Back ArrowLogo
Info
Profile

ਰਿਸੀਵਰ ਫੋਨ 'ਤੇ ਰੱਖਦਿਆਂ ਸਾਰ ਹੀ, ਠੇਕੇਦਾਰ ਦੀ ਚਿਹਰੇ ਤੋਂ ਨਿਮਰਤਾ ਜਿਵੇਂ ਖੰਭ ਲਾ ਕੇ ਉਡ ਗਈ ਸੀ। ਉਸ ਨੇ ਫਿਰ ਚਿਹਰੇ ਤੇ ਸਖ਼ਤ ਤੇ ਬਿਗਾਨੇਪੁਣ ਦੇ ਭਾਵ ਲਿਆਉਂਦਿਆਂ ਕਿਹਾ ਸੀ, "ਫੌਜੀਆ, ਮੈਂ ਕਿਹਾ ਨਾ, ਇਸ ਸੌਦੇ ਵਿਚ ਮੈਨੂੰ ਨੁਕਸਾਨ ਹੀ ਨੁਕਸਾਨ ਹੋਇਆ ਹੈ, ਬਸ ਪੰਜ ਹਜ਼ਾਰ ਹੀ ਹੋਰ ਦੇ ਸਕਦਾ ਹਾਂ ਆਪਣੀ ਜੇਬ 'ਚੋਂ। ਇਕ ਪੇਸਾ ਵੀ ਹੋਰ ਨਹੀਂ।"

ਠੇਕੇਦਾਰ ਨੂੰ ਗਿਰਗਿਟ ਵਾਂਗ ਰੰਗ ਬਦਲਦਿਆਂ ਵੇਖ ਕੇ ਫੌਜੀ ਪਰੇਸ਼ਾਨ ਹੋ ਉਠਿਆ ਸੀ। ਉਸ ਨੂੰ ਚਰਨੀ ਵੱਲੋਂ ਵਾਰ-ਵਾਰ ਕਹੇ ਸ਼ਬਦ ਵਿਚ ਸੋ ਫੀਸਦੀ ਸੱਚਾਈ ਨਜ਼ਰ ਆਉਣ ਲੱਗ ਪਈ ਸੀ। ਉਸ ਨੂੰ ਆਪਣੇ ਸਾਰੇ ਸੁਪਨੇ ਚੂਰ-ਚੂਰ ਹੁੰਦੇ ਜਾਪੇ। ਉਸਨੇ ਤਾਂ ਖੈਰਾਂ ਦੀ ਆਸ ਵਿਚ ਰਿਟਾਇਰਮੈਂਟ ਤੇ ਮਿਲੀ ਸਾਰੀ ਰਾਸ਼ੀ ਅਦਾਲਤਾਂ ਦੇ ਮੂੰਹ ਵਿਚ ਝੋਕ ਦਿੱਤੀ ਸੀ। ਕਮਾਈ ਤਾਂ ਕੀ ਹੋਣੀ, ਉਹ ਖਰਚ ਵੀ ਨਹੀਂ ਸੀ ਮੁੜਿਆ। ਉਸਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਇਹ ਉਹੀ ਠੇਕੇਦਾਰ ਹੈ, ਜਿਹੜਾ ਕੁਝ ਦਿਨ ਪਹਿਲਾਂ ਭਾਈ ਸਾਬ੍ਹ, ਫੌਜੀ ਸਾਬ੍ਹ ਕਹਿੰਦਾ ਉਸ ਦੇ ਪੈਰ ਚੁੰਮਦਾ ਸੀ।

ਇਸ ਤੋਂ ਪਹਿਲਾਂ ਕਿ ਫੌਜੀ ਬਾਲੂ ਦੇ ਰਿਸ਼ਤੇ ਦੀ ਕੋਈ ਗੱਲ ਕਰਦਾ ਠੇਕੇਦਾਰ ਆਪ ਹੀ ਹਿਕਾਰਤ ਘੁਲੀ ਸੁਰ ਵਿਚ ਬੋਲਿਆ ਸੀ, "ਹਾਂ ਇਕ ਹੋਰ ਗੱਲ ਫੌਜੀਆ, ਮੇਰਾ ਸਾਲਾ ਨੌਕਰੀ ਲੱਗੀ ਕੁੜੀ ਭਾਲਦਾ ਐ ਉਹ ਇਸ ਬੈਕਵਰਡ ਇਲਾਕੇ ਲਈ ਰਾਜ਼ੀ ਨਹੀਂ ਹੋ ਰਿਹਾ।"

ਫੌਜ ਦਾ ਸਖ਼ਤ ਅਨੁਸ਼ਾਸਨ ਤੇ ਈਮਾਨਦਾਰੀ ਫੌਜੀ ਦੀ ਨਸ-ਨਸ ਵਿਚ ਵਸੀ ਹੋਈ ਸੀ। ਉਹ ਸਾਰਿਆਂ ਨੂੰ ਆਪਣੇ ਵਰਗਾ ਹੀ ਸਮਝਦਾ ਸੀ। ਉਸ ਨੇ ਆਪਣੀ ਜ਼ਿੰਦਗੀ ਵਿਚ ਸ਼ਾਇਦ ਪਹਿਲੀ ਵਾਰੀ ਇੰਨਾ ਪਖੰਡੀ, ਨਾਟਕਬਾਜ਼, ਬਿਸ਼ਰਮ ਤੇ ਆਪਣੀ ਜ਼ੁਬਾਨ ਤੋਂ ਮੁਕਰਨ ਵਾਲਾ ਆਦਮੀ ਵੇਖਿਆ ਸੀ। ਸਫੇਦ ਦਿਨ ਬੇਈਮਾਨੀ। ਉਸ ਰੋਮ-ਰੋਮ ਨਫਰਤ ਤੇ ਗੁੱਸੇ ਨਾਲ ਭੜਕ ਉੱਠਿਆ ਸੀ।

"ਮੈਂ ਗਲਾਨਾ ਠੇਕੇਦਾਰ ਜੀ, ਬੰਦੇ ਦੀ ਕੋਈ ਜ਼ੁਬਾਨ ਹੁੰਦੀ ਐ। ਤੁਸਾਂ ਜੋ ਆਪਣੀ ਜ਼ੁਬਾਨ ਤੋਂ ਮਤ ਮੁਕਰੋ।"

"ਜ਼ੁਬਾਨ ਹੀ ਤਾਂ ਨਿਭਾ ਰਿਹਾ ਹਾਂ। ਕੋਈ ਹੋਰ ਹੁੰਦਾ ਤਾਂ ਇਨੇ ਵੀ ਨਾ ਦਿੰਦਾ। ਇਕਰਾਰਨਾਮੇ ਮੁਤਾਬਿਕ ਮੇਂ ਸਾਰੀ ਪੇਮੈਂਟ ਕਰ ਦਿੱਤੀ ਹੋਈ ਹੈ। ਸਮਝਿਆ। ਇਹ ਰਕਮ ਤਾਂ ਤੈਨੂੰ ਰੁੰਗ ਵਿਚ ਦੇ ਰਿਹਾ ਹਾਂ।"

"ਮੈਨੂੰ ਨੀ ਚਾਹੀਦਾ ਕੋਈ ਰੁੰਗਾ। ਮੈਂ ਕੋਈ ਮੰਗਤਾ ਨਹੀਂ। ਆਪਣਾ ਹੱਕ ਮੰਗ ਰਿਹਾ ਹਾਂ। ਇਸ ਨੂੰ ਬੀ ਰਖ ਲੈ ਧੋਖੇਬਾਜ।" ਫੌਜੀ ਗੁੱਸੇ ਨਾਲ ਕੰਬਣ ਲੱਗ ਪਿਆ ਸੀ।

"ਓਏ ਫੌਜੀਆ, ਜ਼ਰਾ ਨੀਵੀਂ ਆਵਾਜ਼ ਵਿਚ ਗੱਲ ਕਰ, ਇਹ ਮੇਰਾ ਘਰ ਐ।" ਠੇਕੇਦਾਰ ਘੁਰਕਿਆ ਸੀ।

"ਨਾ ਕੇ ਕਰੀ ਲੰਗਾਂ ਤੂੰ ਮੇਰਾ। ਸਾਰਾ ਤਾਂ ਲੁੱਟੀ ਪੁੱਟੀ ਲਿਆ ਤੂੰ ।" ਫੌਜੀ ਨੇ ਵੀ ਠੇਕੇਦਾਰ ਨੂੰ ਉਸੇ ਟੋਨ ਵਿਚ ਜਵਾਬ ਦਿੱਤਾ ਸੀ।

177 / 239
Previous
Next