

ਨਾਲ ਭਰ ਗਿਆ ਸੀ। ਔਰਤਾਂ ਨੇ ਡੁਸਕੀਆਂ ਭਰੇ ਗੱਚ ਨਾਲ ਬੋਲ ਬਦਲੇ....
ਬੋਲ ਮੇਰੀ ਰਣ-ਬਣ ਕੋਇਲੇ
ਰਣ-ਬਣ ਛੱਡ ਹੁਣ ਕਿੱਥੇ ਨੂੰ ਚੱਲੀਂ ਐਂ
ਬਾਬਲੇ ਨੇ ਮੇਰੇ ਵਚਨ ਕੀਤੇ
ਵਚਨਾ ਦੀ ਬੱਧੀ ਮੈਂ ਹੁਣ ਚੱਲੀ ਆਂ"
ਕੁਸਮ ਦਾ ਰੋਣਾ ਹੁਣ ਚੀਕਾਂ ਵਿਚ ਬਦਲ ਗਿਆ ਸੀ, ਰੋਂਦੀ ਕੁਰਲਾਉਂਦੀ, ਦਿਲ ਚੀਰਵੀਂ ਕੂਕਾਂ ਮਾਰਦੀ ਕੁਸਮ ਨੂੰ ਸਹੇਲੀਆਂ ਤੇ ਰਿਸ਼ਤੇਦਾਰ ਗਲ ਨਾਲ ਲਾ ਰਹੇ ਸਨ। ਉਧਰ ਬਾਜਦਾਰਾਂ ਨੇ ਵੀ ਇਸ ਮੌਕੇ 'ਤੇ ਬਜਾਈ ਜਾਣ ਵਾਲੀ ਉਦਾਸ ਧੁੰਨ ਛੇੜ ਦਿੱਤੀ ਸੀ....
"ਸਾਡਾ ਚਿੜੀਆਂ ਦਾ ਚੰਬਾ ਵੇ,
ਬਾਬੁਲ ਅਸਾਂ ਉਡ ਕੇ ਜਾਣਾ
ਸਾਡੀ ਲੰਮੀ ਉਡਾਰੀ ਵੇ,
ਪਤਾ ਨੀ ਕਿਹੜੇ ਦੇਸ਼ ਵੇ ਜਾਣਾ।"
ਬਹੁਤ ਕਰੁਣਾਮਈ ਦ੍ਰਿਸ਼ ਸੀ। ਕੁਸਮ ਆਪਣੀ ਮਾਂ, ਭੈਣ, ਕਦੇ ਪਿਓ ਤੇ ਭਰਾਵਾ ਦੇ ਗਲ ਲੱਗ ਕੇ ਵਿਲਕਦੀ ਪਈ ਸੀ। ਰੋਂਦੀਆਂ ਵਿਆਹੀਆਂ ਔਰਤਾਂ ਨੂੰ ਵੀ ਸ਼ਾਇਦ ਆਪਣੀ ਇਸ ਤਰ੍ਹਾਂ ਦੀ ਹੀ ਵਿਦਾਈ ਦਾ ਵੇਲਾ ਚੇਤੇ ਆ ਗਿਆ ਸੀ। ਗੌਰੀ ਤੇ ਉਸ ਦੀਆਂ ਹਮ ਉਮਰ ਸਹੇਲੀਆਂ ਦੀਆਂ ਅੱਖਾਂ 'ਚੋਂ ਵੀ ਅੱਥਰੂ ਵਗ ਰਹੇ ਸਨ। ਅੱਜ ਨਹੀਂ ਤਾਂ ਕੱਲ੍ਹ ਉਨ੍ਹਾਂ ਨੇ ਵੀ ਕੁਸਮ ਵਾਂਗ ਆਪਣੇ ਬਾਬਲ ਦਾ ਦੇਸ਼ ਛੱਡ ਕੇ ਪਰਾਏ ਦੇਸ਼ ਜਾਣਾ ਸੀ। ਭਿੱਜੀਆਂ ਅੱਖਾਂ ਤੇ ਭਰੇ ਗੋਚ ਵਾਲੀਆਂ ਔਰਤਾਂ ਨੇ ਵੀ ਬਾਜੇ ਦੀ ਧੁਨ ਨਾਲ ਤਰਜ਼ ਮਿਲਾ ਕੇ, ਭਿੱਜੇ ਬੋਲਾਂ ਨਾਲ ਵਾਤਾਵਰਣ ਨੂੰ ਹੋਰ ਵੀ ਬੋਝਲ ਬਣਾ ਦਿੱਤਾ ਸੀ....
"ਤੇਰੇ ਮਹਿਲਾਂ ਦੇ ਬਿਚ-ਵਿਚ ਵੇ,
ਬਾਬਲ ਡੋਲਾ ਨਹੀਓਂ ਲੰਘਦਾ
ਇਕ ਇੱਟ ਪੁੱਟ ਸੁੱਟਾਂਗਾ, ਧੀਏ ਘਰ ਜਾ ਅਪਣੇ
ਤੇਰੇ ਮਹਿਲਾਂ ਦੇ ਬਿਚ-ਵਿਚ ਵੇ,
ਬਾਬਲ ਮੇਰੀਆਂ ਗੁੱਡੀਆਂ ਰਹੀਆਂ,
ਗੁੱਡੀਆਂ ਸਹੀਆਂ ਨੂੰ ਦੇ ਦੇਵਾਂਗਾ, ਧੀਏ ਘਰ ਜਾ ਅਪਣੇ।
ਤੇਰੇ ਮਹਿਲਾਂ ਦੇ ਬਿਚ-ਬਿਚ ਵੇ, ਬਾਬਲ ਸਾਡੀ ਮਾਈ ਰੋਵੇ,
ਮਾਈ ਨੂੰ ਚੁੱਪ ਕਰਾ ਲਵਾਂਗੇ, ਧੀਏ ਘਰ ਜਾ ਅਪਣੇ