

23. ਜੰਗਲ ਗਾਥਾ-1
ਉਸ ਦਿਨ ਮੈਂ ਬੂੰਦੀਆਂ ਦੇ ਮੁਹੱਲੇ ਦੇ ਮਰਦਮ-ਸ਼ੁਮਾਰੀ ਦੇ ਫਾਰਮ ਭਰਕੇ ਘੱਟੀ ਉਤਰਦਾ ਪਿਆ ਸੀ ਕਿ ਸਾਮਣਿਉਂ ਫੌਜੀ ਹੰਸ ਰਾਜ ਆਉਂਦਾ ਨਜ਼ਰੀ ਪਿਆ। ਕਾਫ਼ੀ ਬਿਰਧ ਹੋ ਚੁੱਕਿਆ ਸੀ ਉਹ। ਬਾਂਸ ਦੀ ਛੜੀ ਸਹਾਰੇ ਹੌਲੀ- ਹੌਲੀ ਚਲਦਾ ਪਿਆ ਸੀ। ਜਿਸ ਪਹਾੜੀ ਤੇ ਬੂੰਦੀਆਂ ਦਾ ਮੁਹੱਲਾ ਹੈ, ਉਸੇ ਪਹਾੜੀ ਤੇ ਅੱਗੇ ਜਾ ਕੇ ਸੰਘਣਾ ਜੰਗਲ ਹੈ, ਚੀਲ੍ਹਾ ਤੇ ਖੈਰਾਂ ਦਾ। ਇਹ ਜੰਗਲ ਵੀ ਆਮਦਨ ਦਾ ਸਾਧਨ ਹੈ, ਉਨ੍ਹਾਂ ਲੋਕਾਂ ਲਈ, ਜਿਨ੍ਹਾਂ ਦਾ ਇਨ੍ਹਾਂ ਤੇ ਕਬਜ਼ਾ ਹੈ। ਇਧਰ ਜੰਗਲੀ ਜਾਨਵਰਾਂ ਦੀ ਭਰਮਾਰ ਹੈ। ਹਾਲਾਂਕਿ ਇਥੋਂ ਸ਼ਿਕਾਰ ਤੇ ਲੱਕੜੀ ਦੇ ਕਟਾਨ ਤੇ ਬੰਦਿਸ਼ ਹੈ, ਕਨੂੰਨੀ ਜੁਰਮ ਹੈ। ਫਿਰ ਵੀ ਜੰਗਲ ਮਾਫ਼ੀਆ, ਚੋਰੀ ਛਿਪੇ, ਜੰਗਲਾਤ ਦੇ ਕਰਮਚਾਰੀਆਂ ਨਾਲ ਮਿਲੀ ਭੁਗਤ ਕਰਕੇ ਆਪਣੇ ਨਾਜਾਇਜ਼ ਕੰਮਾਂ ਨੂੰ ਅੰਜਾਮ ਦਿੰਦੇ ਹਨ। ਇਹ ਮਾਫ਼ੀਆ ਇੱਥੋਂ ਦੇ ਗਰੀਬ, ਘੱਟ ਪੜ੍ਹੇ-ਲਿਖੇ ਤੇ ਤੰਗਦਸਤ ਲੋਕਾਂ ਦਾ ਆਰਥਕ, ਮਾਨਸਿਕ ਤੇ ਸਰੀਰਕ ਸ਼ੋਸ਼ਣ ਕਰਨ ਵਿਚ ਲੱਗਾ ਹੋਇਆ ਹੈ।
ਫੌਜ 'ਚੋਂ ਪੈਨਸ਼ਨ ਆਉਂਦਿਆਂ ਹੀ ਹੰਸ ਰਾਜ ਨੇ ਪਹਿਲਾ ਕੰਮ ਜੰਗਲਾਤ ਮਹਿਕਮੇ ਤੇ ਮੁਕੱਦਮਾ ਠੋਕਣ ਦਾ ਕੀਤਾ ਸੀ। ਉਸ ਦੇ ਬਜ਼ੁਰਗਾਂ ਦਾ ਲਗਭਗ ਪੰਜ ਸੋ ਏਕੜ ਦਾ ਜੰਗਲ, ਵਣ ਵਿਭਾਗ ਨੇ ਜ਼ਬਤ ਕੀਤਾ ਹੋਇਆ ਸੀ। ਇਸ ਕੰਮ ਲਈ ਤਾਂ ਉਹ ਆਪਣੇ ਪਿਉ ਨੂੰ ਵੀ ਪ੍ਰੇਰਦਾ ਰਿਹਾ ਸੀ ਪਰ ਉਸ ਦੇ ਅਨਪੜ੍ਹ ਪਿਉ ਨੇ ਪਿੰਡ ਵਿਚ ਹੀ ਆਪਣੀ ਥੋੜ੍ਹੀ ਜਿਹੀ ਗੁਜ਼ਾਰੇ ਜੋਗੀ ਪਹਾੜੀ ਪਥਰੀਲੀ ਜ਼ਮੀਨ ਤੇ ਹੀ ਬੋਲਦਾਂ ਮਗਰ ਘੁੰਮ-ਘੁੰਮ ਕੇ ਆਪਣੀ ਜ਼ਿੰਦਗੀ ਦਾ ਸਫ਼ਰ ਖ਼ਤਮ ਕਰ ਲਿਆ ਸੀ। ਉਹ ਜਦੋਂ ਵੀ ਆਪਣੇ ਪਿਉ ਨੂੰ ਵਣ ਵਿਭਾਗ ਤੋਂ ਆਪਣੀ ਜ਼ਮੀਨ ਛੁੜਾਉਣ ਲਈ ਕਹਿੰਦਾ, ਤਾਂ ਉਸ ਦਾ ਪਿਉ ਜ਼ਿੰਦਗੀ ਦੇ ਡੂੰਘੇ ਅਨੁਭਵ ਨਾਲ ਗੜੁੱਚ ਸ਼ਬਦਾਂ ਵਿਚ ਕਹਿੰਦਾ, "ਭਾਊ, ਮੁਕੱਦਮਾ ਤੇ ਬਿਮਾਰੀ ਘਰ ਬਰਬਾਦ ਕਰੀ ਕੇ ਰੱਖੀ ਦਿੰਦੇ, ਮਿਨੂੰ ਈਆਂ ਦੀ ਮੂਰਖਤਾ ਕਰਨ ਲਈ ਨਾ ਗਲਾਇਆ ਕਰ।" ਪਰ ਫੌਜੀ ਹੰਸ ਰਾਜ ਅੱਖੜ ਸੁਭਾਅ ਦਾ ਸੀ। ਪਿਉ ਦੇ ਸਵਰਗ ਸਿਧਾਰਦਿਆਂ ਤੇ ਆਪ ਪੈਨਸ਼ਨ ਆਉਣ ਮਗਰੋਂ ਉਸਨੇ ਇਹ ਜੂਆ ਖੇਡ ਲਿਆ ਸੀ।
ਫੌਜੀ ਹੰਸ ਰਾਜ ਨੇ ਪੂਰੇ ਬਾਰਾਂ ਸਾਲ ਅਦਾਲਤਾਂ ਦੇ ਚੱਕਰ ਲਾਏ। ਕਚਿਹਰੀਆਂ 'ਚ ਰੁੱਖ ਬਣ ਕੇ ਖੜੋਤਾ ਰਿਹਾ। ਪਟਵਾਰੀਆਂ ਵਕੀਲਾਂ, ਮੁਨਸ਼ੀਆਂ ਦੀਆਂ ਜੇਬਾਂ ਭਰੀਆਂ। ਮਿਨਤਾਂ ਕੀਤੀਆਂ। ਗੱਲ ਇਹ ਕਿ ਪੈਨਸ਼ਨ ਆਉਣ ਸਮੇਂ ਮਿਲੀ, ਲਗਭਗ ਸਾਰੀ ਜਮ੍ਹਾਂ ਪੂੰਜੀ ਉਸ ਨੇ ਇਸ ਕੰਮ ਤੇ ਲਾ ਛੱਡੀ ਸੀ। ਧੁੱਪ, ਗਰਮੀ, ਬਰਸਾਤ, ਭੁੱਖ, ਤੇਹ, ਬਿਮਾਰੀ ਤੇ ਆਪਣੇ ਸੁਖਚੈਨ ਦੀ ਪਰਵਾਹ ਨਹੀਂ ਸੀ ਕੀਤੀ। ਬਹੁਤ ਹੀ ਤੰਗਹਾਲੀ ਦਾ ਸਮਾਂ ਵੀ ਗੁਜ਼ਾਰਿਆ, ਪਰ ਫੌਜੀ ਆਪਣੀ ਅੜੀ ਤੋਂ ਇਰਾਦੇ ਦਾ ਪੱਕਾ ਸੀ। ਉਸਨੇ ਹੌਸਲਾ ਨਹੀਂ ਹਾਰਿਆ। ਉਸਨੇ ਫੌਜਣ ਚਰਨੀ ਦੇ ਗਹਿਣੇ ਵੀ ਗਹਿਣੇ ਰੱਖ ਦਿੱਤੇ ਸਨ। ਉਹ ਪਤੀ