

"ਨਹੀਂ ਪਲੀਜ ਹੁਣ ਮੈਨੂੰ ਜਾਣ ਦਿਓ, ਜੇ ਮੇਰੇ ਲਾਇਕ ਕੋਈ ਕੰਮ ਰਹਿੰਦਾ ਐ ਤਾਂ ਦੱਸ ਦਿਓ।"
"ਨਹੀਂ ਪੁੱਤਰ, ਤੁਸੀਂ ਸਾਰਿਆਂ ਨੇ ਰਲੀ-ਮਿਲੀ ਕੇ ਮੇਰੇ ਸਿਰੋਂ ਇਹ ਬੋਝ ਉਤਾਰੀ ਦਿੱਤਾ ਐ ਹੁਣ ਹੋਰ ਕੇ ਕੰਮ ਰਹੀ ਗਿਆ। ਜੀਉਂਦਾ ਰਹਿ ਪੁੱਤਰ। ਤੁਸੀਂ ਵੀ ਦਿਨ-ਰਾਤ ਨੱਠੀ ਭੱਜੀ ਕੇ ਬੱਕੀਗੇ ਹੋਣ, ਉਣ ਰੋਟੀ ਖਾਈ ਕੇ ਆਰਾਮ ਕਰੀ ਲੱਗੇ।" ਕਹਿੰਦਿਆਂ ਕੁਸਮ ਦੇ ਪਿਤਾ ਨੇ ਹਉਕਾ ਜਿਹਾ ਭਰਿਆ ਸੀ ਕੁਸਮ ਦੀ ਯਾਦ ਵਿਚ।
"ਨਹੀਂ ਜੀ, ਭੁੱਖ ਤਾਂ ਹੁਣ ਬਿਲਕੁਲ ਹਈ ਨੀ, ਜੀ ਬੱਸ ਮੇਂ ਚਲਦਾ ਜੀ।" ਕਹਿ ਕੇ ਮੈਂ ਉਨ੍ਹਾਂ ਦੇ ਚਰਣ ਸਪਰਸ਼ ਕੀਤੇ ਤੇ ਹੌਲੀ-ਹੌਲੀ ਘੱਟੀ ਉਤਰਨ ਲੱਗਾ। ਘੱਟੀ 'ਤੇ ਦਰਖ਼ਤਾਂ ਦੇ ਪੱਤਿਆਂ 'ਚੋਂ ਛਣ-ਛਣ ਕੇ ਆਉਂਦੀ ਚਾਨਣੀ ਵਿਚ ਮੈਨੂੰ ਇਕ ਪਰਛਾਵਾਂ ਖੜਤਾ ਨਜ਼ਰ ਆਇਆ। ਜਿਵੇਂ ਹੀ ਮੈਂ ਉਸ ਦੇ ਨੇੜੇ ਪੁੱਜਾ ਉਹ ਪਰਛਾਵਾਂ ਮੇਰੇ ਵੱਲ ਵਧਿਆ ਤੇ ਮੇਰੇ ਮੋਢੇ 'ਤੇ ਸਿਰ ਰੱਖ ਕੇ ਡੁਸਕਣ ਲੱਗ ਪਿਆ ਸੀ।
"ਗੋਰੀ ਤੂੰ ?" ਮੈਂ ਹੌਲੀ ਦੇਣੀ ਪੁੱਛਿਆ ਸੀ।
"ਆਹੋ, ਤੁਸਾਂ ਜੋ ਨਿਹਾਲਾ ਦੀ ਹੀ।” ਉਸ ਨੂੰ ਡੁਸਕਦਿਆਂ ਵੇਖ ਕੇ ਮੇਰਾ ਵੀ ਰੁੱਗ ਭਰ ਆਇਆ ਸੀ।
"ਸੁਦੇਣੇ, ਕਿਉਂ ਰੋਂਦੀ ਐਂ ।" ਮੈਂ ਉਸ ਦੇ ਅੱਥਰੂ ਪੂੰਝਦਿਆਂ ਪੁੱਛਿਆ ਸੀ।
"ਮੇਰੀ ਇਕੋ ਇੱਕ ਸਹੇਲੀ ਹੀ ਉਹ ਬੀ ਚਲੀ ਗਈ ਉਣ ਮੇਰਾ ਜੀ ਕੀਆਂ ਲਗਗ।"
"ਤੂੰ ਵੀ ਤਾਂ ਚਲੇ ਜਾਣਾ ਐ ਇੱਕ ਦਿਨ, ਇੰਜ ਹੀ ਡੋਲੀ 'ਚ ਬੈਠ ਕੇ ਪਰਾਏ ਘਰ ।"
"ਨੀ ਮੈਂ ਨੀ ਜਾਣਾ ਕੁਤੇ ਬੀ।"
"ਕੁਆਰੀ ਬੈਠੀ ਰਹੇਗੀ ਉਮਰ ਭਰ।"
"ਜਾਣਾ ਤਾਂ ਤੁਹਾਡੇ ਘਰ, ਨੀ ਤਾਂ ਕਿਤੇ ਬੀ ਨੀ ਜਾਣਾ।" ਗੋਰੀ ਨੇ ਦਿਲ ਦੀ ਗੱਲ ਜ਼ੁਬਾਨ 'ਤੇ ਲਿਆਉਂਦਿਆਂ ਕਿਹਾ ਸੀ। ਕਿਸੇ ਨੇ ਸੱਚ ਹੀ ਤਾਂ ਕਿਹਾ ਹੈ ਮਰਦ, ਔਰਤ ਵਿਚ ਆਪਣੀ ਪ੍ਰੇਮਕਾ ਤਲਾਸ਼ ਕਰਦਾ ਹੈ ਤੇ ਔਰਤ, ਮਰਦ ਵਿਚ ਆਪਣਾ ਪਤੀ।
"ਮਿਨੂੰ ਛੱਡ ਕੇ ਨਾ ਜਾਇਓ... ।" ਕਹਿੰਦਿਆਂ ਗੌਰੀ ਮੇਰੀਆਂ ਬਾਹਾ ਵਿਚ ਸਿਮਟ ਗਈ ਸੀ। ਅਸੀਂ ਕਿੰਨੀ ਹੀ ਦੇਰ ਬੁੱਤ ਬਣੇ ਖੜੋਤੇ ਰਹੇ ਸੀ, ਆਪਣੀ ਸ਼ੁੱਧ-ਬੁੱਧ ਗੁਆ ਕੇ। ਫਿਰ ਅਸੀਂ ਹੌਲੀ-ਹੌਲੀ ਗੋਹਰੇ 'ਚ ਅੱਗੇ ਵਧੇ ਸੀ। ਮੇਰਾ ਸਹਾਰਾ ਲਈ, ਮੇਰੇ ਮੋਢੇ 'ਤੇ ਸਿਰ ਟਿਕਾਈ ਆਪਣੇ ਘਰ ਦੇ ਫਲਟੋ ਲਾਗੇ ਆ ਕੇ ਉਸ ਨੇ ਮੇਰੇ ਕੰਨ ਵਿਚ ਹੌਲੀ ਦੇਣੀ ਕਿਹਾ ਸੀ, "ਮਿਨ ਬੀ ਆਪਣੇ ਨਾਲ ਲਈ ਜਾਗੋ ਨਾ, ਇਥੇ ਨੀ ਉਣ ਮੇਰਾ ਦਿਲ ਲਗਦਾ। ਧਿਆਨ ਤਾਂ ਹਰ ਬੇਲੇ ਤੁਹਾਡੇ ਬਿਚ ਈ ਰੇਂਦਾ ਏ।