Back ArrowLogo
Info
Profile

ਚਿਹਰੇ ਉਦਾਸੇ ਹੋਏ ਸਨ। ਤਿੰਨ ਦਿਨਾਂ ਤੋਂ ਲੱਗੀ ਰੌਣਕ ਇਕਦਮ ਸੁਨਸਾਨ ਵਿਚ ਬਦਲ ਗਈ ਸੀ। ਹੁਣ ਸਾਮਾਨ ਸਮੇਟਣ ਦਾ ਕੰਮ ਸ਼ੁਰੂ ਹੋ ਗਿਆ ਸੀ। ਕੁਸਮ ਦੇ ਭਰਾਵਾਂ ਤੇ ਉਨ੍ਹਾਂ ਦੇ ਸਾਥੀਆਂ ਨੇ ਫਟਾਫਟ ਇਧਰ-ਉਧਰੋਂ ਇਕੱਠਾ ਕੀਤਾ ਸਾਮਾਨ ਮੋੜਣਾ ਸ਼ੁਰੂ ਕਰ ਦਿੱਤਾ ਸੀ। ਬਲਟੋਹੀਆਂ, ਪਰਾਤਾਂ, ਪਤੀਲੇ ਤੇ ਹੋਰ ਸਾਮਾਨ ਸਾਫ ਕੀਤੇ ਗਏ। ਵਿਹੜੇ 'ਚੋਂ ਤੋਰਣ ਤੇ ਬੇਦਾਂ ਹਟਾ ਦਿੱਤੀਆਂ ਗਈਆਂ ਸਨ। ਹਵਨ ਕੁੰਡ ਦਾ ਸਾਮਾਨ ਵਗਦੇ ਪਾਣੀ ਵਿਚ ਪ੍ਰਵਾਹ ਕਰਨ ਲਈ ਇਕ ਲੁਹਾਡੇ 'ਚ ਪਾ ਕੇ ਸਾਂਭ ਲਿਆ ਗਿਆ ਸੀ। ਇਧਰ-ਉਧਰ ਖਿਲਰਿਆ ਸਾਮਾਨ ਸਮੇਟਿਆ ਗਿਆ ਸੀ ਤੇ ਉਸ ਨੂੰ ਮੁੜ ਉਸ ਦੀ ਪੁਰਾਣੀ ਥਾਂ 'ਤੇ ਰੱਖ ਦਿੱਤਾ ਗਿਆ ਸੀ। ਇੰਜ ਸਾਮਾਨ ਸੰਭਾਲਦਿਆਂ ਸ਼ਾਮ ਹੋ ਗਈ ਸੀ। ਡੇਰੇ ਤੋਂ ਵੀ ਕਾਫੀ ਸਾਮਾਨ ਲੋਕਾਂ ਦੇ ਘਰ ਭਿਜਵਾਉਣ ਵਾਲਾ ਸੀ। ਟੈਂਕੀਆਂ, ਮੰਜੇ, ਬਿਸਤਰੇ ਉਨ੍ਹਾਂ ਘਰਾਂ ਨੂੰ ਪੂਜਾ ਦਿੱਤੇ ਗਏ ਸਨ ਜਿਥੋਂ ਲਿਆਂਦੇ ਗਏ ਸਨ। ਮੈਂ ਬਾਹਰਲਾ ਸਾਮਾਨ ਸਮੇਟਣ ਵਿਚ ਤੇ ਗੌਰੀ ਅੰਦਰਲਾ ਸਾਮਾਨ ਸਮੇਟਣ ਵਿਚ ਉਨ੍ਹਾਂ ਦੀ ਮਦਦ ਕਰ ਰਹੇ ਸੀ।

ਪਿਛਲੇ ਕਈ ਦਿਨਾਂ ਦੀ ਦੌੜ ਭੱਜ ਤੇ ਤਿੰਨਾਂ ਦਿਨਾਂ ਦੀ ਚਹਿਲ ਪਹਿਲ ਨਾਲ ਭਰਿਆ-ਭਰਿਆ ਘਰ ਹੁਣ ਖਾਲੀ-ਖਾਲੀ ਲੱਗਣ ਲੱਗ ਪਿਆ ਸੀ। ਕੁਸਮ ਦੇ ਪਿਤਾ ਇਕ ਪਾਸੇ ਉਦਾਸ ਅੱਖਾਂ ਨਾਲ ਘਰ ਦੀ ਹਰੇਕ ਚੀਜ਼ ਨੂੰ ਵੇਖ ਕੇ ਸ਼ਾਇਦ ਇੰਝ ਮਹਿਸੂਸ ਕਰਦੇ ਪਏ ਸਨ....

ਬਰਾਤ ਜਾਣ ਮਗਰੋਂ

ਜਿਸ ਤੋਂ ਜੋ ਲਿਆ ਸੀ

ਸਭ ਮੋੜ ਦਿੱਤਾ

ਘਰ ਦੀ ਹਰੇਕ ਚੀਜ ਨਿਕਲੀ ਸੀ

ਪੂਰੀ ਦੀ ਪੂਰੀ

ਸ਼ੁਕਰ ਹੈ ਕੁੱਝ ਗੁਆਚਾ ਨਹੀਂ

ਚੈਨ ਦਾ ਸਾਹ ਲੈਣ ਤੋਂ ਪਹਿਲਾਂ ਹੀ

ਉਸ ਨੂੰ ਸਾਰਾ ਘਰ

ਲੱਗਣ ਲੱਗਾ ਸੀ ਖਾਲੀ-ਖਾਲੀ

ਉਸ ਨੂੰ ਲੱਗ ਰਿਹਾ ਸੀ

'ਬੇਟੀ' ਵਿਦਾ ਕਰਕੇ

ਉਸ ਪਾਸ

ਕੁੱਝ ਵੀ ਨਹੀਂ ਬਚਿਆ ਹੈ।

ਘਰਾਂ 'ਚ ਦੀਵਿਆਂ ਦੀ ਰੋਸ਼ਨੀ ਟਿਮਟਿਮਾਉਣ ਲੱਗ ਪਈ ਸੀ। ਮੈਂ ਕੁਸਮ ਦੇ ਪਿਤਾ ਤੋਂ ਚੁਬਾਰੇ 'ਤੇ ਜਾਣ ਲਈ ਇਜ਼ਾਜਤ ਮੰਗੀ।

"ਪੁੱਤਰ ਪਿਆ ਰਹਿ ਇਥੇ ਹੀ, ਰਾਤ ਈ ਤਾਂ ਕੱਟਣੀ ਐ....।"

161 / 239
Previous
Next