗੋਰੀ ਦੀ ਹਾਜ਼ਰੀ ਵੀ ਮੇਰੇ ਲਈ ਉਨੀ ਹੀ ਤਨਾਅ ਪੂਰਨ ਹੁੰਦੀ, ਜਿੰਨੀ ਉਸ ਦੀ ਗੈਰ-ਹਾਜ਼ਰੀ। ਫਿਰ ਸੋਚਿਆ ਆਪਣੇ ਦਿਲ ਦਾ ਹਾਲ ਤੇ ਮਨ ਦੀ ਗੋਲ ਉਸ ਨੂੰ ਲਿਖ ਕੇ ਦੱਸ ਦਿਆਂ।
ਇਕ ਦਿਨ ਹੌਂਸਲਾ ਕਰਕੇ ਮੈਂ ਸਾਰਾ ਹਾਲ ਲਿਖ ਕੇ ਉਸ ਨੂੰ ਫੜਾ ਦਿੱਤਾ। ਉਸ ਨੇ ਪੁਰਜ਼ਾ ਫੜ ਕੇ ਝੱਟ ਦੇਣੀ ਆਪਣੀ ਚੋਲੀ ਵਿਚ ਲੁਕਾ ਲਿਆ ਸੀ। ਮੈਂ ਕਈ ਦਿਨ ਉਸ ਦੇ ਜਵਾਬ ਦੀ ਬੇ-ਸਬਰੀ ਨਾਲ ਉਡੀਕ ਕਰਦਾ ਰਿਹਾ ਸੀ। ਉਹ ਬਿਨ ਬੋਲਿਆਂ ਬਹੁਤ ਕੁੱਝ ਆਖ ਜਾਂਦੀ ਪਰ ਨਾ ਉਹ ਕੁੱਝ ਬੋਲਦੀ ਤੇ ਨਾ ਹੀ ਲਿਖਦੀ। ਜਦੋਂ ਮੇਰੇ ਸਬਰ ਦਾ ਪਿਆਲਾ ਭਰ ਗਿਆ ਤਾਂ ਮੈਂ ਇਕ ਹੋਰ ਲੰਮਾ-ਚੌੜਾ ਖ਼ਤ ਲਿਖ ਕੇ ਇਕ ਰੁਮਾਂਟਿਕ ਨਾਵਲ ਵਿਚ ਰੱਖ ਕੇ ਉਸ ਕੋਲ ਪੁਜਾ ਦਿੱਤਾ। ਉਸ ਨੇ ਨਾਵਲ ਨੂੰ ਆਪਣੇ ਮੱਥੇ ਨਾਲ ਲਾ ਕੇ ਫਿਰ ਆਪਣੇ ਸੀਨੇ ਨਾਲ ਘੁੱਟ ਲਿਆ। ਕੁੱਝ ਦੇਰ ਮਗਰੋਂ ਉਸ ਨੇ ਉਹ ਨਾਵਲ ਮੈਨੂੰ ਮੋੜ ਦਿੱਤਾ ਤਾਂ ਮੇਰਾ ਦਿਲ ਟੁੱਟ ਗਿਆ। ਮੈਂ ਹੌਸਲਾ ਕਰਕੇ ਉਦਾਸ ਸੁਰ 'ਚ ਕਿਹਾ ਸੀ, "ਪੜ੍ਹ ਲੈਣਾ ਸੀ, ਸਪੈਸ਼ਲ ਤੇਰੇ ਲਈ ਲੈ ਕੇ ਆਇਆ ਸੀ, ਬਹੁਤ ਚੰਗਾ ਨਾਵਲ ਐ।"
"ਮੈਂ ਕੇ ਕਰਨਾ ਈਨੂੰ-ਮਿਨੂ ਕੇਹੜਾ ਪੜ੍ਹਨਾ ਅੰਦਾ।"
"ਹੈ? ਇਸ ਦਾ ਮਤਲਬ ਤੂੰ ਮੇਰਾ ਪਹਿਲਾ ਖ਼ਤ ਵੀ ਨਹੀਂ ਪੜ੍ਹਿਆ।"
"ਨਹੀਂ, ਪਰ ਮਿੰਨੂ ਤੁਹਾਡੇ ਦਿਲ ਦੀਆਂ ਸਾਰੀਆਂ ਗੱਲਾਂ ਦਾ ਪਤਾ....." ਪਤਾ
"ਅੱਛਾ, ਉਹ ਕਿਵੇਂ?'"
"ਤੁਹਾਡੀਆਂ ਅੱਖਾਂ 'ਚੋਂ ਪੜ੍ਹੀ ਲਿਆ ਹਾ, ਤੁਹਾਡੇ ਦਿਲੇ ਦਾ ਹਾਲ, ਤੁਹਾਡੇ ਮਨੇ ਦੀ ਗੱਲ। ਤੁਸੀਂ ਪੜ੍ਹੇ-ਲਿਖੇ ਬੁੱਧੂ ਹੋ ਮਾਸਟਰ ਜੀ ਇੰਨੀ ਗੱਲ ਬੀ ਨੀ ਸਮਝੀ ਸਕਦੇ।" ਇਨਾ ਕਹਿ ਕੇ ਉਹ ਸ਼ਰਾਰਤ ਭਰਿਆ ਹਾਸਾ ਹੱਸਦੀ- ਹੱਸਦੀ ਚਲੀ ਗਈ ਸੀ ਤੇ ਮੈਂ ਕਿੰਨੀ ਦੇਰ ਠੱਗਿਆ ਜਿਹਾ ਮਹਿਸੂਸ ਕਰਦਾ ਖੜੋਤਾ ਰਹਿ ਗਿਆ ਸੀ। ਸੱਚ ਹੀ ਤਾਂ ਕਹਿ ਗਈ ਸੀ ਗੋਰੀ। ਮੈਂ ਪੜ੍ਹਿਆ- ਲਿਖਿਆ ਅਨਪੜ੍ਹ ਹੀ ਤਾਂ ਸੀ; ਜੋ ਉਸ ਦੀਆਂ ਅੱਖਾਂ ਦੀ ਭਾਸ਼ਾ ਨਹੀਂ ਪੜ੍ਹ ਸਕਿਆ ਸੀ ਤੇ ਖ਼ਤਾਂ-ਕਿਤਾਬਾਂ ਦਾ ਸਹਾਰਾ ਲੈ ਰਿਹਾ ਸੀ। ਜਦੋਂ ਕਿ ਉਹ ਅਨਪੜ੍ਹ ਹੋ ਕੇ ਵੀ ਜਾਨ ਗਈ ਸੀ ਸਾਰਾ ਕੁੱਝ। ਮੈਨੂੰ ਟੋਹ ਲਿਆ ਸੀ ਉਸ ਨੇ ਅੰਦਰ ਤੀਕ।
ਇਕ ਤਿਰਕਾਲੀ ਮੈਂ ਉਸੇ ਖੱਡ 'ਚੋਂ ਸੈਰ ਲਈ ਨਿਕਲਿਆ ਸੀ। ਚੀਲ੍ਹਾਂ ਦੀ ਠੰਡੀ-ਠੰਡੀ ਹਵਾ ਵਗ ਰਹੀ ਸੀ। ਮਨ ਤਾਜਗੀ ਤੇ ਉਤਸੁਕਤਾ ਨਾਲ