

ਉਸ ਦੇ ਮਹੱਤਵ, ਰਿਸ਼ਤੇਦਾਰਾਂ ਦੇ ਨਾਂ ਤੇ ਵਿਹਾਂਦੜ ਜੋੜੀ ਨੂੰ ਸਫ਼ਲ ਗ੍ਰਹਿਸਥ ਜੀਵਨ ਗੁਜਾਰਨ ਦੇ ਕੁਝ ਫਾਰਮੂਲੇ ਸੁਝਾਏ ਗਏ ਸਨ। ਬਰਾਤੀਆਂ ਵਿਚੋਂ, ਜਿਸ ਦਾ ਵੀ ਨਾਂ ਸਿਹਰੇ ਵਿਚ ਪੁਕਾਰਿਆ ਜਾਂਦਾ, ਉਹ ਉਠ ਕੇ ਗਾਉਣ ਵਾਲੇ ਹੱਥ ਵਿਚ ਕੁਝ ਨੋਟ ਫੜਾ ਜਾਂਦਾ। ਇਸ ਤਰ੍ਹਾਂ ਧਿਆਨ ਦੀ ਮੁੱਠੀ ਨੋਟਾਂ ਨਾਲ ਭਰ ਗਈ ਸੀ। ਫਿਰ ਸ਼ਿਵ ਪਾਰਵਤੀ ਦੇ ਕਲੰਡਰ ਤੇ ਛਪਿਆ, ਉਹੀ ਸਿਹਰਾ ਬਰਾਤੀਆਂ ਤੇ ਲੜਕੀ ਵਾਲਿਆਂ ਨੂੰ ਵੰਡ ਦਿੱਤਾ ਗਿਆ ਸੀ। ਉਹ ਸਿਹਰਾ ਜਿਹੜਾ ਵਿਸ਼ੇਸ਼ ਤੌਰ ਤੇ ਸ਼ੀਸ਼ੇ ਵਿਚ ਮੜ੍ਹਾ ਕੇ ਲਿਆਂਦਾ ਗਿਆ ਸੀ। ਉਹ ਕੁਸਮ ਦੇ ਘਰ ਵਾਲਿਆਂ ਨੂੰ ਭੇਟ ਕੀਤਾ ਗਿਆ ਸੀ।
ਇਸ ਮਗਰੋਂ ਲੜਕੀ ਵਾਲਿਆਂ ਵੱਲੋਂ ਵੀ ਕੁਸਮ ਦੀ ਸਹੇਲੀ "ਨੀਲੂ" ਨੇ ਔਰਤਾਂ ਵਿਚਾਲੇ ਖੜ੍ਹੀ ਹੋ ਕੇ ਸਾਰਿਆਂ ਨੂੰ ਸੰਬੋਧਨ ਕਰਦਿਆਂ ਸਿੱਖਿਆ ਪੜ੍ਹਨੀ ਸ਼ੁਰੂ ਕੀਤੀ ਸੀ-
"ਲਿਖਣ ਲਗੀ ਮੈਂ ਸਿੱਖਿਆ ਜਿਸ ਵੇਲੇ
ਮੇਰਾ ਦਿਲ ਬੜਾ ਖ਼ਰਾਬ ਹੋਣ ਲੱਗਾ
ਹੱਥੀਂ ਕਲਮ ਨਾ ਚੱਲੇ, ਅੱਖੀਂ ਨੀਰ ਵੱਗੇ
ਮੇਰਾ ਕਾਲਜਾ ਮੂੰਹ ਨੂੰ ਆਣ ਲੱਗਾ
ਵਾਹ-ਵਾਹ ਪਰਮਾਤਮਾ ਤੇਰੀਆਂ ਕੁਦਰਤਾਂ ਨੇ
ਜਿਥੇ ਜੰਮੀਆਂ ਕਿੱਥੇ ਜਾਣ ਧੀਆਂ
ਜਿਸ ਨੂੰ ਚਾਹੇ ਪੱਲਾ ਫੜਾ ਦੋਵੋ
ਜਦੋਂ ਹੁੰਦੀਆਂ ਨੇ ਜਵਾਨ ਧੀਆਂ। ”
ਸਿੱਖਿਆ ਵਿਚ ਅੱਗੇ ਜਾ ਕੇ 'ਕੁਸਮ' ਨੂੰ ਸਹੁਰੇ ਘਰ ਜਾ ਕੇ ਆਪਣੀ ਸੱਸ, ਸਹੁਰੇ, ਤੇ ਪਤੀ ਨੂੰ ਪਰਮੇਸ਼ਵਰ ਮੰਨ ਕੇ ਉਨ੍ਹਾਂ ਦੀ ਸੇਵਾ ਨੂੰ ਹੀ ਪਰਮ- ਧਰਮ ਦੱਸਿਆ ਗਿਆ ਸੀ। ਉਨ੍ਹਾਂ ਦੇ ਹੁਕਮਾਂ ਦੀ ਪਾਲਣਾ, ਦੁੱਖ-ਸੁੱਖ ਵਿਚ ਸਾਥ ਦੇਣਾ, ਪਿਆਰ ਤੇ ਸਿਆਣਪ ਨਾਲ ਘਰ ਨੂੰ ਸੁਅਰਗ ਬਣਾਉਣ ਦੀ ਸਲਾਹ ਤੇ ਸਿੱਖਿਆ ਦਿੱਤੀ ਗਈ ਸੀ। ਬਾਬਲ ਦੇ ਘਰੋਂ ਡੋਲੀ ਤੇ ਸਹੁਰਿਆਂ ਘਰ ਅਰਥੀ ਉਠਣ ਦੀ ਪਰੰਪਰਾ ਦਾ ਅਹਿਸਾਸ ਕਰਾਇਆ ਗਿਆ ਸੀ ਤੇ ਅੱਗੇ-
"ਧੀਆਂ ਵਾਂਗ ਪਨੀਰੀ ਦੇ ਹੁੰ ਦੀਆਂ ਨੇ,
ਇਧਰੋਂ ਪੁੱਟ ਕੇ ਉਧਰ ਲਗਾ ਦੇਣਾ।
ਹੱਥੋਂ ਆਪਣੇ ਪਾਲ ਪੋਸ ਕੇ ਤੇ,
ਕਿਸੇ ਗੈਰ ਦੇ ਹੱਥ ਫੜਾ ਦੇਣਾ।"
'ਨੀਲੂ' ਹੁਣ ਤੁਕਾਂਤ ਵਿਚ ਸਿੱਖਿਆ ਪੜ੍ਹਦੀ ਪਈ ਸੀ। ਕੁੜੀ