

ਕੀਤੀਆਂ ਗਈਆਂ ਫੱਟੀਆਂ ਨੂੰ ਛੁੱਬਿਆਂ ਦੀ ਮਦਦ ਨਾਲ ਬੰਨ੍ਹ ਕੇ ਵਾੜ ਤਿਆਰ ਕੀਤੀ ਗਈ ਸੀ, ਜਿਹੜੀ ਉਸ ਗੋਹਰੇ ਦੇ ਦੋਹੀਂ ਪਾਸੀਂ ਚਲਦੀ ਸ਼ਾਹੂਕਾਰ ਦੇ ਮੁਹੱਲੇ ਦੀ ਇਕਦਮ ਸਿੱਧੀ ਘੋਟੀ ਤੱਕ ਜਾਂਦੀ ਸੀ। ਇਹ ਵਾੜ ਖਾਸ ਕਰਕੇ ਜਾਨਵਰਾਂ ਤੋਂ ਫਸਲ ਤੇ ਘਰਾਂ ਦਾ ਬਚਾਓ ਕਰਦੀ ਸੀ। ਇਹ ਰਸਤਾ ਵੀ ਸਾਫ ਕਰਾ ਦਿੱਤਾ ਗਿਆ ਸੀ।
ਜੰਝ ਘਰ ਵਿਚ ਵੱਡੀਆਂ-ਵੱਡੀਆਂ ਟੈਂਕੀਆਂ ਮੰਗਵਾ ਕੇ ਖੂਹ ਤੋਂ ਪਾਣੀ ਦੁਆ ਕੇ ਭਰਵਾ ਦਿੱਤਾ ਗਿਆ ਸੀ। ਪਿੰਡ ਵਾਲੇ ਆਪ ਹੀ ਮੇਜੇ ਤੇ ਗਰਮ ਬਿਸਤਰੇ ਉਥੇ ਛੱਡ ਗਏ ਸਨ। ਬਰਾਤ ਦੇ ਨਹਾਉਣ ਤੇ ਜੰਗਲ ਪਾਣੀ ਲਈ ਰੱਖਾਂ ਬਾੜੀਆਂ ਸਨ ਤੇ ਖੂਹ ਸੀ। ਜੰਝ ਘਰ ਦੇ ਵਿਹੜੇ ਵਿਚ ਮੋਟੀਆਂ- ਮੋਟੀਆਂ ਲੱਕੜਾਂ ਦੇ ਮੁੱਢ ਰਖਾ ਦਿੱਤੇ ਗਏ ਸਨ। ਜਿਨ੍ਹਾਂ ਨੂੰ ਬਾਲ ਕੇ ਬਰਾਤੀਆ ਨੇ ਰਾਤ ਨੂੰ ਅੱਗ ਸੇਕਣੀ ਸੀ ਤੇ ਠੰਡ ਤੋਂ ਆਪਣਾ ਬਚਾਅ ਕਰਨਾ ਸੀ।
ਬਰਾਤ ਸ਼ਾਮੀ ਚਾਰ ਦੀ ਬਜਾਏ ਲਗਭਗ ਛੇ ਕੁ ਵਜੇ ਪੁੱਜੀ ਸੀ। ਸਰਦੀਆਂ ਨੂੰ ਸ਼ਾਮ ਛੇਤੀ ਢਲ ਜਾਂਦੀ ਹੈ, ਪਹਾੜਾਂ ਵਿਚ ਤਾਂ ਹੋਰ ਵੀ ਜਲਦੀ। ਬਾਰਾਤ ਘਰ ਵਿਚ ਰੌਸ਼ਨੀ ਲਈ ਗੈਸ ਬਾਲ ਦਿੱਤੇ ਗਏ ਸਨ । ਡੇਢ-ਦੇ ਸੋ ਦੇ ਕਰੀਬ ਠੰਡ ਨਾਲ ਠਰਦੇ ਬਰਾਤੀਆਂ ਨੂੰ ਸਭ ਤੋਂ ਪਹਿਲਾਂ ਗਰਮਾ-ਗਰਮ ਚਾਹ ਵਰਤਾਈ ਗਈ ਸੀ ਤੇ ਡੁਨਿਆ ਵਿਚ ਬੂੰਦੀ-ਸੇਵੀਆਂ ਵੀ। ਆਪਣਾ ਸਾਮਾਨ ਵਗੈਰਾ ਟਿਕਾਉਣ ਮਗਰੋਂ ਬਰਾਤੀਆਂ ਨੂੰ ਮਿਲਣੀ ਦਾ ਸੁਨੇਹਾ ਆ ਗਿਆ ਸੀ। ਮੇਰੇ ਚੁਬਾਰੇ ਦੇ ਠੀਕ ਸਾਹਮਣੇ ਪੱਧਰੀ ਕੀਤੀ ਗਈ ਖੁੱਲ੍ਹੀ ਜਿਹੀ ਥਾਂ 'ਤੇ ਦੋਹਾਂ ਪਾਸਿਆਂ ਦੇ ਰਿਸ਼ਤੇਦਾਰ ਇਕੱਠੇ ਹੋ ਗਏ ਸਨ।
ਪੰਡਤ ਜੀ ਨੇ ਜ਼ਮੀਨ 'ਤੇ ਲਾਲ ਕੱਪੜਾ ਵਿਛਾ ਦਿੱਤਾ ਸੀ। ਦੋਹਾ ਪਾਸਿਆਂ ਦੇ ਮਿਲਣੀ ਕਰਨ ਵਾਲੇ, ਨਾਂ ਪੁਕਾਰਨ ਤੇ ਉੱਥੇ ਆਉਂਦੇ, ਬੂਟ ਖੋਲ੍ਹ ਕੇ ਇਕ-ਇਕ ਪੈਰ ਉਸ ਕੱਪੜੇ 'ਤੇ ਰਖਦੇ। ਪੰਡਤ ਜੀ ਮੰਤਰ ਪੜ੍ਹਦੇ। ਨਵੇਂ ਜੁੜ ਰਹੇ ਰਿਸ਼ਤੇਦਾਰ ਇਕ ਦੂਸਰੇ ਦੇ ਗਲੇ ਵਿਚ ਕਾਗਜ਼ ਦੀ ਮਾਲਾ ਪਾ ਕੇ ਇਕ ਦੂਸਰੇ ਨੂੰ ਗਲਵੱਕੜੀ ਵਿਚ ਲੈ ਲੈਂਦੇ। ਇਕ-ਦੂਸਰੇ ਦੇ ਮੂੰਹ ਵਿਚ ਮਿਠਾਈ ਪਾਂਦੇ। ਵਾਰਨਾ ਕਰਦੇ। ਕੰਬਲ ਤੇ ਸੋਨੇ ਦੀਆਂ ਅੰਗੂਠੀਆਂ ਭੇਂਟ ਕੀਤੀਆਂ ਗਈਆਂ। ਕੁੱਝ ਰਿਸ਼ਤੇਦਾਰਾਂ ਨੇ ਇਕ-ਦੂਸਰੇ ਨੂੰ ਗਲਵੱਕੜੀ ਵਿਚ ਲੈ ਕੇ ਉਪਰ ਚੁੱਕਣ ਲਈ ਜ਼ੋਰ ਅਜਮਾਇਸ਼ ਵੀ ਕੀਤੀ ਗਈ। ਇਸ ਨਾਲ ਮਾਹੌਲ ਹਾਸੇ-ਮਜ਼ਾਕ ਵਾਲਾ ਤੇ ਖ਼ੁਸ਼ਗਵਾਰ ਹੋ ਗਿਆ ਸੀ। ਬਾਜਦਾਰ ਹਰੇਕ ਮਿਲਣੀ 'ਤੇ ਇਕ ਖਾਸ ਤਰ੍ਹਾਂ ਦੀ ਧੁਨ ਵਜਾ ਕੇ ਸੰਗੀਤਮਈ ਸਾਥ ਦਿੰਦੇ। ਇਜ ਵਾਰ-ਵਾਰੀ ਦਾਦਾ, ਪਿਓ, ਤਾਇਆ, ਚਾਚਾ, ਮਾਮਾ, ਫੁੱਫੜ ਤੇ ਭਰਾ ਆਦਿ ਦੀਆਂ ਮਿਲਣੀਆਂ ਕਰਾਈਆਂ ਗਈਆਂ ਸਨ। ਬਾਜਦਾਰਾਂ ਨੇ ਆਪਣੇ ਪਹਾੜੀ ਸਾਜਾਂ ਬੀਨ, ਪੀਪਨੀ ਤੇ ਨਗਾੜਿਆਂ ਨਾਲ ਨਾ ਸਿਰਫ ਘਾਟੀ ਨੂੰ ਸੰਗੀਤ ਨਾਲ ਗੂੰਜਾ ਦਿੱਤਾ ਸੀ, ਸਗੋਂ ਨੇੜਲੇ ਪਿੰਡਾਂ ਨੂੰ ਬਾਰਾਤ ਦੇ ਆਉਣ ਦਾ ਪਤਾ ਲੱਗ ਗਿਆ ਸੀ।
ਮਿਲਣੀ ਮਗਰੋਂ ਬਰਾਤ ਵਾਪਿਸ ਡੇਰੇ (ਜੰਝ ਘਰ) ’ਤੇ ਆ ਗਈ ਸੀ।