

24 ਜੰਗਲ ਗਾਥਾ-2
ਠੇਕੇਦਾਰ ਕੁੰਡਲੀ ਲੈ ਕੇ ਚਲਿਆ ਗਿਆ ਸੀ। ਫੌਜੀ ਰੱਬ ਦਾ ਲੱਖ- ਲੱਖ ਸ਼ੁਕਰੀਆ ਅਦਾ ਕਰ ਰਿਹਾ ਸੀ ਕਿ ਘਰ ਬੈਠੇ-ਬਿਠਾਇਆ ਬਾਲੂ ਲਈ ਰਿਸ਼ਤਾ ਲੱਭ ਗਿਆ ਸੀ। ਗੋਰੀ-ਚਿੱਟੀ ਤੇ ਜਵਾਨ ਬਾਲੂ ਨੇ ਚੋਰੀ-ਚੋਰੀ ਆਪਣੇ ਪਿਤਾ ਤੇ ਠੇਕੇਦਾਰ ਵਿਚਕਾਰ ਆਪਣੇ ਵਿਆਹ ਬਾਰੇ ਚਲਦਾ ਵਾਰਤਾਲਾਪ ਸੁਣ ਲਿਆ ਸੀ। ਫਿਰ ਮਾਂ ਤੇ ਪਿਤਾ ਨੂੰ ਇਸ ਬਾਰੇ ਸਲਾਹ ਮਸ਼ਵਰਾ ਕਰਦਿਆਂ ਵੇਖ ਸੁਣ ਕੇ ਉਸ ਦੇ ਮਨ ਵਿਚ ਵੀ ਖ਼ੁਸ਼ੀ ਦੇ ਲੱਡੂ ਫੁੱਟਣ ਲੱਗ ਪਏ ਸਨ। ਕੰਨਾਂ ਵਿਚ ਸ਼ਹਿਨਾਈਆਂ ਗੂੰਜਣ ਲੱਗ ਪਈਆਂ ਸਨ। ਚਰਨੀ ਫੌਜੀ ਨੂੰ ਸਮਝਾਉਂਦੀ ਪਈ ਸੀ, "ਉਆਂ ਤਾਂ ਤੁਸੀਂ ਜੋ ਬੀ ਕਰਨਾ ਹੈ ਉਹ ਠੀਕ ਈ ਹੋਗ। ਸੰਜੋਗ ਤਾਂ ਰੱਬੇ ਕੰਨੀ ਜੁੜੀ ਕੋ ਔਂਦੇ। ਫਿਰੀ ਬੀ ਮੈਂ ਗਲਾਨੀ ਆਂ, ਤੁਸਾਂ ਜੋ ਠੇਕੇਦਾਰੇ ਦੇ ਘਰੇ ਦੀ ਮਾੜੀ ਮੋਟੀ ਘੋਖ ਜ਼ਰੂਰ ਕਰੀ ਲੈਣੀ। ਤੁਸਾਂ ਜੋ ਲੋਕਾਂ ਤੇ ਅੱਖਾਂ ਬੀਟੀ ਕੇ ਝੋਟ ਬਿਸ਼ਵਾਸ ਕਰੀ ਲੈਂਦੇ ਓ। ਮਗਰੋਂ ਜੇ ਪਛਤਾਣਾ ਪਿਆ ਤਾਂ ਵਿਰੀ ਕੇ ਫੈਦਾ ਹੋਗ।"
"ਮੈਂ ਗਲਾਇਆ ਬਾਲੂਏ ਦੀ ਮਾਂ, ਤੂੰ ਤਾਂ ਉਆਂ ਈ ਫਿਕਰ ਕਰੀ ਜਾਨੀ ਐ। ਇਕਦਮ ਖਾਨਦਾਨੀ ਤੇ ਪੜ੍ਹੇ-ਲਿਖੇ ਲੋਕ ਨੇ। ਦਿੱਖਿਆ ਨੀ, ਕੀਆਂ ਮਿੰਨੂ ਭਾਈ ਸਾਬ੍ਹ, ਭਾਈ ਸਾਬ ਕਹਿੰਦੇ ਦੀ ਜ਼ੁਬਾਨ ਨਹੀਂ ਥੱਕਦੀ। ਨੀ ਤਾਂ ਉਹ ਕਿੱਥੇ, ਅਸੀਂ ਕਿੱਥੇ। ਉਹ ਠੇਕੇਦਾਰ ਈ ਨੀ, ਮਾਸਟਰ ਵੀ ਐ। ਪੜ੍ਹੇ-ਲਿਖੇ ਤੇ ਖਾਨਦਾਨੀ ਲੋਕ ਈਆਂ ਦੇ ਹੀ ਹੁੰਦੇ ਨੇ। ਮੈਂ ਵੀ ਦੁਨੀਆਂ ਦਿੱਖੀ ਐ ਬਾਲੂ ਦੀ ਮਾਂ, ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਫੌਜ ਵਿਚ ਰਹਿ ਕੇ।"
"ਮੇ ਕਦੋਂ ਗਲਾਨੀ ਆ ਕਿ ਤੁਸਾਂ ਜੋ ਦੁਨੀਆਂ ਨੀ ਦਿੱਖੀ। ਫਿਰੀ ਬੀ ਸਿਆਣੇ ਗਲਾਂਦੇ, ਸੋ ਠੱਗਾਂ ਦਾ ਇਕ ਠੱਗ ਠੇਕੇਦਾਰ ਹੁੰਦਾ। ਅਸਾਂ ਜੋ ਸਿੱਧੇ- ਸਾਦੇ, ਬੋਹਤ ਬਲ ਫਰੇਬ ਨੀ ਆਂਦੇ। ਜੀਆਂ ਦੇ ਅੰਦਰੋਂ ਆ ਉਆਂ ਦੇ ਈ ਬਾਹਰ। ਇਨ੍ਹਾਂ ਦੀਆਂ ਮਿੱਠੀਆਂ ਚੋਪੜੀਆਂ ਗੱਲਾਂ ਬਿੱਚ ਆਈ ਕੇ ਅਸਾਂ ਜੋ ਵਸੀ ਨਾ ਜਾਈਏ। ਸਾਡੀ ਬਾਲੂ ਦੀ ਜ਼ਿੰਦਗੀ ਕਿਤੇ ਬਰਬਾਦ ਈ ਨਾ ਹੋਈ ਜਾਵੇ। ਇਹ ਸ਼ਹਿਰੀਏ ਲੋਕ ਮਤੇ ਮਤਲਬਪ੍ਰਸਤ ਹੁੰਦੇ। ਮਤਲਬੇ ਲਈ ਮਿੱਠੇ ਪਿਆਰ ਬਣੀ ਜਾਂਦੇ। ਫਿਰੀ ਤੂੰ ਕੌਣ ਤੇ ਮੈਂ ਕੌਣ।" ਚਰਨੀ ਨੇ ਫੌਜੀ ਨੂੰ ਅਗਾਹ ਕੀਤਾ ਸੀ।
ਪਰ ਫੌਜੀ ਨੇ ਚਰਨੀ ਦੀ ਗੱਲ ਨੂੰ ਇਕ ਕੰਨ ਸੁਣ ਕੇ ਦੂਸਰੇ ਕੰਨੇ ਕੱਢ ਦਿੱਤਾ ਸੀ। ਉਸ ਦੀਆਂ ਅੱਖਾਂ ਤੇ ਤਾਂ ਖੇਰਾਂ ਦੇ ਜੰਗਲ ਤੋਂ ਹੋਣ ਵਾਲੀ ਆਮਦਨ ਦੀ ਪੱਟੀ ਜੋ ਬੱਝੀ ਹੋਈ ਸੀ। ਸੌਣ ਦੇ ਅੰਨ੍ਹੇ ਵਾਂਗ ਉਸ ਨੂੰ ਵੀ ਹਰ ਪਾਸੇ ਹਰਾ ਹੀ ਹਰਾ ਨਜ਼ਰ ਆ ਰਿਹਾ ਸੀ ਤੇ ਠੇਕੇਦਾਰ ਵੀ ਇਕ ਸੱਚਾ-ਸੁੱਚਾ ਨੇਕ ਤੇ ਖਾਨਦਾਨੀ ਬੰਦਾ।
ਠੇਕੇਦਾਰ ਕਸ਼ਮੀਰੀ ਹਾਤੋਂ ਦੀ ਫੌਜ ਹੀ ਲੈ ਆਇਆ ਸੀ। ਲੰਮੇ-ਲੰਮੇ ਗੋਡਿਆਂ ਤੋਂ ਹੇਠਾਂ ਤੱਕ ਫਿਰਨ ਪਾਈ। ਗੋਰੇ ਚਿੱਟੇ। ਮੋਢਿਆਂ ਤੇ ਕੁਹਾੜੇ ਤੇ