

ਹੰਸ ਰਾਜ ਦੇ ਸਿਰ ਚੜ੍ਹੇ ਜਨੂਨ ਤੋਂ ਡਾਢੀ ਦੁਖੀ ਤੇ ਪਰੇਸ਼ਾਨ ਸੀ। ਪਰ ਪੰਜ ਸੋ ਏਕੜ ਜੰਗਲ ਦੇ ਮਾਲਕ ਬਣਨ ਦੀ ਇੱਛਾ ਨੇ, ਫੌਜੀ ਦੀ ਆਸ ਦੀ ਕਿਰਨ ਬੁਝਣ ਨਹੀਂ ਸੀ ਦਿੱਤੀ।
ਆਖ਼ਿਰ ਫੌਜੀ ਦੀ ਦੀਵਾਨਗੀ ਨੇ ਰੰਗ ਬੰਨ੍ਹ ਦਿੱਤਾ ਸੀ। ਪੂਰੇ ਬਾਰ੍ਹਾਂ ਸਾਲ ਮਗਰੋਂ ਮਹਿਕਮੇ ਵਿਰੁੱਧ ਮੁਕੱਦਮਾ ਜਿੱਤ ਕੇ ਹੰਸ ਰਾਜ ਨੇ ਨਾ ਸਿਰਫ਼ ਇਕ ਇਤਿਹਾਸ ਸਿਰਜ ਦਿੱਤਾ ਸੀ, ਸਗੋਂ ਰਾਤੋ-ਰਾਤ ਉਸ ਇਲਾਕੇ ਦਾ ਸ਼ਾਹ ਬਣ ਗਿਆ ਸੀ। ਹਰ ਸਮੇਂ ਪਿੱਠ-ਪਿੱਛੇ ਉਸ ਦੀ ਨੁਕਤਾਚੀਨੀ ਤੇ ਵਿਰੋਧਤਾ ਕਰਨ ਵਾਲੇ ਹੁਣ ਉਸ ਦੀ ਤਾਰੀਫ਼ ਦੇ ਪੁਲ ਬੰਨ੍ਹਦੇ ਨਹੀਂ ਸਨ ਬਕਦੇ। ਵਧਾਈਆਂ ਦੇਣ ਵਾਲਿਆਂ ਨੇ ਤਾਂ ਉਸ ਦਾ ਵਿਹੜਾ ਹੀ ਨੀਵਾਂ ਕਰ ਛੱਡਿਆ ਸੀ।
ਦਰਅਸਲ ਇਨ੍ਹਾਂ ਪਹਾੜੀਆਂ ਤੇ ਫੈਲੇ ਸੰਘਣੇ ਜੰਗਲ ਦਾ ਮੁੱਲ ਹੀ ਇਨ੍ਹਾਂ ਵਿਚਲੇ ਖੈਰਾਂ ਤੇ ਚੀਲ੍ਹਾਂ ਦੇ ਰੁੱਖਾਂ ਕਰਕੇ ਵਧੇਰੇ ਸੀ। ਚੀਲ੍ਹਾਂ ਦੇ ਤਣਿਆ ਤੇ ਪੱਤੀ ਲਾ ਕੇ ਬਰੋਜਾ ਪ੍ਰਾਪਤ ਕੀਤਾ ਜਾਂਦਾ ਸੀ। ਇਹ ਦੂਰ-ਦੁਰਾਡੇ ਸਥਿਤ ਬਰੋਜਾ ਫੈਕਟਰੀਆਂ ਨੂੰ ਭੇਜ ਦਿੱਤਾ ਜਾਂਦਾ। ਇੱਥੇ ਬਰੋਜੇ ਤੋਂ ਪੇਟ ਤੇ ਹੋਰ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ। ਖੇਰਾਂ ਤੋਂ ਕੱਥਾ ਕੱਢਿਆ ਜਾਂਦਾ, ਜਿਹੜਾ ਪਾਨ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਦਵਾਈਆਂ ਦੇ ਕੰਮ ਆਉਂਦਾ। ਤੋਲਿਆਂ ਦੇ ਭਾਅ ਵਿਕਣ ਵਾਲੇ ਕੱਥੇ ਦੀ ਬਾਜ਼ਾਰ ਵਿਚ ਚੰਗੀ ਕੀਮਤ ਪੈ ਜਾਂਦੀ। ਇਨ੍ਹਾਂ ਤੋਂ ਇਲਾਵਾ ਜੰਗਲ ਵਿਚ ਅਰਜੇਣ, ਟਾਹਲੀ ਆਦਿ ਦੇ ਵੀ ਕੀਮਤੀ ਦਰੱਖਤ ਸਨ। ਬਾਲਣ ਦੇ ਰੂਪ ਵਿਚ ਇਸਤੇਮਾਲ ਹੋਣ ਵਾਲੇ ਛੋਟੇ ਮੋਟੇ ਕਾਂਗੂ, ਕੰਡੂ, ਗਰਨੇ, ਪਲਾਹ, ਬੇਰੀਆਂ, ਸਰੀਂਹ, ਨਿਆਰ ਆਦਿ ਦਾ ਤਾਂ ਕੋਈ ਅੰਤ ਹੀ ਨਹੀਂ ਸੀ। ਸੈਂਕੜੇ ਸਾਲ ਤੋਂ ਇਸ ਜੰਗਲ ਦੀ ਕਟਾਈ ਨਾ ਹੋਣ ਕਾਰਨ ਇੱਥੇ ਅਣਮੁੱਕ ਵਣ ਸੰਪੱਤੀ ਸੀ। ਹੁਣ ਇਸ ਦਾ ਮਾਲਕ ਫੌਜੀ ਹੰਸ ਰਾਜ ਸੀ। ਉਹ ਖ਼ੁਸ਼ੀ ਵਿਚ ਆਫਰਿਆ ਫਿਰਦਾ ਤੇ ਫੌਜਣ ਨੂੰ ਕਹਿੰਦਾ, "ਦਿੱਖੀ ਲੇਆ ਨਾ ਹਮਾਰਾ ਕਰਿਸ਼ਮਾ। ਇਨੂੰ ਗਲਾਦੇ ਨੇ ਮਿਹਨਤ ਮਤਲਬ ਯਾਨੀ ਕੇ ਹਾਰਡ ਵਰਕ।" ਕਈ ਵਰ੍ਹੇ ਫੌਜ ਵਿਚ ਨੌਕਰੀ ਕਰਨ ਕਰਕੇ ਫੌਜੀ ਹਿੰਦੀ, ਇੰਗਲਿਸ਼ ਮਿਕਸ ਪਹਾੜੀ ਬੋਲੀ ਬੋਲਦਾ। ਉਹ ਗੱਲ ਪਹਾੜੀ ਤੋਂ ਸ਼ੁਰੂ ਕਰਦਾ ਤੇ ਫਿਰ ਅਚਾਨਕ ਹਿੰਦੀ ਬੋਲਣ ਲਗਦਾ ਤੇ ਕਦੇ ਟੁੱਟੀ ਫੁੱਟੀ ਅੰਗਰੇਜ਼ੀ ਨੂੰ ਵੀ ਮੂੰਹ ਮਾਰਨ ਲਗਦਾ। ਪਰ ਸੀ ਦਿਲ ਦਾ ਸਾਫ਼, ਇਮਾਨਦਾਰ ਤੇ ਮਿਹਨਤੀ।
ਇਧਰ ਬਾਪੂ ਜਿਹੜੀ ਥੋੜ੍ਹੀ ਬਹੁਤ ਖੇਤੀ ਜੋਗ ਪਹਾੜੀ ਪਥਰੀਲੀ ਜ਼ਮੀਨ ਛੱਡ ਗਿਆ ਸੀ, ਉਸ ਤੇ ਭੁੱਲ ਭੁਲੇਖੇ ਜੋ ਇੰਦਰ ਦੇਵਤਾ ਦੀ ਮਿਹਰਬਾਨੀ ਹੋ ਜਾਂਦੀ ਤਾਂ ਖਾਣ ਜੋਗੇ ਚਾਰ ਦਾਣੇ ਹੋ ਜਾਂਦੇ ਵਰਨਾ ਬੋਲੇ ਜੇ ਰਾਮ ਜੀ ਹੁੰਦੀ। ਲੋਕ ਮਿਹਨਤ, ਮਜ਼ਦੂਰੀ ਕਰਨ ਲਈ ਤਰਾਈ ਦੇ ਇਲਾਕਿਆਂ ਵਿਚ ਨਿਕਲ ਜਾਂਦੇ। ਕੁਝ ਅੱਠ ਜਮਾਤਾਂ ਪੜ੍ਹ ਕੇ ਹੰਸ ਰਾਜ ਵਾਂਗ ਫੌਜ ਵਿਚ ਭਰਤੀ ਹੋ ਗਏ ਸਨ। ਕੁਝ ਇਹੋ ਜਿਹੇ ਹਾਲਤ ਵਿਚ ਚਾਰ ਸਿਆੜਾਂ ਤੇ ਛੋਟੇ- ਮੋਟੇ ਜੰਗਲ ਦੇ ਸਿਰ ਤੇ ਦਿਨ ਕਟੀ ਕਰ ਰਹੇ ਸਨ।